ਅੰਮ੍ਰਿਤਸਰ ‘ਚ ਵੱਡਾ ਘਪਲਾ ! ਪਿੰਡ ਦੇ ਬੱਚਿਆਂ ਦਾ ਨਾਂ ਸਰਕਾਰੀ ਸਕੂਲ ‘ਚ ਦਰਜ, ਪੜ੍ਹਦੇ ਪ੍ਰਾਈਵੇਟ ਸਕੂਲ ‘ਚ

0
361

ਅੰਮ੍ਰਿਤਸਰ | ਇਥੋਂ ਦੇ ਇੱਕ ਸਰਕਾਰੀ ਸਕੂਲ ‘ਚ ਘਪਲਾ ਸਾਹਮਣੇ ਆਇਆ ਹੈ। ਪਿੰਡ ਦੇ ਬੱਚਿਆਂ ਦੇ ਨਾਂ ਸਰਕਾਰੀ ਸਕੂਲਾਂ ਦੇ ਰਜਿਸਟਰ ‘ਚ ਦਰਜ ਹਨ ਪਰ ਇਹ ਸਾਰੇ ਪ੍ਰਾਈਵੇਟ ਸਕੂਲਾਂ ‘ਚ ਪੜ੍ਹਦੇ ਰਹੇ ਹਨ। ਜਦੋਂ ਇਸ ਦੀ ਸ਼ਿਕਾਇਤ ਅਟਾਰੀ ਹਲਕੇ ਦੇ ਵਿਧਾਇਕ ਜਸਵਿੰਦਰ ਸਿੰਘ ਕੋਲ ਪੁੱਜੀ ਤਾਂ ਉਨ੍ਹਾਂ ਆਪਣੇ ਪੱਧਰ ’ਤੇ ਇਸ ਦੀ ਜਾਂਚ ਕਰਵਾਉਣੀ ਸ਼ੁਰੂ ਕਰ ਦਿੱਤੀ।

ਮਾਮਲਾ ਹਲਕਾ ਅਟਾਰੀ ਦੇ ਪਿੰਡ ਰਾਮੂਵਾਲੀਆ ਦਾ ਹੈ। ਪਿੰਡ ਰਾਮੂਵਾਲੀਆ ਦੇ ਸਰਕਾਰੀ ਐਲੀਮੈਂਟਰੀ ਸਕੂਲ ਦੀ ਸ਼ਿਕਾਇਤ ਵਿਧਾਇਕ ਜਸਵਿੰਦਰ ਸਿੰਘ ਕੋਲ ਪੁੱਜੀ ਸੀ, ਜਿਸ ਤੋਂ ਬਾਅਦ ਉਨ੍ਹਾਂ ‘ਆਪ’ ਵਾਲੰਟੀਅਰਾਂ ਦੀ ਆਪਣੀ ਟੀਮ ਬਣਾ ਕੇ ਜਾਂਚ ਲਈ ਸਕੂਲ ਭੇਜ ਦਿੱਤੀ। ਟੀਮ ਨੇ ਪਾਇਆ ਕਿ ਸਰਕਾਰੀ ਸਕੂਲ ਦੇ ਰਜਿਸਟਰ ‘ਚ ਕੁੱਲ 45 ਬੱਚਿਆਂ ਦੇ ਨਾਂ ਦਰਜ ਹਨ ਪਰ ਸਕੂਲ ‘ਚ ਸਿਰਫ਼ 15 ਬੱਚੇ ਹੀ ਮੌਜੂਦ ਹਨ। ਹੋਰ 30 ਗੈਰਹਾਜ਼ਰ ਦਿਖਾਏ ਗਏ ਹਨ।

ਅਸਲ ‘ਚ ਇਹ ਬੱਚੇ ਗੈਰਹਾਜ਼ਰ ਨਹੀਂ ਹਨ, ਇਨ੍ਹਾਂ ‘ਚੋਂ 22 ਬੱਚੇ ਨੇੜਲੇ ਪ੍ਰਾਈਵੇਟ ਸਕੂਲ ‘ਚ ਪੜ੍ਹਦੇ ਹਨ। ਪ੍ਰਾਈਵੇਟ ਸਕੂਲ ਦੀ ਪ੍ਰਿੰਸੀਪਲ ਪੁਸ਼ਪਾ ਮਲਹੋਤਰਾ ਦਾ ਕਹਿਣਾ ਹੈ ਕਿ ਅਜਿਹਾ ਕਈ ਸਾਲਾਂ ਤੋਂ ਹੋ ਰਿਹਾ ਹੈ। ਉਹ ਕਈ ਵਾਰ ਬੱਚਿਆਂ ਨੂੰ ਟਰਾਂਸਫਰ ਸਰਟੀਫਿਕੇਟ ਦੇਣ ਦੀ ਗੱਲ ਕਰ ਚੁੱਕੀ ਹੈ ਪਰ ਉਸ ਦੀ ਗੱਲ ‘ਤੇ ਗੌਰ ਨਹੀਂ ਕੀਤਾ ਗਿਆ, ਜਦਕਿ ਸਕੂਲ ਸਟਾਫ ਨੇ ਇਸ ‘ਤੇ ਕੁਝ ਵੀ ਕਹਿਣ ਤੋਂ ਇਨਕਾਰ ਕਰ ਦਿੱਤਾ।

6 ਅਜਿਹੇ ਬੱਚਿਆਂ ਦੇ ਨਾਂ ਵੀ ਸਰਕਾਰੀ ਸਕੂਲ ਦੇ ਰਜਿਸਟਰ ‘ਚ ਦਰਜ ਹਨ, ਜੋ ਕਦੇ ਉੱਥੇ ਨਹੀਂ ਗਏ। ਪ੍ਰਾਈਵੇਟ ਸਕੂਲ ਦੇ ਪ੍ਰਿੰਸੀਪਲ ਦਾ ਕਹਿਣਾ ਹੈ ਕਿ ਕਈ ਵਾਰ ਬੱਚਿਆਂ ’ਤੇ ਸਰਕਾਰੀ ਸਕੂਲ ‘ਚ ਆਉਣ ਦਾ ਦਬਾਅ ਵੀ ਬਣਾਇਆ ਗਿਆ ਪਰ ਬੱਚੇ ਉੱਥੇ ਜਾ ਕੇ ਪੜ੍ਹਨ ਲਈ ਤਿਆਰ ਨਹੀਂ ਹਨ।

ਆਮ ਆਦਮੀ ਪਾਰਟੀ ਦੇ ਵਾਲੰਟੀਅਰਾਂ ਦਾ ਕਹਿਣਾ ਹੈ ਕਿ ਉਹ ਸਾਰੀ ਸਥਿਤੀ ਬਾਰੇ ਵਿਧਾਇਕ ਨਾਲ ਗੱਲ ਕਰਨਗੇ। ਇਸ ਦੀ ਗੰਭੀਰਤਾ ਨਾਲ ਜਾਂਚ ਹੋਣੀ ਚਾਹੀਦੀ ਹੈ। ਸਰਕਾਰੀ ਸਕੂਲਾਂ ‘ਚ ਪੜ੍ਹਦੇ ਬੱਚਿਆਂ ਨੂੰ ਮਿਡ-ਡੇ-ਮੀਲ, ਮੁਫ਼ਤ ਕਿਤਾਬਾਂ, ਵਰਦੀਆਂ ਤੋਂ ਇਲਾਵਾ ਕਈ ਤਰ੍ਹਾਂ ਦੀਆਂ ਗਰਾਂਟਾਂ ਜਾਰੀ ਕੀਤੀਆਂ ਜਾਂਦੀਆਂ ਹਨ ਪਰ ਇਨ੍ਹਾਂ ਬੱਚਿਆਂ ਦੀ ਗ੍ਰਾਂਟ ਕਿੱਥੇ ਗਈ, ਇਸ ਦੀ ਵੀ ਜਾਂਚ ਜ਼ਰੂਰੀ ਹੈ।