ਚੰਡੀਗੜ੍ਹ | ਹੁਣ ਪੰਜਾਬ ਵਿੱਚ ਸਰਕਾਰੀ ਅਤੇ ਨਿੱਜੀ ਇਮਾਰਤਾਂ ‘ਤੇ ਲਗਾਏ ਜਾਣ ਵਾਲੇ ਸਾਰੇ ਸਾਈਨ ਬੋਰਡ ਪੰਜਾਬੀ ਭਾਸ਼ਾ ਵਿੱਚ ਲਗਾਏ ਜਾਣਗੇ। ਸੂਬਾ ਸਰਕਾਰ ਨੇ ਇਨ੍ਹਾਂ ਹੁਕਮਾਂ ਦੀ ਗੰਭੀਰਤਾ ਨਾਲ ਪਾਲਣਾ ਕਰਨ ਦੇ ਹੁਕਮ ਦਿੱਤੇ ਹਨ। ਇਸ ਦੇ ਨਾਲ ਹੀ 21 ਫਰਵਰੀ ਤੱਕ ਦਾ ਅੰਤਿਮ ਅਲਟੀਮੇਟਮ ਵੀ ਦਿੱਤਾ ਗਿਆ ਹੈ। ਜੇਕਰ ਨਿਰਧਾਰਤ ਸਮਾਂ ਸੀਮਾ ਵਿੱਚ ਪੰਜਾਬੀ ਭਾਸ਼ਾ ਵਿੱਚ ਸਾਈਨ ਬੋਰਡ ਨਹੀਂ ਲਗਾਏ ਗਏ ਤਾਂ ਸਰਕਾਰ ਵੱਲੋਂ ਜੁਰਮਾਨਾ ਲਗਾਉਣ ਦੀ ਕਾਰਵਾਈ ਸ਼ੁਰੂ ਕੀਤੀ ਜਾਵੇਗੀ।
ਪੰਜਾਬ ਵਿੱਚ ਮੰਡੀ ਬੋਰਡ, ਨਿਗਮ, ਕਾਰਪੋਰੇਸ਼ਨ, ਕੌਂਸਲ, ਸਰਕਾਰੀ ਦਫ਼ਤਰ, ਥਾਣਾ, ਤਹਿਸੀਲ ਅਤੇ ਹੋਰ ਹਰ ਤਰ੍ਹਾਂ ਦੀਆਂ ਸਰਕਾਰੀ ਇਮਾਰਤਾਂ ’ਤੇ ਸਿਰਫ਼ ਪੰਜਾਬੀ ਭਾਸ਼ਾ ਵਿੱਚ ਲਿਖੇ ਸਾਈਨ ਬੋਰਡ ਲਾਉਣ ਦੇ ਹੁਕਮ ਜਾਰੀ ਕੀਤੇ ਗਏ ਹਨ। ਇਹ ਹੁਕਮ ਪੰਜਾਬ ਵਿੱਚ ਨਿੱਜੀ ਇਮਾਰਤਾਂ ਅਤੇ ਨਿੱਜੀ ਦਫ਼ਤਰਾਂ ਲਈ ਵੀ ਲਾਜ਼ਮੀ ਕੀਤੇ ਗਏ ਹਨ।
ਪੰਜਾਬ ਸਰਕਾਰ ਅਨੁਸਾਰ ਸੂਬੇ ਦੀ ਮਾਂ ਬੋਲੀ ਨੂੰ ਤਰਜੀਹ ਦੇਣ ਦੇ ਮਕਸਦ ਨਾਲ ਇਹ ਹੁਕਮ ਜਾਰੀ ਕੀਤੇ ਗਏ ਹਨ। ਇਸ ਤੋਂ ਪਹਿਲਾਂ ਵੀ ਲੋਕਾਂ ਨੂੰ ਇਨ੍ਹਾਂ ਹੁਕਮਾਂ ਦੀ ਪਾਲਣਾ ਕਰਨ ਲਈ ਕਾਫੀ ਸਮਾਂ ਦਿੱਤਾ ਜਾ ਚੁੱਕਾ ਹੈ ਅਤੇ ਇਸ ਵਾਰ 21 ਫਰਵਰੀ ਤੱਕ ਦਾ ਅੰਤਿਮ ਅਲਟੀਮੇਟਮ ਦਿੱਤਾ ਗਿਆ ਹੈ।