ਬਰਗਾੜੀ ਬੇਅਦਬੀ ਮਾਮਲੇ ‘ਚ ਵੱਡਾ ਖੁਲਾਸਾ : ਰਾਮ ਰਹੀਮ ਤੇ ਹਨੀਪ੍ਰੀਤ ਦੇ ਕਹਿਣ ‘ਤੇ ਹੋਈ ਸੀ ਬੇਅਦਬੀ

0
2634

ਚੰਡੀਗੜ੍ਹ | 2015 ਦੇ ਬਰਗਾੜੀ ਬੇਅਦਬੀ ਮਾਮਲੇ ‘ਚ ਵੱਡਾ ਖੁਲਾਸਾ ਹੋਇਆ ਹੈ। ਮਾਮਲੇ ਦੀ ਜਾਂਚ ਕਰ ਰਹੀ ਐਸਆਈਟੀ ਵੱਲੋਂ ਗ੍ਰਿਫ਼ਤਾਰ ਕੀਤੇ ਭਗੌੜੇ ਡੇਰਾ ਪ੍ਰੇਮੀ ਪ੍ਰਦੀਪ ਕਲੇਰ ਨੇ ਇਸ ਮਾਮਲੇ ‘ਚ ਜੇਐਮਆਈਸੀ ਚੰਡੀਗੜ੍ਹ ਦੀ ਅਦਾਲਤ ‘ਚ ਧਾਰਾ 164 ਤਹਿਤ ਆਪਣੇ ਬਿਆਨ ਦਰਜ ਕਰਵਾਏ ਹਨ।

ਪ੍ਰਦੀਪ ਕਲੇਰ ਨੇ ਆਪਣੇ ਬਿਆਨ ‘ਚ ਸਪੱਸ਼ਟ ਕੀਤਾ ਹੈ ਕਿ ਬੇਅਦਬੀ ਦੀ ਘਟਨਾ ਨੂੰ ਡੇਰਾ ਮੁਖੀ ਗੁਰਮੀਤ ਰਾਮ ਰਹੀਮ ਅਤੇ ਹਨੀਪ੍ਰੀਤ ਦੇ ਇਸ਼ਾਰੇ ‘ਤੇ ਅੰਜਾਮ ਦਿੱਤਾ ਗਿਆ ਸੀ। ਫਿਲਹਾਲ ਇਸ ਮਾਮਲੇ ਦੀ ਸੁਣਵਾਈ ਚੰਡੀਗੜ੍ਹ ਦੀ ਅਦਾਲਤ ‘ਚ ਚੱਲ ਰਹੀ ਹੈ। ਹਾਲ ਹੀ ‘ਚ ਡੇਰਾ ਮੁੱਖੀ ਦੇ ਕੇਸ ਦੀ ਕਾਰਵਾਈ ‘ਤੇ ਹਾਈਕੋਰਟ ਨੇ ਰੋਕ ਲਗਾ ਦਿੱਤੀ ਸੀ।

12 ਅਕਤੂਬਰ 2015 ਨੂੰ ਬਰਗਾੜੀ ਵਿਖੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਹੋਈ ਸੀ। ਇਸ ਮਾਮਲੇ ‘ਚ ਡੇਰੇ ਦੀ ਕੌਮੀ ਕਮੇਟੀ ਦੇ ਤਿੰਨ ਮੈਂਬਰ ਜਿਨ੍ਹਾਂ ‘ਚ ਡੇਰਾ ਸੱਚਾ ਸੌਦਾ ਮੁਖੀ, ਹਰਸ਼ ਧੂਰੀ, ਪ੍ਰਦੀਪ ਕਲੇਰ ਅਤੇ ਸੰਦੀਪ ਬਰੇਟਾ ਦੇ ਨਾਮ ਸ਼ਾਮਲ ਹਨ, ਉਕਤ ਤਿੰਨੇ ਮੈਂਬਰ ਉਦੋਂ ਤੋਂ ਹੀ ਭਗੌੜੇ ਸਨ ਪਰ 9 ਫਰਵਰੀ ਨੂੰ ਐਸਆਈਟੀ ਅਤੇ ਪੰਜਾਬ ਪੁਲਿਸ ਨੇ ਪ੍ਰਦੀਪ ਕਲੇਰ ਨੂੰ ਗ੍ਰਿਫ਼ਤਾਰ ਕਰ ਲਿਆ। ਐਸਆਈਟੀ ਇਸ ਮਾਮਲੇ ‘ਚ ਰਿਮਾਂਡ ਲੈ ਕੇ ਪ੍ਰਦੀਪ ਕਲੇਰ ਤੋਂ ਲਗਾਤਾਰ ਪੁੱਛਗਿੱਛ ਕਰ ਰਹੀ ਹੈ।

ਇਸੇ ਪੁੱਛਗਿੱਛ ਦੌਰਾਨ ਪ੍ਰਦੀਪ ਕਲੇਰ ਨੇ ਦਰਜ ਕਰਵਾਏ ਬਿਆਨ ‘ਚ ਕਿਹਾ ਕਿ ਬੇਅਦਬੀ ਕਾਂਡ ਨੂੰ ਡੇਰਾ ਮੁਖੀ ਅਤੇ ਹਨੀਪ੍ਰੀਤ ਦੇ ਇਸ਼ਾਰੇ ‘ਤੇ ਅੰਜਾਮ ਦਿੱਤਾ ਗਿਆ ਸੀ। ਅਜਿਹੇ ‘ਚ ਡੇਰਾ ਮੁਖੀ ਦੀਆਂ ਮੁਸ਼ਕਲਾਂ ਇਕ ਵਾਰ ਫਿਰ ਵਧ ਸਕਦੀਆਂ ਹਨ। ਪ੍ਰਦੀਪ ਕਲੇਰ ਦੇ ਬਿਆਨ ਅਨੁਸਾਰ ਉਹ 1987 ਤੋਂ ਡੇਰਾ ਸੱਚਾ ਸੌਦਾ ਨਾਲ ਜੁੜਿਆ ਹੋਇਆ ਹੈ ਅਤੇ ਡੇਰਾ ਮੁਖੀ ਨੇ ਉਸ ਨੂੰ ਡੇਰੇ ਦੇ ਸਿਆਸੀ ਵਿੰਗ ਦਾ ਕੌਮੀ ਪ੍ਰਧਾਨ ਬਣਾਇਆ ਸੀ।

ਉਸ ਦਾ ਕੰਮ ਸਿਆਸਤਦਾਨਾਂ ਨੂੰ ਮਿਲਣਾ ਸੀ। ਕਥਨ ਅਨੁਸਾਰ ਉਸ ਨੇ ਮਾਰਚ ਜਾਂ ਅਪ੍ਰੈਲ 2015 ‘ਚ ਕਿਸੇ ਕੰਮ ਲਈ ਦਿੱਲੀ ਜਾਣਾ ਸੀ। ਇਸ ਦੌਰਾਨ ਡੇਰੇ ਦੇ ਮੁਖੀ ਨੇ ਉਸ ਨੂੰ ਬੁਲਾਇਆ। ਇਸ ਮੌਕੇ ਰਾਮ ਰਹੀਮ, ਹਨੀਪ੍ਰੀਤ, ਰਾਕੇਸ਼ ਕੁਮਾਰ ਉਰਫ ਰਾਕੇਸ਼ ਦਿੜਬਾ, ਸੰਦੀਪ ਬਰੇਟਾ, ਹਰਸ਼ ਧੂਰੀ, ਮਹਿੰਦਰਪਾਲ ਬਿੱਟੂ ਕੋਟਕਪੂਰਾ, ਗੁਲਾਬ ਉਰਫ ਗੁਲਾਬੂ, ਗੁਰਲੀਨ ਉਰਫ ਰਾਕੇਸ਼ ਕੁਮਾਰ ਹਾਜ਼ਰ ਸਨ।

ਉੱਥੇ ਬਿੱਟੂ ਨੇ ਰਾਮ ਰਹੀਮ ਦੇ ਧਿਆਨ ‘ਚ ਲਿਆਂਦਾ ਕਿ ਬੁਰਜ ਜਵਾਹਰ ਸਿੰਘ ਵਾਲਾ ਵਿਖੇ ਇਕ ਸਿੱਖ ਪ੍ਰਚਾਰਕ ਵੱਲੋਂ ਧਾਰਮਿਕ ਪ੍ਰੋਗਰਾਮ ਕਰਵਾਇਆ ਗਿਆ ਸੀ। ਇਸ ‘ਚ ਧਰਮ ਪ੍ਰਚਾਰਕ ਤੋਂ ਪ੍ਰੇਰਿਤ ਹੋ ਕੇ ਕੁਝ ਪ੍ਰੇਮੀਆਂ ਨੇ ਡੇਰੇ ਵੱਲੋਂ ਡੇਰਾ ਮੁਖੀ ਦੀ ਤਸਵੀਰ ਵਾਲਾ ਲਾਕੇਟ ਉਨ੍ਹਾਂ ਦੇ ਚਰਨਾਂ ‘ਚ ਸੁੱਟ ਦਿੱਤਾ ਗਿਆ। ਇਹ ਸੁਣ ਕੇ ਹਨੀਪ੍ਰੀਤ ਨੂੰ ਗੁੱਸਾ ਆ ਗਿਆ ਅਤੇ ਕਿਹਾ ਕਿ ਜਦੋਂ ਉਨ੍ਹਾਂ ਨੇ ਲਾਕੇਟ ਸੁੱਟੇ ਤਾਂ ਤੁਸੀਂ ਕੁਝ ਕਿਉਂ ਨਹੀਂ ਕੀਤਾ, ਜਿਸ ਤੋਂ ਬਾਅਦ ਡੇਰਾ ਮੁਖੀ ਅਤੇ ਹਨੀਪ੍ਰੀਤ ਨੇ ਇੱਟ ਦਾ ਜਵਾਬ ਪੱਥਰ ਨਾਲ ਦੇਣ ਦੀ ਗੱਲ ਕਹੀ। ਇਸ ਤੋਂ ਬਾਅਦ ਬੇਅਦਬੀ ਦੀ ਯੋਜਨਾ ਬਣਾਈ ਗਈ ਅਤੇ ਇਸ ਦੀ ਜ਼ਿੰਮੇਵਾਰੀ ਡੇਰੇ ਦੀ 45 ਮੈਂਬਰੀ ਕਮੇਟੀ ਦੇ ਮੈਂਬਰ ਮਹਿੰਦਰਪਾਲ ਬਿੱਟੂ ਨੂੰ ਸੌਂਪੀ ਗਈ।

ਪ੍ਰਦੀਪ ਕਲੇਰ ਨੇ ਡੇਰਾ ਮੁਖੀ ਤੋਂ ਉਸ ਦੀ ਅਤੇ ਉਨ੍ਹਾਂ ਦੇ ਪਰਿਵਾਰ ਦੀ ਜਾਨ ਨੂੰ ਖਤਰਾ ਦੱਸਦਿਆਂ ਕਿਹਾ ਕਿ ਹੁਣ ਉਸ ਨੂੰ ਅਤੇ ਉਨ੍ਹਾਂ ਦੇ ਪਰਿਵਾਰ ਨੂੰ ਧਮਕੀਆਂ ਮਿਲ ਰਹੀਆਂ ਹਨ। ਡੇਰਾ ਮੁਖੀ , ਹਨੀਪ੍ਰੀਤ ਅਤੇ ਰਾਕੇਸ਼ ਦਿੜਬਾ ਉਸ ਨੂੰ ਮਾਰਨਾ ਚਾਹੁੰਦੇ ਹਨ। ਇਸ ਤੋਂ ਪਹਿਲਾਂ ਵੀ ਮਹਿੰਦਰਪਾਲ ਬਿੱਟੂ ਨੂੰ ਨਾਭਾ ਦੇ ਹਾਈ ਸਕਿਓਰਿਟੀ ਸੈੱਲ ‘ਚ ਫਾਂਸੀ ਦੀ ਸਜ਼ਾ ਦਿੱਤੀ ਗਈ ਸੀ।

ਉਧਰ ਡੇਰਾ ਪ੍ਰੇਮੀਆਂ ਦੇ ਕੇਸਾਂ ਦੀ ਪੈਰਵੀ ਕਰ ਰਹੇ ਵਕੀਲ ਕੇਵਲ ਬਰਾੜ ਨੇ ਇਸ ਨੂੰ ਸਿਆਸੀ ਚਾਲ ਕਰਾਰ ਦਿੰਦਿਆਂ ਕਿਹਾ ਕਿ ਐਸ.ਆਈ.ਟੀ ਸਿਆਸੀ ਦਬਾਅ ਕਾਰਨ ਝੂਠੀਆਂ ਕਹਾਣੀਆਂ ਘੜ ਰਹੀ ਹੈ। ਇਸ ਤੋਂ ਇਲਾਵਾ ਮਹਿੰਦਰਪਾਲ ਬਿੱਟੂ ਨੇ ਡਾਇਰੀ ਨੋਟ ਲਿਖਵਾਈ ਸੀ, ਜਿਸ ਦੇ ਆਧਾਰ ‘ਤੇ ਹਾਈਕੋਰਟ ਨੇ SIT ਨੂੰ ਜਾਂਚ ਦੇ ਹੁਕਮ ਦਿੱਤੇ ਹਨ। ਇਸ ਤੋਂ ਬਚਣ ਲਈ ਉਨ੍ਹਾਂ ਵੱਲੋਂ ਇਹ ਕਹਾਣੀ ਘੜੀ ਜਾ ਰਹੀ ਹੈ।