ਚੰਡੀਗੜ੍ਹ, 27 ਨਵੰਬਰ | ਮੁਸਾਫਿਰਾਂ ਨਾਲ ਜੁੜੀ ਇਕ ਵੱਡੀ ਖਬਰ ਸਾਹਮਣੇ ਆਈ ਹੈ। ਉੱਤਰੀ ਰੇਲਵੇ ਨੇ ਪੰਜਾਬ ‘ਚ 3 ਮਹੀਨਿਆਂ ਲਈ ਕੁਝ ਐਕਸਪ੍ਰੈਸ ਗੱਡੀਆਂ ਬੰਦ ਕਰ ਦਿੱਤੀਆਂ ਹਨ। ਇਹ ਫੈਸਲਾ ਧੁੰਦ ਕਾਰਨ ਲਿਆ ਗਿਆ ਹੈ। ਉੱਤਰੀ ਰੇਲਵੇ ਨੇ ਅੰਬਾਲਾ ਡਵੀਜ਼ਨ ਦੇ ਸਰਹਿੰਦ ਸੈਕਸ਼ਨ ‘ਚ ਚੱਲਣ ਵਾਲੀਆਂ 2 ਟਰੇਨਾਂ ਨੂੰ 3 ਮਹੀਨਿਆਂ ਲਈ ਬੰਦ ਕਰਨ ਦੀਆਂ ਹਦਾਇਤਾਂ ਜਾਰੀ ਕੀਤੀਆਂ ਹਨ। ਇਸ ਦੀ ਪੁਸ਼ਟੀ ਟਰੈਫਿਕ ਇੰਸਪੈਕਟਰ ਤੇਜਿੰਦਰ ਪਾਲ ਨੇ ਕੀਤੀ।
ਉਨ੍ਹਾਂ ਦੱਸਿਆ ਕਿ ਨੰਗਲ ਡੈਮ ਤੋਂ ਸ਼ੁਰੂ ਹੋ ਕੇ ਸ੍ਰੀ ਅਨੰਦਪੁਰ ਸਾਹਿਬ, ਕੀਰਤਪੁਰ ਸਾਹਿਬ, ਭਰਤਗੜ੍ਹ, ਘਨੌਲੀ, ਰੂਪਨਗਰ, ਨਵਾਂ ਮੋਰਿੰਡਾ, ਲੁਧਿਆਣਾ, ਜਲੰਧਰ, ਬਿਆਸ, ਅੰਮ੍ਰਿਤਸਰ ਜਾਣ ਵਾਲੀ ਟਰੇਨ ਨੰਬਰ 14506 ਇੰਟਰ ਸਿਟੀ ਟਰੇਨ ਜਦੋਂਕਿ ਇਸ ਰੂਟ ’ਤੇ ਅੰਮ੍ਰਿਤਸਰ ਤੋਂ ਵਾਪਸ ਆਉਣ ਵਾਲੀ ਟਰੇਨ ਨੰਬਰ 14505 3 ਮਹੀਨਿਆਂ ਤੋਂ ਬੰਦ ਹੈ।
ਉਨ੍ਹਾਂ ਕਿਹਾ ਕਿ ਟਰੇਨ ਨੰਬਰ 14505 ਇੰਟਰ ਸਿਟੀ ਐਕਸਪ੍ਰੈਸ 1 ਦਸੰਬਰ 2023 ਤੋਂ 29 ਫਰਵਰੀ 2024 ਤੱਕ ਬੰਦ ਰਹੇਗੀ ਜਦਕਿ ਟਰੇਨ ਨੰਬਰ 14506 ਇੰਟਰ ਸਿਟੀ 2 ਦਸੰਬਰ, 2023 ਤੋਂ 1 ਮਾਰਚ, 2024 ਤੱਕ ਬੰਦ ਰਹੇਗੀ। ਰੇਲਵੇ ਵੱਲੋਂ 2 ਟਰੇਨਾਂ ਬੰਦ ਕਰਨ ‘ਤੇ ਹੁਣ ਮੁਸਾਫਿਰਾਂ ਤੇ ਵਪਾਰੀਆਂ ਨੂੰ ਅੰਮ੍ਰਿਤਸਰ ਸਾਹਿਬ, ਬਿਆਸ ਤੇ ਜਲੰਧਰ, ਲੁਧਿਆਣਾ ਆਦਿ ਜਾਣ ਲਈ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਸਕਦਾ ਹੈ।
ਉੱਤਰੀ ਰੇਲਵੇ ਨੇ ਧੁੰਦ ਨੂੰ ਵੇਖਦੇ ਹੋਏ ਵੱਖ-ਵੱਖ ਦਿਸ਼ਾਵਾਂ ਵਿਚ ਚੱਲਣ ਵਾਲੀਆਂ ਸਾਰੀਆਂ ਰੇਲ ਗੱਡੀਆਂ ਦੀ ਰਫ਼ਤਾਰ ਸੀਮਤ ਕਰ ਦਿੱਤੀ ਹੈ। ਇਸ ਸਬੰਧੀ ਰੇਲਵੇ ਵਿਭਾਗ ਰੂਪਨਗਰ ਦੇ ਟਰੈਫਿਕ ਇੰਸਪੈਕਟਰ ਤੇਜਿੰਦਰ ਪਾਲ ਨੇ ਦੱਸਿਆ ਕਿ ਧੁੰਦ ਦੌਰਾਨ ਅੰਬਾਲਾ ਡਵੀਜ਼ਨ ਅਧੀਨ ਆਉਂਦੇ ਸਰਹਿੰਦ ਸੈਕਸ਼ਨ ’ਚ ਚੱਲਣ ਵਾਲੀ ਹਰ ਰੇਲਗੱਡੀ ਦੀ ਰਫ਼ਤਾਰ ਉੱਚ ਅਧਿਕਾਰੀਆਂ ਵੱਲੋਂ ਲਏ ਫੈਸਲੇ ਅਨੁਸਾਰ ਹਰ ਸਾਲ ਘੱਟ ਕੀਤੀ ਜਾਂਦੀ ਹੈ ਤਾਂ ਜੋ ਹਾਦਸਿਆਂ ਤੋਂ ਬਚਿਆ ਜਾ ਸਕੇ। ਉਨ੍ਹਾਂ ਕਿਹਾ ਕਿ ਧੁੰਦ ਦੇ ਮੌਸਮ ’ਚ ਰਾਤ ਨੂੰ ਹੀ ਨਹੀਂ ਦਿਨ ਵੇਲੇ ਵੀ ਵਾਹਨ ਨਜ਼ਰ ਨਹੀਂ ਆਉਂਦੇ।