ਬਾਈਕ ਸਵਾਰਾਂ ਨੇ ਸਕੂਲ ਬਾਹਰੋਂ 10ਵੀਂ ਦਾ ਵਿਦਿਆਰਥੀ ਕੀਤਾ ਅਗਵਾ, ਕੁੱਟਮਾਰ ਕਰਕੇ ਥਾਣੇ ਮੂਹਰੇ ਸੁੱਟਿਆ

0
452

ਲੁਧਿਆਣਾ| ਪੁਰਾਣੀ ਰੰਜਿਸ਼ ਦੇ ਚਲਦਿਆਂ 18 ਕਿਡਨੈਪਰਾਂ ਨੇ ਸਕੂਲ ਦੇ ਬਾਹਰੋਂ ਦਸਵੀਂ ਦਾ ਵਿਦਿਆਰਥੀ ਅਗ਼ਵਾ ਕਰ ਲਿਆ। ਮੁਲਜ਼ਮ 15 ਵਰ੍ਹਿਆਂ ਦੇ ਲੜਕੇ ਨੂੰ ਅਗਵਾ ਕਰ ਕੇ ਵਿਰਾਨ ਥਾਂ ਤੇ ਲੈ ਗਏ ਅਤੇ ਉਸ ਨੂੰ ਤਸੀਹੇ ਦੇਣ ਲੱਗ ਪਏ।

ਬੱਚੇ ਦੇ ਪਰਿਵਾਰਕ ਮੈਂਬਰਾਂ ਨੇ ਜਿਸ ਤਰਾਂ ਹੀ ਪੁਲਿਸ ਅਤੇ ਮੁਲਾਜ਼ਮਾਂ ਚੋਂ ਇਕ ਦੇ ਪਰਿਵਾਰ ਨਾਲ ਸੰਪਰਕ ਕੀਤਾ ਤਾਂ ਬੁਰੀ ਤਰ੍ਹਾਂ ਘਬਰਾਏ ਕਿਡਨੈਪਰਾਂ ਨੇ ਆਈ20 ਕਾਰ ਵਿਚ ਬਿਠਾ ਕੇ ਬੱਚੇ ਨੂੰ ਚੌਂਕੀ ਦੇ ਬਾਹਰ ਛੱਡ ਦਿੱਤਾ। ਇਸ ਮਾਮਲੇ ਵਿਚ ਥਾਣਾ ਡਵੀਜ਼ਨ ਨੰਬਰ 8 ਦੀ ਪੁਲਿਸ ਨੇ ਲੀਸਾ ਮਾਰਕੀਟ ਨਿਊ ਕੁੰਦਨਪੁਰੀ ਦੇ ਵਾਸੀ ਲਲਿਤ ਕੁਮਾਰ ਦੀ ਸ਼ਿਕਾਇਤ ਤੇ 18 ਮੁਲਜ਼ਮਾਂ ਦੇ ਖ਼ਿਲਾਫ਼ ਮੁਕਦਮਾ ਦਰਜ ਕਰ ਲਿਆ ਹੈ।

ਜਾਣਕਾਰੀ ਦਿੰਦਿਆਂ ਦਸਵੀਂ ਜਮਾਤ ਦੇ ਵਿਦਿਆਰਥੀਆਂ ਕਾਰਤਿਕ(15) ਦੇ ਦਾਦਾ ਰਾਮ ਲਾਲ ਨੇ ਦੱਸਿਆ ਕਿ ਉਨ੍ਹਾਂ ਦਾ ਪੋਤਾ ਉਪਕਾਰ ਨਗਰ ਦੇ ਧੀਰ ਮਾਡਲ ਸਕੂਲ ਵਿੱਚ ਦਸਵੀਂ ਜਮਾਤ ਦੀ ਪੜ੍ਹਾਈ ਕਰਦਾ ਹੈ। ਰਾਮ ਲਾਲ ਨੇ ਦੱਸਿਆ ਕਿ ਕੁਝ ਸਮਾਂ ਪਹਿਲਾਂ ਇਲਾਕੇ ਦੀਆਂ ਦੋ ਧਿਰਾਂ ਵਿਚਕਾਰ ਝਗੜਾ ਹੋਇਆ ਸੀ। ਉਸ ਝਗੜੇ ਤੋਂ ਬਾਅਦ ਮੁਲਜ਼ਮ ਬਿਨਾਂ ਕਿਸੇ ਕਾਰਨ ਉਨ੍ਹਾਂ ਦੇ ਪੋਤੇ ਨਾਲ ਰੰਜਸ਼ ਰੱਖਣ ਲੱਗ ਪਏ।

1 ਮਈ ਨੂੰ ਦੁਪਹਿਰ ਡੇਢ ਵਜੇ ਦੇ ਕਰੀਬ ਉਨ੍ਹਾਂ ਦਾ ਪੋਤਾ ਜਿਸ ਤਰ੍ਹਾਂ ਹੀ ਸਕੂਲ ‘ਚੋਂ ਬਾਹਰ ਆਇਆ ਤਾਂ ਮੋਟਰਸਾਈਕਲਾਂ ‘ਤੇ ਸਵਾਰ ਹੋ ਕੇ ਆਏ ਮੁਲਜ਼ਮਾਂ ਨੇ ਕਾਰਤਿਕ ਨੂੰ ਅਗਵਾ ਕਰ ਲਿਆ। ਮੁਲਜ਼ਮਾਂ ਨੇ ਉਸ ਦੀਆਂ ਅੱਖਾਂ ‘ਤੇ ਪੱਟੀ ਬੰਨ੍ਹੀਂ ਅਤੇ ਸ਼ਹਿਰ ਦੇ ਵੱਖ-ਵੱਖ ਇਲਾਕਿਆਂ ਵਿਚ ਘੁਮਾਉਂਦੇ ਰਹੇ। ਰਾਮ ਲਾਲ ਨੇ ਦੱਸਿਆ ਕਿ ਮੁਲਜ਼ਮਾਂ ਨੇ ਕਾਰਤਿਕ ਨੂੰ ਬਹੁਤ ਤਸੀਹੇ ਦਿੱਤੇ।

ਉਧਰ ਇਸ ਮਾਮਲੇ ਵਿੱਚ ਜਾਂਚ ਅਧਿਕਾਰੀ ਏਐੱਸਆਈ ਹਰਪਾਲ ਸਿੰਘ ਦਾ ਕਹਿਣਾ ਹੈ ਕਿ ਪੁਲਿਸ ਨੇ ਮੁਲਜ਼ਮਾਂ ਖਿਲਾਫ ਐਫਆਈਆਰ ਦਰਜ ਕਰਕੇ ਕੇਸ ਦੀ ਪੜਤਾਲ ਸ਼ੁਰੂ ਕਰ ਦਿੱਤੀ ਹੈ। ਪੁਲਿਸ ਨੇ ਕੁੱਟਮਾਰ ਅਤੇ ਕਿਡਨੈਪਿੰਗ ਦੀਆਂ ਧਾਰਾਵਾਂ ਤਹਿਤ ਐਫ਼ ਆਈ ਆਰ ਦਰਜ ਕੀਤੀ ਹੈ। ਜਾਂਚ ਅਧਕਾਰੀ ਹਰਪਾਲ ਸਿੰਘ ਦਾ ਕਹਿਣਾ ਹੈ ਕਿ ਮੁਲਜ਼ਮ ਅਜੇ ਵੀ ਪੁਲਿਸ ਦੀ ਗ੍ਰਿਫਤ ਤੋਂ ਬਾਹਰ ਹਨ ਜਲਦੀ ਹੀ ਉਨ੍ਹਾਂ ਨੂੰ ਗ੍ਰਿਫਤਾਰ ਕਰ ਲਿਆ ਜਾਵੇਗਾ।