ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇਕ ਵਾਰ ਫਿਰ ਕਿਹਾ ਹੈ ਕਿ ਦੇਸ਼ ਵਿਚ ਰਾਖਵਾਂਕਰਨ ਕਦੇ ਵੀ ਖ਼ਤਮ ਨਹੀਂ ਹੋਵੇਗਾ। ਉਨ੍ਹਾਂ ਰਾਜਸਥਾਨ ਦੇ ਉਨਿਆੜਾ (ਟੋਂਕ-ਸਵਾਈਮਾਧੋਪੁਰ ਲੋਕ ਸਭਾ) ਵਿਚ ਕਿਹਾ ਕਿ ਕਾਂਗਰਸ ਪਾਰਟੀ ਦੀ ਸੋਚ ਹਮੇਸ਼ਾ ਤੁਸ਼ਟੀਕਰਨ ਦੀ ਰਾਜਨੀਤੀ ਵਾਲੀ ਰਹੀ ਹੈ। ਉਹ ਦਲਿਤਾਂ ਅਤੇ ਆਦਿਵਾਸੀਆਂ ਨੂੰ ਦਿੱਤੇ ਗਏ ਰਾਖਵੇਂਕਰਨ ਨੂੰ ਘਟਾ ਕੇ ਮੁਸਲਮਾਨਾਂ ਨੂੰ ਦੇਣਾ ਚਾਹੁੰਦੀ ਹੈ।
ਸਾਲ 2004 ਵਿਚ ਕਾਂਗਰਸ ਨੇ ਸਭ ਤੋਂ ਪਹਿਲਾਂ ਆਂਧਰਾ ਪ੍ਰਦੇਸ਼ ਵਿਚ ਐਸਸੀ-ਐਸਟੀ ਦੇ ਰਾਖਵੇਂਕਰਨ ਨੂੰ ਘਟਾ ਕੇ ਮੁਸਲਮਾਨਾਂ ਨੂੰ ਰਾਖਵਾਂਕਰਨ ਦੇਣ ਦੀ ਕੋਸ਼ਿਸ਼ ਕੀਤੀ ਸੀ। ਇਹ ਇਕ ਪਾਇਲਟ ਪ੍ਰੋਜੈਕਟ ਸੀ। ਬਾਅਦ ਵਿਚ ਇਸ ਨੂੰ ਪੂਰੇ ਦੇਸ਼ ਵਿਚ ਲਾਗੂ ਕਰਨ ਦੀਆਂ ਯੋਜਨਾਵਾਂ ਬਣੀਆਂ ਪਰ ਇਹ ਯੋਜਨਾਵਾਂ ਕਾਮਯਾਬ ਨਹੀਂ ਹੋ ਸਕੀਆਂ। ਇਸ ਤੋਂ ਬਾਅਦ 2011 ‘ਚ ਇਸ ਨੂੰ ਦੇਸ਼ ‘ਚ ਦੁਬਾਰਾ ਲਾਗੂ ਕਰਨ ਦੀ ਕੋਸ਼ਿਸ਼ ਕੀਤੀ ਗਈ। ਕਾਂਗਰਸ ਨੇ ਸੰਵਿਧਾਨ ਦੀ ਪਰਵਾਹ ਨਹੀਂ ਕੀਤੀ ਪਰ ਅਸੀਂ ਅਜਿਹਾ ਨਹੀਂ ਹੋਣ ਦਿੱਤਾ। ਕੀ ਕਾਂਗਰਸ ਹੁਣ ਦੇਸ਼ ਦੇ ਲੋਕਾਂ ਨਾਲ ਵਾਅਦਾ ਕਰੇਗੀ ਕਿ ਉਹ ਰਾਖਵੇਂਕਰਨ ਨੂੰ ਮੁਸਲਮਾਨਾਂ ਵਿਚ ਨਹੀਂ ਵੰਡੇਗੀ?
ਮੋਦੀ ਨੇ ਕਿਹਾ ਕਿ ਜੇਕਰ 2014 ਤੋਂ ਬਾਅਦ ਵੀ ਕਾਂਗਰਸ ਹੁੰਦੀ ਤਾਂ ਸਰਹੱਦਾਂ ‘ਤੇ ਫੌਜੀਆਂ ਦੇ ਸਿਰ ਕਲਮ ਕੀਤੇ ਜਾਂਦੇ ਅਤੇ ਬੰਬ ਧਮਾਕੇ ਹੋ ਰਹੇ ਹੁੰਦੇ। ਉਨ੍ਹਾਂ ਕਿਹਾ ਕਿ ਕਾਂਗਰਸ ਦੇ ਰਾਜ ਵਿਚ ਹਨੂੰਮਾਨ ਚਾਲੀਸਾ ਪੜ੍ਹਨਾ ਅਤੇ ਸੁਣਨਾ ਵੀ ਅਪਰਾਧ ਬਣ ਗਿਆ ਹੈ। ਇਸੇ ਕਾਰਨ ਕਰਨਾਟਕ ਵਿਚ ਇਕ ਨੌਜਵਾਨ ਦੀ ਕੁੱਟਮਾਰ ਕੀਤੀ ਗਈ। ਜਦੋਂ ਰਾਜਸਥਾਨ ਵਿਚ ਕਾਂਗਰਸ ਦੀ ਸਰਕਾਰ ਸੀ ਤਾਂ ਰਾਮ ਨੌਮੀ ‘ਤੇ ਜਲੂਸ ਕੱਢਣ ‘ਤੇ ਪਾਬੰਦੀ ਲਗਾ ਦਿੱਤੀ ਗਈ ਸੀ।