ਨਵਾਂਸ਼ਹਿਰ | ਇਥੋਂ ਇਕ ਮੰਦਭਾਗੀ ਖਬਰ ਸਾਹਮਣੇ ਆਈ ਹੈ। ਪਿੰਡ ਨਾਈ ਮਜਾਰਾ ਵਿਖੇ ਟਰੱਕ, ਕਾਰ ਤੇ ਮੋਟਰਸਾਈਕਲ ਦੀ ਟੱਕਰ ਵਿਚ ਇਕ ਔਰਤ ਸਮੇਤ ਤਿੰਨ ਵਿਅਕਤੀਆਂ ਦੀ ਮੌਤ ਹੋ ਗਈ। ਇਸ ਹਾਦਸੇ ਵਿਚ 2 ਲੋਕ ਗੰਭੀਰ ਜ਼ਖਮੀ ਹੋ ਗਏ। ਲੋਕਾਂ ਨੇ ਦੱਸਿਆ ਕਿ ਮੋਟਰਸਾਈਕਲ ’ਤੇ ਸਵਾਰ 2 ਪ੍ਰਵਾਸੀ ਮਜ਼ਦੂਰ ਜਾਡਲਾ ਤੋਂ ਪਿੰਡ ਨਾਈ ਮਜਾਰਾ ਵੱਲ ਗਲਤ ਸਾਈਡ ’ਤੇ ਆ ਰਹੇ ਸਨ, ਜਦੋਂ ਉਹ ਬੱਸ ਸਟੈਂਡ ਨਾਈ ਮਜਾਰਾ ਨੇੜੇ ਪਹੁੰਚੇ ਤਾਂ ਉਥੇ ਟਰੱਕ ਨੂੰ ਓਵਰਟੇਕ ਕਰਨ ਲੱਗੇ ਤਾਂ ਨਵਾਂਸ਼ਹਿਰ ਪਾਸੇ ਤੋਂ ਆ ਰਹੀ ਕਾਰ ਨਾਲ ਸਿੱਧੀ ਟੱਕਰ ਹੋ ਗਈ। ਟੱਕਰ ਹੋਣ ਤੋਂ ਬਾਅਦ ਕਾਰ ਦਾ ਸੰਤੁਲਨ ਵਿਗੜ ਗਿਆ ਤੇ ਕਾਰ ਖੜ੍ਹੇ ਟਰੱਕ ਦੇ ਪਿੱਛੇ ਜਾ ਟਕਰਾਈ।
ਲੋਕਾਂ ਨੇ ਦੱਸਿਆ ਕਿ ਟੱਕਰ ਉਪਰੰਤ ਕਾਰ ਚਾਲਕ ਅਤੇ ਉਸ ਨਾਲ ਬੈਠੀ ਔਰਤ ਜੋ ਉਸ ਦੀ ਪਤਨੀ ਸੀ, ਦੀ ਮੌਕੇ ’ਤੇ ਮੌਤ ਹੋ ਗਈ। ਕਾਰ ਵਿਚ ਇਕ ਹੋਰ ਔਰਤ ਜੋ ਪਿਛਲੀ ਸੀਟ ’ਤੇ ਬੈਠੀ ਸੀ, ਵੀ ਜ਼ਖਮੀ ਹੋ ਗਈ। ਮੋਟਰਸਾਈਕਲ ਸਵਾਰ ਪ੍ਰਵਾਸੀ ਮਜ਼ਦੂਰ ’ਚੋਂ ਇਕ ਦੀ ਮੌਤ ਹੋ ਗਈ ਤੇ ਦੂਸਰਾ ਗੰਭੀਰ ਜ਼ਖਮੀ ਹੋ ਗਿਆ। ਦੱਸਿਆ ਜਾ ਰਿਹਾ ਹੈ ਕਿ ਹਾਦਸੇ ਵਿਚ ਔਰਤ ਅਤੇ ਪ੍ਰਵਾਸੀ ਮਜ਼ਦੂਰ ਗੰਭੀਰ ਜ਼ਖਮੀ ਹੋਏ ਹਨ। ਜ਼ਖਮੀਆਂ ਨੂੰ ਇਲਾਜ ਲਈ ਨਵਾਂਸ਼ਹਿਰ ਦੇ ਹਸਪਤਾਲ ਵਿਖੇ ਭੇਜ ਦਿੱਤਾ ਗਿਆ।