ਵੱਡੀ ਖਬਰ ! ਲੁਧਿਆਣਾ ਤੇ ਅੰਮ੍ਰਿਤਸਰ ‘ਚ ਪਾਇਲਟ ਪ੍ਰਾਜੈਕਟ ਤਹਿਤ ਮਿਲੇਗੀ 24 ਘੰਟੇ ਪਾਣੀ ਦੀ ਸਪਲਾਈ

0
744

ਲੁਧਿਆਣਾ/ਅੰਮ੍ਰਿਤਸਰ, 7 ਅਕਤੂਬਰ | ਪੰਜਾਬ ਵਿਚ 24 ਘੰਟੇ ਪਾਣੀ ਦੀ ਸਪਲਾਈ ਦਾ ਪ੍ਰਾਜੈਕਟ ਲੰਮੇ ਸਮੇਂ ਤੋਂ ਲਟਕ ਰਿਹਾ ਸੀ ਪਰ ਪਟਿਆਲਾ ਤੋਂ ਬਾਅਦ ਹੁਣ ਲੁਧਿਆਣਾ ਅਤੇ ਅੰਮ੍ਰਿਤਸਰ ਤੋਂ ਸ਼ੁਰੂ ਹੋਣ ਜਾ ਰਿਹਾ ਹੈ। ਪੰਜਾਬ ਸਰਕਾਰ ਨੇ ਦੋਵਾਂ ਸ਼ਹਿਰਾਂ ਵਿਚ ਪਾਇਲਟ ਪ੍ਰਾਜੈਕਟ ਸ਼ੁਰੂ ਕਰਨ ਲਈ ਟੈਂਡਰ ਪ੍ਰਕਿਰਿਆ ਨੂੰ ਮਨਜ਼ੂਰੀ ਦੇ ਦਿੱਤੀ ਹੈ। ਇਸ ਮਹੀਨੇ ਟੈਂਡਰ ਜਾਰੀ ਕੀਤੇ ਜਾਣਗੇ ਅਤੇ ਇਹ ਪ੍ਰਾਜੈਕਟ ਤਿੰਨ ਸਾਲਾਂ ਦੇ ਅੰਦਰ ਮੁਕੰਮਲ ਕਰ ਲਏ ਜਾਣਗੇ।

ਇਸ ਪ੍ਰਾਜੈਕਟ ਤਹਿਤ ਨਹਿਰੀ ਪਾਣੀ ਦੀ ਸਪਲਾਈ ਸ਼ੁਰੂ ਕੀਤੀ ਜਾਣੀ ਹੈ, ਜਿਸ ਤਹਿਤ ਨਵੇਂ ਵਾਟਰ ਟਰੀਟਮੈਂਟ ਪਲਾਂਟ ਅਤੇ ਕੰਟਰੋਲ ਰੂਮ ਬਣਾਏ ਜਾਣਗੇ। ਇਸੇ ਤਰ੍ਹਾਂ ਸਟੋਰੇਜ ਸਮਰੱਥਾ ਵਿਚ ਵਾਧਾ ਹੋਵੇਗਾ ਅਤੇ ਸਾਰੇ ਖੇਤਰਾਂ ਵਿਚ ਨਹਿਰੀ ਪਾਣੀ ਦੀ ਸਪਲਾਈ ਲਈ ਪਾਈਪ ਲਾਈਨਾਂ ਵਿਛਾਈਆਂ ਜਾਣਗੀਆਂ। ਲੁਧਿਆਣਾ ਤੇ ਅੰਮ੍ਰਿਤਸਰ ਦੇ 10-10 ਹਜ਼ਾਰ ਘਰਾਂ ਨੂੰ 24 ਘੰਟੇ ਪਾਣੀ ਦੀ ਸਪਲਾਈ ਪਾਇਲਟ ਪ੍ਰਾਜੈਕਟ ਵਜੋਂ ਸ਼ੁਰੂ ਕੀਤੀ ਜਾ ਰਹੀ ਹੈ। ਜੇਕਰ ਇਸ ਨੂੰ ਚੰਗਾ ਹੁੰਗਾਰਾ ਮਿਲਿਆ ਤਾਂ ਇਸ ਨੂੰ ਹੋਰ ਘਰਾਂ ਲਈ ਵੀ ਸ਼ੁਰੂ ਕੀਤਾ ਜਾਵੇਗਾ।

ਇਹ ਪ੍ਰਾਜੈਕਟ 80 ਕਰੋੜ ਰੁਪਏ ਦੀ ਅਨੁਮਾਨਿਤ ਲਾਗਤ ਨਾਲ ਪੂਰਾ ਕੀਤਾ ਜਾਵੇਗਾ। 30 ਫੀਸਦੀ ਰਾਸ਼ੀ ਸੂਬਾ ਸਰਕਾਰ ਵੱਲੋਂ ਖਰਚ ਕੀਤੀ ਜਾਵੇਗੀ, ਜਦਕਿ ਬਾਕੀ ਰਕਮ ਵਿਸ਼ਵ ਬੈਂਕ ਅਤੇ ਏਸ਼ੀਅਨ ਇਨਫਰਾਸਟਰੱਕਚਰ ਇਨਵੈਸਟਮੈਂਟ ਬੈਂਕ ਵੱਲੋਂ ਕਰਜ਼ੇ ਵਜੋਂ ਦਿੱਤੀ ਜਾਵੇਗੀ।

ਪੰਜਾਬ ਮਿਊਂਸੀਪਲ ਬੁਨਿਆਦੀ ਢਾਂਚਾ ਵਿਕਾਸ ਕੰਪਨੀ (ਪੀ.ਐੱਮ.ਆਈ.ਡੀ.ਸੀ.) ਲੰਬੇ ਸਮੇਂ ਤੋਂ ਇਸ ਪ੍ਰਾਜੈਕਟ ‘ਤੇ ਕੰਮ ਕਰ ਰਹੀ ਹੈ। ਵਿਭਾਗ ਨੇ ਦੋਵਾਂ ਸ਼ਹਿਰਾਂ ਦੀਆਂ ਮਿਊਂਸੀਪਲ ਬਾਡੀਜ਼ ਤੋਂ ਉਨ੍ਹਾਂ ਥਾਵਾਂ ਬਾਰੇ ਰਿਪੋਰਟ ਮੰਗੀ ਸੀ, ਜਿੱਥੇ ਪਹਿਲਾਂ ਇਸ ਪ੍ਰਾਜੈਕਟ ਨੂੰ ਆਸਾਨੀ ਨਾਲ ਸ਼ੁਰੂ ਕੀਤਾ ਜਾ ਸਕਦਾ ਹੈ, ਜਿਸ ਤੋਂ ਬਾਅਦ ਹੀ ਅੰਮ੍ਰਿਤਸਰ ਤੇ ਲੁਧਿਆਣਾ ਨਗਰ ਨਿਗਮ ਨੇ 10,000 ਘਰਾਂ ਦੀ ਸੂਚੀ ਤਿਆਰ ਕਰ ਕੇ ਪੀ.ਐੱਮ.ਆਈ.ਡੀ.ਸੀ. ਨੂੰ ਸੌਂਪ ਦਿੱਤੀ ਸੀ। ਪ੍ਰਾਜੈਕਟ ਪਹਿਲੇ ਪੜਾਅ ਵਿਚ ਸ਼ੁਰੂ ਕੀਤਾ ਜਾਣਾ ਹੈ।

ਇਸ ਤੋਂ ਪਹਿਲਾਂ ਨਗਰ ਨਿਗਮ ਲੁਧਿਆਣਾ ਤੇ ਅੰਮ੍ਰਿਤਸਰ ਵਿਚ ਵੀ ਆਪਣੇ ਪੱਧਰ ’ਤੇ ਕੁਝ ਕੰਮ ਕਰ ਚੁੱਕੇ ਹਨ। ਲੁਧਿਆਣਾ ਵਿਚ ਨਵੀਆਂ ਟੈਂਕੀਆਂ ਬਣਾਉਣ ਦੀ ਪ੍ਰਕਿਰਿਆ ਚੱਲ ਰਹੀ ਹੈ, ਜਦਕਿ 70 ਪੁਰਾਣੀਆਂ ਟੈਂਕੀਆਂ ਨੂੰ ਵੀ ਆਪਸ ਵਿਚ ਜੋੜਿਆ ਜਾ ਰਿਹਾ ਹੈ ਇਸ ਤੋਂ ਇਲਾਵਾ ਪੀ.ਐਮ.ਆਈ.ਡੀ.ਸੀ. ਵੱਲੋਂ 1900 ਕਰੋੜ ਰੁਪਏ ਦੇ ਪ੍ਰਾਜੈਕਟ ‘ਤੇ ਵੱਖਰੇ ਤੌਰ ‘ਤੇ ਕੰਮ ਕੀਤਾ ਜਾ ਰਿਹਾ ਹੈ, ਜਿਸ ਤਹਿਤ ਉਪਰੋਕਤ ਦੋਵਾਂ ਸ਼ਹਿਰਾਂ ਵਿਚ ਨਹਿਰੀ ਪਾਣੀ ਨੂੰ ਟੈਂਕੀਆਂ ਤੱਕ ਪਹੁੰਚਾਉਣ ਦਾ ਕੰਮ ਕੀਤਾ ਜਾ ਰਿਹਾ ਹੈ। ਇਹ ਕੰਮ ਸਾਲ 2021 ਵਿਚ ਅਲਾਟ ਕੀਤਾ ਗਿਆ ਸੀ, ਜਿਸ ਦਾ ਬਹੁਤਾ ਕੰਮ ਪੂਰਾ ਹੋ ਚੁੱਕਾ ਹੈ।

ਵਿਭਾਗ ਵੱਲੋਂ ਵਿਸ਼ਵ ਬੈਂਕ ਨਾਲ ਵੀ ਇਸ ਪ੍ਰਾਜੈਕਟ ’ਤੇ ਕੰਮ ਕੀਤਾ ਜਾ ਰਿਹਾ ਹੈ ਤਾਂ ਜੋ ਸਾਰੇ ਖੇਤਰਾਂ ਨੂੰ ਨਹਿਰੀ ਪਾਣੀ ਦੀ ਸਪਲਾਈ ਕੀਤੀ ਜਾ ਸਕੇ। ਇਸ ਨਾਲ ਵਿਭਾਗ ਨੂੰ 24 ਘੰਟੇ ਪਾਣੀ ਦੀ ਸਪਲਾਈ ਸ਼ੁਰੂ ਕਰਨ ਦਾ ਫਾਇਦਾ ਹੋਵੇਗਾ। ਇਸ ਪ੍ਰਾਜੈਕਟ ਤਹਿਤ ਟੈਂਕੀਆਂ ਨੂੰ ਨਹਿਰੀ ਪਾਣੀ ਦੀ ਸਪਲਾਈ ਕੀਤੀ ਜਾਵੇਗੀ, ਜਦਕਿ ਨਗਰ ਨਿਗਮ ਕੋਲ ਪਹਿਲਾਂ ਹੀ ਪਾਣੀ ਦੀ ਸਪਲਾਈ ਲਈ ਪੂਰਾ ਪ੍ਰਬੰਧ ਹੈ। ਜਿੱਥੇ ਪਾਈਪ ਲਾਈਨ ਪੁਰਾਣੀ ਹੈ, ਉਸ ਨੂੰ ਬਦਲਣ ਦਾ ਕੰਮ ਵੀ ਕੀਤਾ ਜਾ ਰਿਹਾ ਹੈ।

ਪਟਿਆਲਾ ‘ਚ 70 ਫੀਸਦੀ ਕੰਮ ਮੁਕੰਮਲ
ਇਸ ਤੋਂ ਇਲਾਵਾ ਪਟਿਆਲਾ ਵਿਚ 24 ਘੰਟੇ ਜਲ ਸਪਲਾਈ ਦੇ ਪ੍ਰਾਜੈਕਟ ’ਤੇ ਕੰਮ ਚੱਲ ਰਿਹਾ ਹੈ। ਕੇਂਦਰ ਸਰਕਾਰ ਦੀ ਅਮਰੁਤ-1 ਸਕੀਮ ਤਹਿਤ ਇਸ ਪ੍ਰਾਜੈਕਟ ‘ਤੇ ਕੰਮ ਚੱਲ ਰਿਹਾ ਹੈ। ਇਸ ਦਾ 70 ਫੀਸਦੀ ਕੰਮ ਪੂਰਾ ਹੋ ਚੁੱਕਾ ਹੈ ਅਤੇ ਵਿਭਾਗ ਨੇ ਇਸ ਨੂੰ ਮਾਰਚ 2025 ਤੱਕ ਪੂਰਾ ਕਰਨ ਦਾ ਟੀਚਾ ਰੱਖਿਆ ਹੈ। ਇਹ ਪ੍ਰਾਜੈਕਟ 342 ਕਰੋੜ ਰੁਪਏ ਦੀ ਲਾਗਤ ਨਾਲ ਮੁਕੰਮਲ ਹੋਣਾ ਹੈ, ਜਿਸ ਤਹਿਤ ਵਾਟਰ ਟਰੀਟਮੈਂਟ ਪਲਾਂਟ ਅਤੇ ਕੰਟਰੋਲ ਰੂਮ ਬਣਾਇਆ ਜਾ ਰਿਹਾ ਹੈ। ਘਰਾਂ ਨੂੰ ਨਹਿਰੀ ਪਾਣੀ ਪਹੁੰਚਾਉਣ ਲਈ ਪਾਈਪ ਲਾਈਨਾਂ ਵਿਛਾਈਆਂ ਜਾ ਰਹੀਆਂ ਹਨ। ਪਟਿਆਲਾ ਦੇ ਆਸ-ਪਾਸ ਦੇ ਇਲਾਕਿਆਂ ਨੂੰ ਵੀ ਇਸ ਦਾ ਫਾਇਦਾ ਹੋਵੇਗਾ ਕਿਉਂਕਿ ਉਨ੍ਹਾਂ ਨੂੰ ਵੀ ਨਹਿਰੀ ਪਾਣੀ ਮਿਲਣਾ ਸ਼ੁਰੂ ਹੋ ਜਾਵੇਗਾ।

(Note : ਪੰਜਾਬ ਦੀਆਂ ਜ਼ਰੂਰੀ ਖਬਰਾਂ ਪੜ੍ਹਣ ਲਈ ਸਾਡੇ ਵਟਸਐਪ ਗਰੁੱਪ https://shorturl.at/0tM6T ਜਾਂ ਵਟਸਐਪ ਚੈਨਲ https://shorturl.at/Q3yRy ਨਾਲ ਜ਼ਰੂਰ ਜੁੜੋ।)