ਚੰਡੀਗੜ੍ਹ | ਸੂਬਾ ਕਾਂਗਰਸ ਦੇ ਨਵੇਂ ਪ੍ਰਧਾਨ ਨਵਜੋਤ ਸਿੰਘ ਸਿੱਧੂ ਦੇ ਅਹੁਦਾ ਸੰਭਾਲਣ ਤੋਂ ਪਹਿਲਾਂ ਅੱਜ ਪਾਰਟੀ ਦਾ ਕਲੇਸ਼ ਵੀ ਖਤਮ ਹੋ ਗਿਆ।
ਸਿੱਧੂ ਨੇ ਕੈਪਟਨ ਅਮਰਿੰਦਰ ਸਿੰਘ ਦੇ ਪੈਰੀਂ ਹੱਥ ਲਾ ਕੇ ਆਸ਼ੀਰਵਾਦ ਲਿਆ, ਜਿਸ ਨਾਲ ਪਾਰਟੀ ‘ਚ ਕਰੀਬ ਢਾਈ ਮਹੀਨਿਆਂ ਤੋਂ ਚੱਲਿਆ ਆ ਰਿਹਾ ਤਣਾਅ ਵੀ ਖਤਮ ਹੋ ਗਿਆ, ਜਿਸ ਤੋਂ ਰਾਹੁਲ ਗਾਂਧੀ ਵੀ ਖੁਸ਼ ਨਜ਼ਰ ਆਏ।
ਸ਼ੁੱਕਰਵਾਰ ਸਵੇਰੇ ਨਵਜੋਤ ਸਿੱਧੂ ਪਟਿਆਲਾ ਤੋਂ ਚੰਡੀਗੜ੍ਹ ਪੰਜਾਬ ਭਵਨ ਪਹੁੰਚੇ। ਥੋੜ੍ਹੀ ਦੇਰ ‘ਚ ਕੈਪਟਨ ਅਮਰਿੰਦਰ ਵੀ ਉਥੇ ਪਹੁੰਚ ਗਏ।
ਹਾਲਾਂਕਿ ਸਿੱਧੂ ਕੈਪਟਨ ਨੂੰ ਮਿਲੇ ਬਿਨਾਂ ਹੀ ਪੰਜਾਬ ਕਾਂਗਰਸ ਭਵਨ ਰਵਾਨਾ ਹੋ ਗਏ। ਥੋੜ੍ਹੀ ਹੀ ਦੇਰ ‘ਚ ਉਨ੍ਹਾਂ ਨੂੰ ਪੰਜਾਬ ਕਾਂਗਰਸ ਇੰਚਾਰਜ ਹਰੀਸ਼ ਰਾਵਤ ਦਾ ਫੋਨ ਆਇਆ, ਜਿਸ ਤੋਂ ਬਾਅਦ ਉਹ ਦੁਬਾਰਾ ਪੰਜਾਬ ਭਵਨ ਪਹੁੰਚੇ, ਜਿਥੇ ਉਨ੍ਹਾਂ ਕੈਪਟਨ ਨਾਲ ਮੁਲਾਕਾਤ ਕੀਤੀ ਤੇ ਉਨ੍ਹਾਂ ਦੇ ਪੈਰੀਂ ਹੱਥ ਲਾਏ।
ਇਸ ਤੋਂ ਬਾਅਦ ਦੋਵਾਂ ਨੇ ਰਾਵਤ ਤੇ ਮੰਤਰੀਆਂ- ਵਿਧਾਇਕਾਂ ਨਾਲ ਚਾਹ ਪੀਤੀ। ਚਾਹ ਪਾਰਟੀ ਤੋਂ ਬਾਅਦ ਸਾਰੇ ਸਿੱਧੂ ਦੀ ਤਾਜਪੋਸ਼ੀ ਲਈ ਪੰਜਾਬ ਕਾਂਗਰਸ ਭਵਨ ਰਵਾਨਾ ਹੋ ਗਏ। ਪੰਜਾਬ ਕਾਂਗਰਸ ‘ਚ ਸੰਕਟ ਦੇ ਖਤਮ ਹੋਣ ‘ਤੇ ਕਾਂਗਰਸ ਨੇਤਾ ਰਾਹੁਲ ਗਾਂਧੀ ਨੇ ਵੀ ਟਵੀਟ ਕਰਕੇ ਖੁਸ਼ੀ ਜਤਾਈ।
ਸਿੱਧੂ ਨੇ ਅਜੇ ਤੱਕ ਕੈਪਟਨ ਦੀ ਮੰਗ ਅਨੁਸਾਰ ਨਹੀਂ ਮੰਗੀ ਮਾਫੀ
ਸਾਰੇ ਗਿਲੇ-ਸ਼ਿਕਵੇ ਨਜ਼ਰ-ਅੰਦਾਜ਼ ਕਰਦਿਆਂ ਅੱਜ ਮੁੱਖ ਮੰਤਰੀ ਕੈਪਟਨ ਨੇ ਸਿੱਧੂ ਦੇ ਤਾਜਪੋਸ਼ੀ ਸਮਾਗਮ ‘ਚ ਹਿੱਸਾ ਲੈਣ ‘ਤੇ ਸਹਿਮਤੀ ਜਤਾ ਦਿੱਤੀ। ਹਾਲਾਂਕਿ ਸਿੱਧੂ ਨੇ ਅਜੇ ਤੱਕ ਕੈਪਟਨ ਦੀ ਮੰਗ ਅਨੁਸਾਰ ਉਨ੍ਹਾਂ ਤੋਂ ਮਾਫੀ ਨਹੀਂ ਮੰਗੀ ਪਰ ਮੰਨਿਆ ਜਾ ਰਿਹਾ ਹੈ ਕਿ ਪਾਰਟੀ ਹਾਈਕਮਾਨ ਦੇ ਨਿਰਦੇਸ਼ਾਂ ਤੋਂ ਬਾਅਦ ਕੈਪਟਨ ਇਸ ਸਮਾਰੋਹ ‘ਚ ਸ਼ਾਮਿਲ ਹੋਣ ਲਈ ਤਿਆਰ ਹੋਏ।
ਸਿੱਧੂ ਤੋਂ ਇਲਾਵਾ ਪੰਜਾਬ ਕਾਂਗਰਸ ਦੇ ਕਾਰਜਕਾਰੀ ਪ੍ਰਧਾਨ ਕੁਲਜੀਤ ਸਿੰਘ ਨਾਗਰਾ, ਸੁਖਵਿੰਦਰ ਸਿੰਘ ਡੈਨੀ, ਸੰਗਤ ਸਿੰਘ ਗਿਲਜੀਆਂ ਤੇ ਪਵਨ ਗਰਗ ਵੀ ਆਪਣਾ ਅਹੁਦਾ ਸੰਭਾਲਣਗੇ। ਸਾਰੇ ਕਾਂਗਰਸੀ ਵਿਧਾਇਕਾਂ ਨੂੰ ਨਿਰਦੇਸ਼ ਦਿੱਤਾ ਗਿਆ ਹੈ ਕਿ ਇਸ ਸਮਾਰੋਹ ਨੂੰ ਯਾਦਗਾਰ ਬਣਾਉਣ ਲਈ ਆਪਣੇ ਹਲਕਿਆਂ ਤੋਂ ਘੱਟੋ-ਘੱਟ 1000 ਪਾਰਟੀ ਵਰਕਰਾਂ ਨੂੰ ਵੀ ਚੰਡੀਗੜ੍ਹ ਲੈ ਕੇ ਆਉਣ।
ਇਸ ਤਰ੍ਹਾਂ ਸੂਬਾ ਕਾਂਗਰਸ ਦਾ ਇਰਾਦਾ 50,000 ਪਾਰਟੀ ਵਰਕਰਾਂ ਨੂੰ ਵੀ ਚੰਡੀਗੜ੍ਹ ਸਥਿਤ ਪੰਜਬਾ ਕਾਂਗਰਸ ਭਵਨ ‘ਚ ਇਕੱਠੇ ਕਰਨ ਦਾ ਹੈ ਪਰ ਚੰਡੀਗੜ੍ਹ ‘ਚ ਇਸ ਸਮੇਂ ਧਾਰਾ 144 ਲਾਗੂ ਹੈ ਤੇ ਇੰਨੀ ਵੱਡੀ ਸੰਖਿਆ ‘ਚ ਲੋਕਾਂ ਦੇ ਇਕੱਠੇ ਹੋਣ ਦੀ ਯੂ.ਟੀ. ਪੁਲਿਸ ਨੇ ਮਨਜ਼ੂਰੀ ਨਹੀਂ ਦਿੱਤੀ। ਹੁਣ ਯੂ.ਟੀ. ਪੁਲਿਸ ਤੈਅ ਕਰੇਗੀ ਕਿ ਕਾਂਗਰਸ ਭਵਨ ‘ਚ ਕਿੰਨੇ ਲੋਕਾਂ ਨੂੰ ਇਕੱਠੇ ਹੋਣ ਦੀ ਇਜਾਜ਼ਤ ਦਿੱਤੀ ਜਾਵੇ।
(Sponsored : ਸਭ ਤੋਂ ਸਸਤੇ ਬੈਗ ਬਣਵਾਉਣ ਲਈ ਕਾਲ ਕਰੋ – 99657-80001, www.BagMinister.com)
(ਨੋਟ – ਪੰਜਾਬ ਦੀਆਂ ਜ਼ਰੂਰੀ ਖਬਰਾਂ ਲਈ ਸਾਡੇ ਵਟਸਐਪ ਗਰੁੱਪ ਨਾਲ ਜੁੜੋ ਟੈਲੀਗ੍ਰਾਮ ‘ਤੇ ਵੀ ਪੰਜਾਬੀ ਬੁਲੇਟਿਨ ਚੈਨਲ ਨਾਲ ਜੁੜਿਆ ਜਾ ਸਕਦਾ ਹੈ https://t.me/punjabibulletin)