ਮੋਹਾਲੀ : ਮੀਟ ਪਲਾਂਟ ‘ਚ ਜ਼ਹਿਰੀਲੀ ਗੈਸ ਚੜ੍ਹਨ ਨਾਲ 4 ਮਜ਼ਦੂਰਾਂ ਦੀ ਦਰਦਨਾਕ ਮੌਤ

0
334

ਮੋਹਾਲੀ/ਡੇਰਾਬੱਸੀ | ਇਥੋੋਂ ਮੰਦਭਾਗੀ ਖਬਰ ਸਾਹਮਣੇ ਆਈ ਹੈ। ਨੇੜਲੇ ਪਿੰਡ ਬੇਹੜਾ ਵਿਚ ਸਥਿਤ ਫ਼ੈਡਰਲ ਐਗਰੋ ਇੰਡਸਟਰੀਜ਼ ਨਾਮਕ ਮੀਟ ਪਲਾਂਟ ਵਿਚ ਪਸ਼ੂਆਂ ਦੀ ਰਹਿੰਦ-ਖੂੰਹਦ ਨਾਲ ਭਰੇ ਟੈਂਕ ਦੀ ਸਫ਼ਾਈ ਕਰਦੇ ਸਮੇਂ ਜ਼ਹਿਰੀਲੀ ਗੈਸ ਚੜ੍ਹਨ ਨਾਲ ਕਾਰਖ਼ਾਨੇ ਦੇ 4 ਮਜ਼ਦੂਰਾਂ ਦੀ ਮੌਤ ਹੋ ਗਈ। ਹਾਲਾਂਕਿ 2 ਹੋਰ ਮਜ਼ਦੂਰ ਵੀ ਟੈਂਕ ਵਿਚ ਉਤਰ ਗਏ ਸਨ ਪਰ ਉਨ੍ਹਾਂ ਨੂੰ ਬਚਾਅ ਲਿਆ ਗਿਆ। ਮਰਨ ਵਾਲਿਆਂ ਵਿਚ ਤਿੰਨ ਸਹਾਇਕ ਅਤੇ ਇਕ ਪਲੰਬਰ ਸ਼ਾਮਲ ਹੈ ਜੋ ਉਨ੍ਹਾਂ ਨੂੰ ਬਚਾਉਣ ਲਈ ਆਇਆ ਸੀ। ਹਾਲਾਂਕਿ ਫ਼ੈਕਟਰੀ ਪ੍ਰਬੰਧਕਾਂ ਨੇ ਫੈਟ ਸਟੋਰਾਂ ਦੀ ਹੋਂਦ ਤੋਂ ਇਨਕਾਰ ਕੀਤਾ ਹੈ।

ਇਸ ਭਗਦੜ ਵਿਚ ਠੇਕੇਦਾਰ ਗਿਆਨ ਬਹਾਦਰ ਅਤੇ ਇਲੈਕਟਰੀਸ਼ੀਅਨ ਕੁਲਦੀਪ ਨੇ ਵੀ ਮਜ਼ਦੂਰਾਂ ਦੀ ਜਾਨ ਬਚਾਉਣ ਲਈ ਟੈਂਕੀ ਵਿਚ ਉਤਰਨਾ ਸ਼ੁਰੂ ਕਰ ਦਿੱਤਾ ਪਰ ਉਨ੍ਹਾਂ ਨੂੰ ਹੋਰ ਲੋਕਾਂ ਨੇ ਸੇਫ਼ਟੀ ਬੈਲਟ ਦੀ ਵਰਤੋਂ ਕਰਕੇ ਖਿੱਚ ਲਿਆ। ਜਦੋਂ ਤਕ ਬਾਕੀ ਚਾਰਾਂ ਨੂੰ ਬਾਹਰ ਕੱਢਿਆ ਗਿਆ, ਚਾਰਾਂ ਦੀ ਮੌਤ ਹੋ ਚੁੱਕੀ ਸੀ। ਉਸ ਨੂੰ ਸਿਵਲ ਹਸਪਤਾਲ ਡੇਰਾਬੱਸੀ ਲਿਜਾਇਆ ਗਿਆ ਜਿਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿਤਾ। ਠੇਕੇਦਾਰ ਅਨੁਸਾਰ ਟੈਂਕੀ ਵਿੱਚ ਪਸ਼ੂਆਂ ਦੀ ਰਹਿੰਦ ਖੂੰਹਦ ਦੇ ਰੂਪ ਵਿਚ ਪਸ਼ੂਆਂ ਦੀ ਚਰਬੀ ਅਤੇ ਖੱਲਾਂ ਮੌਜੂਦ ਸੀ।

ਜਾਣਕਾਰੀ ਅਨੁਸਾਰ ਇਹ ਹਾਦਸਾ ਸ਼ਾਮ ਕਰੀਬ 4:30 ਵਜੇ ਵਾਪਰਿਆ। ਫ਼ੈਕਟਰੀ ਵਿਚ 12 ਫੁੱਟ ਡੂੰਘਾ, 1 ਮੀਟਰ ਚੌੜਾ ਅਤੇ 2 ਮੀਟਰ ਲੰਬਾ ਜ਼ਮੀਨਦੋਜ਼ ਟੈਂਕ ਹੈ, ਜਿਸ ਵਿਚ ਪ੍ਰਬੰਧਕਾਂ ਅਨੁਸਾਰ ਪਾਣੀ ਅਤੇ ਨਮਕ ਮਿਲਾ ਕੇ ਮਰੇ ਹੋਏ ਪਸ਼ੂਆਂ ਦੀਆਂ ਖਾਲਾਂ ਨੂੰ ਸਟੋਰ ਕੀਤਾ ਜਾਂਦਾ ਹੈ। ਇਸ ਤਲਾਬ ਦੀ ਸਫ਼ਾਈ ਦਾ ਠੇਕਾ ਯਮੂ ਉਰਫ਼ ਗਿਆਨ ਬਹਾਦਰ ਨੂੰ ਦਿੱਤਾ ਗਿਆ ਸੀ। ਗਿਆਨ ਬਹਾਦੁਰ ਅਨੁਸਾਰ ਇਸ ਟੈਂਕੀ ਨੂੰ ਕਰੀਬ 6 ਮਹੀਨਿਆਂ ਬਾਅਦ ਪਹਿਲੀ ਵਾਰ ਸਫ਼ਾਈ ਲਈ ਖੋਲ੍ਹਿਆ ਗਿਆ ਹੈ। ਇਸ ਵਿਚ 35 ਸਾਲਾ ਕੁਰਬਾਨ ਪਹਿਲਾਂ ਉਤਰਿਆ ਅਤੇ ਕੁਝ ਹੀ ਸਮੇਂ ਵਿਚ ਬੇਹੋਸ਼ ਹੋ ਗਿਆ। ਉਸ ਤੋਂ ਬਾਅਦ 32 ਸਾਲ ਦਾ ਜਨਕ ਥਾਪਾ ਵੀ ਬੇਹੋਸ਼ ਹੋ ਗਿਆ। ਦੋਵਾਂ ਨੂੰ ਬੇਹੋਸ਼ ਦੇਖ ਕੇ 27 ਸਾਲ ਦਾ ਸ਼੍ਰੀਧਰ ਪਾਂਡੇ ਪੁੱਤਰ ਤੇਗ ਬਹਾਦਰ ਪਾਂਡੇ ਵਾਸੀ ਨੇਪਾਲ ਵੀ ਉਤਰਿਆ ਪਰ ਉਹ ਵੀ ਬੇਹੋਸ਼ ਹੋ ਗਿਆ। 28 ਸਾਲ ਦਾ ਮਾਣਕ ਪੁੱਤਰ ਨਾਨਕ ਸਿੰਘ ਵਾਸੀ ਬੇਹੜਾ ਵੀ ਟੈਂਕ ਵਿਚ ਉਤਰਿਆ ਪਰ ਦਮ ਘੁੱਟਣ ਕਾਰਨ ਉਹ ਵੀ ਬੇਹੋਸ਼ ਹੋ ਗਿਆ।

ਇਸ ਸਬੰਧੀ ਮੀਟ ਪਲਾਂਟ ਦੇ ਮੈਨੇਜਰ ਸ਼ਾਹਿਦ ਨੇ ਦੱਸਿਆ ਕਿ ਜ਼ਮੀਨਦੋਜ਼ ਟੈਂਕ ਸਿਰਫ਼ ਪਸ਼ੂਆਂ ਦੀ ਖੱਲ ਨੂੰ ਸਟੋਰ ਕਰਨ ਲਈ ਵਰਤਿਆ ਜਾਂਦਾ ਸੀ, ਕੋਈ ਚਰਬੀ ਨਹੀਂ। ਟੈਂਕ ਵਿਚ ਪਾਣੀ ਅਤੇ ਨਮਕ ਵੀ ਹੁੰਦਾ ਹੈ। ਇਸ ਦੀ ਸਫ਼ਾਈ ਲਈ ਅੱਜ ਕੰਮ ਚੱਲ ਰਿਹਾ ਸੀ। ਇਸ ਟੈਂਕੀ ਵਿਚ ਭਰਿਆ ਪਾਣੀ ਬਾਹਰ ਕੱਢ ਦਿੱਤਾ ਗਿਆ ਸੀ ਜਦਕਿ ਹੇਠਾਂ ਠੋਸ ਕੂੜੇ ਦੇ ਰੂਪ ਵਿਚ ਲੂਣ ਆਦਿ ਮੌਜੂਦ ਸੀ। ਇਹ ਕੰਪਨੀ 30 ਸਾਲਾਂ ਤੋਂ ਚੱਲ ਰਹੀ ਹੈ ਪਰ ਗਰਮੀ ਕਾਰਨ ਅਜਿਹਾ ਸ਼ਾਇਦ ਪਹਿਲੀ ਵਾਰ ਹੋਇਆ ਹੈ। ਦੂਜੇ ਪਾਸੇ ਮੰਨਿਆ ਜਾ ਰਿਹਾ ਹੈ ਕਿ ਟੈਂਕੀ ਕਾਫ਼ੀ ਸਮੇਂ ਤੋਂ ਬੰਦ ਹੋਣ ਕਾਰਨ ਅਤੇ ਗਰਮੀ ਕਾਰਨ ਉਸ ਵਿਚ ਜ਼ਹਿਰੀਲੀ ਗੈਸ ਪੈਦਾ ਹੋ ਗਈ।