ਵੱਡੀ ਖਬਰ ! ਪੁਣੇ ‘ਚ ਟੇਕਆਫ ਤੋਂ ਬਾਅਦ ਹੈਲੀਕਾਪਟਰ ਹੋਇਆ ਕਰੈਸ਼, 3 ਲੋਕਾਂ ਦੀ ਮੌਕੇ ‘ਤੇ ਮੌਤ

0
309

ਮਹਾਰਾਸ਼ਟਰ, 2 ਅਕਤੂਬਰ | ਪੁਣੇ ਵਿਚ ਬੁੱਧਵਾਰ ਨੂੰ ਇੱਕ ਹੈਲੀਕਾਪਟਰ ਹਾਦਸਾਗ੍ਰਸਤ ਹੋ ਗਿਆ। ਇਸ ਵਿਚ ਸਵਾਰ ਤਿੰਨ ਲੋਕਾਂ ਦੀ ਮੌਤ ਹੋ ਗਈ। ਮਰਨ ਵਾਲਿਆਂ ਵਿਚ ਦੋ ਪਾਇਲਟ ਅਤੇ ਇਕ ਇੰਜੀਨੀਅਰ ਸ਼ਾਮਲ ਹੈ। ਇਹ ਘਟਨਾ ਸਵੇਰੇ 6:30 ਤੋਂ 7 ਵਜੇ ਦੇ ਵਿਚਕਾਰ ਬਾਵਧਨ ਖੇਤਰ ਦੇ ਕੇਕੇ ਕੰਸਟ੍ਰਕਸ਼ਨ ਹਿੱਲ ਨੇੜੇ ਵਾਪਰੀ।

ਪੁਲਿਸ ਮੁਤਾਬਕ ਹੈਲੀਕਾਪਟਰ ਨੇ ਆਕਸਫੋਰਡ ਗੋਲਫ ਕੋਰਸ ਦੇ ਹੈਲੀਪੈਡ ਤੋਂ ਉਡਾਨ ਭਰੀ ਸੀ। ਟੇਕਆਫ ਦੇ ਕਰੀਬ 10 ਮਿੰਟ ਬਾਅਦ ਹੈਲੀਕਾਪਟਰ 1.5 ਕਿਲੋਮੀਟਰ ਦੀ ਦੂਰੀ ‘ਤੇ ਕਰੈਸ਼ ਹੋ ਗਿਆ। ਇਹ ਹਾਦਸਾ ਪਹਾੜੀ ਇਲਾਕੇ ‘ਚ ਵਾਪਰਿਆ। ਸਵੇਰੇ ਉੱਥੇ ਸੰਘਣੀ ਧੁੰਦ ਛਾਈ ਹੋਈ ਸੀ।

ਹਾਦਸੇ ਤੋਂ ਬਾਅਦ ਹੈਲੀਕਾਪਟਰ ਨੂੰ ਅੱਗ ਲੱਗ ਗਈ। ਇਸ ਕਾਰਨ ਤਿੰਨੋਂ ਵਿਅਕਤੀ ਬੁਰੀ ਤਰ੍ਹਾਂ ਝੁਲਸ ਗਏ। ਅਜੇ ਤੱਕ ਇਹ ਪਤਾ ਨਹੀਂ ਲੱਗ ਸਕਿਆ ਹੈ ਕਿ ਹੈਲੀਕਾਪਟਰ ਸਰਕਾਰੀ ਸੀ ਜਾਂ ਨਿੱਜੀ। ਮ੍ਰਿਤਕਾਂ ਦੀ ਵੀ ਪਛਾਣ ਨਹੀਂ ਹੋ ਸਕੀ ਹੈ। ਪਿੰਪਰੀ ਚਿੰਚਵਾੜ ਪੁਲਿਸ, ਫਾਇਰ ਬ੍ਰਿਗੇਡ ਅਤੇ ਮੈਡੀਕਲ ਟੀਮ ਮੌਕੇ ‘ਤੇ ਪਹੁੰਚ ਗਈ ਹੈ।

ਪੁਣੇ ਵਿਚ 40 ਦਿਨਾਂ ਵਿਚ ਇਹ ਦੂਜੀ ਘਟਨਾ ਹੈ। ਇਸ ਤੋਂ ਪਹਿਲਾਂ 24 ਅਗਸਤ ਨੂੰ ਪੁਣੇ ਦੇ ਪੌਡ ਇਲਾਕੇ ‘ਚ ਇਕ ਹੈਲੀਕਾਪਟਰ ਕਰੈਸ਼ ਹੋ ਗਿਆ ਸੀ। ਇਹ ਹੈਲੀਕਾਪਟਰ ਮੁੰਬਈ ਤੋਂ ਹੈਦਰਾਬਾਦ ਜਾ ਰਿਹਾ ਸੀ।