ਮਹਾਰਾਸ਼ਟਰ, 28 ਜਨਵਰੀ | ਇਸ ਵੇਲੇ ਦੀ ਸਭ ਤੋਂ ਮੰਦਭਾਗੀ ਅਤੇ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ। ਮਹਾਰਾਸ਼ਟਰ ਦੇ ਉਪ ਮੁੱਖ ਮੰਤਰੀ ਅਜੀਤ ਪਵਾਰ ਦੀ ਇੱਕ ਭਿਆਨਕ ਜਹਾਜ਼ ਹਾਦਸੇ ਵਿੱਚ ਮੌਤ ਹੋ ਗਈ ਹੈ। ਇਹ ਹਾਦਸਾ ਉਸ ਵੇਲੇ ਵਾਪਰਿਆ ਜਦੋਂ ਉਹ ਚੋਣ ਪ੍ਰਚਾਰ ਲਈ ਜਾ ਰਹੇ ਸਨ।
ਸੂਤਰਾਂ ਮੁਤਾਬਕ, ਇਹ ਹਾਦਸਾ ਬਾਰਾਮਤੀ ਵਿਖੇ ਲੈਂਡਿੰਗ ਦੇ ਦੌਰਾਨ ਵਾਪਰਿਆ। ਦੱਸਿਆ ਜਾ ਰਿਹਾ ਹੈ ਕਿ ਲੈਂਡਿੰਗ ਕਰਦੇ ਸਮੇਂ ਜਹਾਜ਼ ਨੂੰ ਭਿਆਨਕ ਅੱਗ ਲੱਗ ਗਈ, ਜਿਸ ਕਾਰਨ ਅਜੀਤ ਪਵਾਰ ਸਮੇਤ ਸਵਾਰ ਸਾਰੇ 5 ਲੋਕਾਂ ਦੀ ਜਾਨ ਚਲੀ ਗਈ। ਅੱਗ ਇੰਨੀ ਤੇਜ਼ ਸੀ ਕਿ ਕਿਸੇ ਨੂੰ ਵੀ ਬਚਣ ਦਾ ਮੌਕਾ ਨਹੀਂ ਮਿਲਿਆ।
ਜਾਣਕਾਰੀ ਅਨੁਸਾਰ ਅਜੀਤ ਪਵਾਰ ਆਪਣੀ ਇੱਕ ਚੋਣ ਰੈਲੀ ਨੂੰ ਸੰਬੋਧਨ ਕਰਨ ਲਈ ਨਿਕਲੇ ਸਨ। ਜਿਵੇਂ ਹੀ ਜਹਾਜ਼ ਬਾਰਾਮਤੀ ਨੇੜੇ ਉਤਰਨ ਲੱਗਾ ਤਾਂ ਤਕਨੀਕੀ ਖ਼ਰਾਬੀ ਕਾਰਨ ਇਹ ਹਾਦਸਾਗ੍ਰਸਤ ਹੋ ਗਿਆ। ਇਸ ਖ਼ਬਰ ਦੇ ਸਾਹਮਣੇ ਆਉਣ ਤੋਂ ਬਾਅਦ ਪੂਰੇ ਦੇਸ਼ ਦੇ ਸਿਆਸੀ ਗਲਿਆਰਿਆਂ ਵਿੱਚ ਸੋਗ ਦੀ ਲਹਿਰ ਦੌੜ ਗਈ ਹੈ।
ਪੁਲਿਸ ਅਤੇ ਰਾਹਤ ਟੀਮਾਂ ਮੌਕੇ ‘ਤੇ ਪਹੁੰਚ ਗਈਆਂ ਹਨ ਅਤੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਮਹਾਰਾਸ਼ਟਰ ਸਰਕਾਰ ਅਤੇ ਵੱਖ-ਵੱਖ ਰਾਜਨੀਤਿਕ ਆਗੂਆਂ ਵੱਲੋਂ ਇਸ ਘਟਨਾ ‘ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਜਾ ਰਿਹਾ ਹੈ। ਪੰਜਾਬ ਦੇ ਸਿਆਸੀ ਆਗੂਆਂ ਨੇ ਵੀ ਅਜੀਤ ਪਵਾਰ ਦੇ ਅਕਾਲ ਚਲਾਣੇ ‘ਤੇ ਅਫ਼ਸੋਸ ਜਤਾਇਆ ਹੈ।
ਅਜੀਤ ਪਵਾਰ ਮਹਾਰਾਸ਼ਟਰ ਦੀ ਸਿਆਸਤ ਦਾ ਇੱਕ ਵੱਡਾ ਚਿਹਰਾ ਸਨ ਅਤੇ ਉਨ੍ਹਾਂ ਦਾ ਅਚਾਨਕ ਚਲੇ ਜਾਣਾ ਸਿਆਸੀ ਖੇਤਰ ਲਈ ਇੱਕ ਕਦੇ ਨਾ ਪੂਰਾ ਹੋਣ ਵਾਲਾ ਘਾਟਾ ਹੈ। ਪ੍ਰਸ਼ਾਸਨ ਵੱਲੋਂ ਹਾਦਸੇ ਦੇ ਅਸਲ ਕਾਰਨਾਂ ਦਾ ਪਤਾ ਲਗਾਇਆ ਜਾ ਰਿਹਾ ਹੈ।


































