ਖ਼ਾਲਸਾ ਕਾਲਜ ਦੇ ਪ੍ਰਿੰਸੀਪਲ ਦੇ ਘਰੋਂ ਸਤਿਕਾਰ ਕਮੇਟੀ ਨੇ ਚੁੱਕੀ ਬੀੜ, ਅਕਾਲ ਤਖ਼ਤ ਨੂੰ ਸ਼ਿਕਾਇਤ

0
10434

ਨਰਿੰਦਰ ਕੁਮਾਰ | ਜਲੰਧਰ

ਇਕ ਸਾਬਕਾ ਪ੍ਰਿੰਸੀਪਲ ਦੇ ਘਰੋਂ ਸਤਿਕਾਰ ਕਮੇਟੀ ਦੇ ਮੈਂਬਰਾਂ ਵਲੋਂ ਧੱਕੇ ਨਾਲ ਬੀੜ ਸਾਹਿਬ ਨੂੰ ਚੁੱਕਣ ਦਾ ਮਾਮਲਾ ਸਾਹਮਣੇ ਆਇਆ ਹੈ।

ਹੁਸ਼ਿਆਰਪੁਰ ਦੇ ਪਿੰਡ ਬਸੀ ਜਲਾਲ ਦੇ ਰਹਿਣ ਵਾਲੇ 78 ਸਾਲਾਂ ਅੰਮ੍ਰਿਤਧਾਰੀ ਜਸਵੰਤ ਸਿੰਘ ਨੇ ਦੱਸਿਆ ਕਿ ਐਤਵਾਰ ਨੂੰ ਦੋ ਗੱਡੀਆਂ ਵਿੱਚ ਕਰੀਬ 30 ਹਥਿਆਰਬੰਦ ਬੰਦੇ ਮੇਰੇ ਘਰ ਆਏ। ਉਹਨਾਂ ਨੇ ਖੁਦ ਨੂੰ ਗੁਰੂ ਗ੍ਰੰਥ ਸਾਹਿਬ ਸਤਿਕਾਰ ਕਮੇਟੀ ਦੇ ਮੈਂਬਰ ਦੱਸਦਿਆਂ, ਮੈਨੂੰ ਪੁੱਛਿਆ ਕਿ ਆਂਡਾ-ਮੀਟ ਖਾਂਦੇ ਹੋ, ਮੈਂ ਉਹਨਾਂ ਨੂੰ ਕਿਹਾ ਕਿ ਕਦੀ-ਕਦੀ ਜਦੋਂ ਕਦੇ ਮੇਰਾ ਬੇਟਾ ਵਿਦੇਸ਼ ‘ਚੋਂ ਆਉਂਦਾ ਹੈ ਤਾਂ ਉਦੋਂ ਕਦੇ।

ਪੰਜਾਬੀ ਬੁਲੇਟਿਨ ਨਾਲ ਗੱਲ ਕਰਦਿਆਂ ਜਸਵੰਤ ਸਿੰਘ ਸੰਧੂ ਨੇ ਦੱਸਿਆ ਕਿ 1976 ਤੋਂ ਮੇਰੇ ਘਰ ਗੁਰੂ ਸਾਹਿਬ ਦਾ ਪ੍ਰਕਾਸ਼ ਹੈ। ਮੈਂ ਗੜਦੀਵਾਲ ਦੇ ਐਸਜੀਪੀਸੀ ਦੇ ਕਾਲਜ ਵਿਚ ਪੜ੍ਹਾਇਆ ਹੈ। ਇਸ ਤੋੋਂ ਇਲਾਵਾ ਗੜ੍ਹਸ਼ੰਕਰ ਦੇ ਖ਼ਾਲਸਾ ਕਾਲਜ ਦਾ ਪ੍ਰਿੰਸੀਪਲ ਵੀ ਰਿਹਾ ਹੈ।

ਗੜ੍ਹਸ਼ੰਕਰ ਤੇ ਗੜ੍ਹਦੀਵਾਲਾ ਵਿਚ ਖਾਲਸਾ ਕਾਲਜ ਦਾ ਪ੍ਰਿੰਸੀਪਲ ਵੀ ਰਹਿ ਚੁੱਕਾ ਹਾਂ। ਜਸਵੰਤ ਸਿੰਘ ਅੱਗੇ ਦੱਸਦੇ ਹਨ ਕਿ ਜਦੋਂ ਮੈਂ ਕਿਹਾ ਕਿ ਸਿੱਖ ਨੂੰ ਆਂਡਾ ਮੀਟ ਖਾਣ ਦੀ ਮਨਾਹੀ ਨਹੀਂ ਹੈ, ਇਹ ਕਈ ਜਗ੍ਹਾ ਲਿਖਿਆ ਹੈ, ਮੇਰੇ ਇਸ ਜਵਾਬ ‘ਤੇ ਉਨ੍ਹਾਂ ਨੇ ਮੈਨੂੰ ਝਿੜਕਿਆ ਤੇ ਕਿਹਾ ਕਿ ਅਸੀਂ ਬੀੜ ਸਾਹਿਬ ਲਿਜਾ ਰਹੇ ਹਾਂ। ਮੈਂ ਉਸ ਵਕਤ ਹੱਥ ਜੋੜੇ ਪਰ ਉਨ੍ਹਾਂ ਮੇਰੀ ਇੱਕ ਨਾ ਮੰਨੀ। ਮੈਂ ਇਹ ਵੀ ਦੱਸਿਆ ਕਿ ਮੈਂ ਗੁਰਬਾਣੀ ਦਾ ਪ੍ਰਚਾਰ ਤੇ ਗੁਰਬਾਣੀ ਬਾਰੇ ਕਈ ਲੇਖ ਵੀ ਲਿਖ ਚੁੱਕਾ ਹਾਂ, ਉਮਰ ਦੇ ਇਸ ਪੜਾਅ ‘ਤੇ ਮੇਰੇ ਨਾਲ ਅਜਿਹਾ ਨਾ ਕਰੋ। ਉਨ੍ਹਾਂ ਮੇਰੀ ਇੱਕ ਨਾ ਮੰਨੀ ਤੇ ਉਹ ਬੀੜ ਸਾਹਿਬ ਲੈ ਗਏ। ਜਸਵੰਤ ਸਿੰਘ ਨੇ ਕਿਹਾ ਕਿ ਇਸ ਮਸਲੇ ਬਾਰੇ ਮੈਂ ਅਕਾਲ ਤਖ਼ਤ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੂੰ ਸ਼ਿਕਾਇਤ ਕਰ ਚੁੱਕਾ ਹਾਂ।

ਅਸੀਂ ਜੋ ਕੀਤਾ ਉਹ ਬਿਲਕੁਲ ਸਹੀ ਹੈ – ਬਲਬੀਰ ਸਿੰਘ ਮੁੱਛਲ

ਸਤਿਕਾਰ ਕਮੇਟੀ ਦੇ ਪ੍ਰਧਾਨ ਬਲਵੀਰ ਸਿੰਘ ਮੁੱਛਲ ਨੇ ਕਿਹਾ ਕਿ ਅਸੀਂ ਜੋ ਕੀਤਾ ਉਹ ਬਿਲਕੁਲ ਠੀਕ ਹੈ, ਕਿਉਂਕਿ ਗੁਰੂ ਸਾਹਿਬ ਸਾਨੂੰ ਆਂਡਾ ਮੀਟ ਖਾਣ ਦੀ ਮਨਾਹੀ ਕਰਦੇ ਹਨ। ਜਦ ਉਨ੍ਹਾਂ ਨੂੰ ਇਹ ਪੁੱਛਿਆ ਗਿਆ ਕਿ ਕਈ ਨਿਹੰਗ ਸਿੰਘ ਵੀ ਮੀਟ ਦਾ ਸੇਵਨ ਕਰਦੇ ਹਨ ਉਨ੍ਹਾਂ ਨੂੰ ਰੋਕਿਆ ਜਾਂਦਾ ਹੈ ਤਾਂ ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਵੀ ਜ਼ਰੂਰ ਰੋਕਾਂਗੇ ਤੇ ਰੋਕਦੇ ਵੀ ਰਹੇ ਹਾਂ।

ਸਤਿਕਾਰ ਕਮੇਟੀ ਵਾਲੇ ਥਾਣੇਦਾਰ ਨਹੀਂ – ਬੀਬੀ ਕਿਰਨਜੋਤ ਕੌਰ

ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਜਨਰਲ ਸਕੱਤਰ ਤੇ ਸੀਨੀਅਰ ਮੈਂਬਰ ਬੀਬੀ ਕਿਰਨਜੋਤ ਕੌਰ ਦਾ ਇਸ ਮਸਲੇ ‘ਤੇ ਕਹਿਣਾ ਹੈ ਕਿ, ਕੀ ਸਤਿਕਾਰ ਕਮੇਟੀ ਵਾਲੇ ਥਾਣੇਦਾਰ ਲੱਗੇ ਹਨ। ਇੱਕ ਗੁਰੂ ਦੇ ਸਿੱਖ ਨੂੰ ਗੁਰੂ ਨਾਲੋਂ ਅਲੱਗ ਕਰਨ ਦਾ ਕਿਸੇ ਨੂੰ ਵੀ ਅਧਿਕਾਰ ਨਹੀਂ । ਜੇਕਰ ਗੱਲ ਮਾਸ ਖਾਣ ਦੀ ਕੀਤੀ ਜਾਵੇ ਤਾਂ ਸਿੱਖ ਧਰਮ ਚ ਹਲਾਲ ਨੂੰ ਮਨ੍ਹਾ ਕੀਤਾ ਗਿਆ ਹੈ, ਮੀਟ ਖਾਣ ਦੀ ਮਨਾਹੀ ਨਹੀਂ ਹੈ। ਉਨ੍ਹਾਂ ਕਿਹਾ ਕਿ ਇਹੋ ਜਿਹੀਆਂ ਕਮੇਟੀਆਂ ਦਾ ਕੋਈ ਵਜੂਦ ਨਹੀਂ ਕਿਉਂਕਿ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਨੇ ਸਿੱਖ ਤੇ ਗੁਰੂ ਦੇ ਵਿੱਚ ਵਿਚੋਲਾ ਖ਼ਤਮ ਕਰ ਦਿੱਤਾ। ਇਹ ਕੌਣ ਨਵੇਂ ਆ ਗਏ ਨੇ ਜੋ ਸਿੱਖ ਅਤੇ ਗੁਰੂ ਨੂੰ ਅਲੱਗ ਕਰਨਗੇ।