ਰੋਪੜ ਤੋਂ ਵੱਡੀ ਖਬਰ : ਚਾਲਕ ਦੀ ਸਿਹਤ ਵਿਗੜਨ ਨਾਲ ਬੇਕਾਬੂ ਕਾਰ ਛੱਪੜ ‘ਚ ਡਿੱਗੀ, ਮਹਿਲਾ ਸਮੇਤ ਵਿਅਕਤੀ ਦੀ ਮੌਤ

0
1252

ਰੋਪੜ, 20 ਦਸੰਬਰ | ਫਗਵਾੜਾ-ਰੋਪੜ ਮੁੱਖ ਮਾਰਗ ਨੇੜੇ ਪਿੰਡ ਬਹੂਆ ਵਿਚ ਵੱਡਾ ਹਾਦਸਾ ਵਾਪਰ ਗਿਆ। ਇਥੇ ਬੇਕਾਬੂ ਕਾਰ ਛੱਪੜ ਵਿਚ ਡਿੱਗ ਗਈ। ਇਸ ਦੌਰਾਨ ਕਾਰ ਚਾਲਕ ਅਤੇ ਇਕ ਔਰਤ ਦੀ ਮੌਤ ਹੋ ਗਈ। ਮ੍ਰਿਤਕਾਂ ਦੀ ਪਛਾਣ ਇੰਦਰਜੀਤ ਸਿੰਘ (42) ਪੁੱਤਰ ਅਵਤਾਰ ਸਿੰਘ ਵਾਸੀ ਪਿੰਡ ਬਗਵਾਈ (ਗੜ੍ਹਸ਼ੰਕਰ) ਜ਼ਿਲ੍ਹਾ ਹੁਸ਼ਿਆਰਪੁਰ ਤੇ ਉਸ ਦੀ ਮਾਸੀ ਪ੍ਰਸ਼ੌਤਮ ਕੌਰ ਵਾਸੀ ਸੋਨਾ ਬਰਨਾਲਾ ਵਜੋਂ ਹੋਈ ਹੈ।

ਜਾਣਕਾਰੀ ਅਨੁਸਾਰ ਇਕ ਕਾਰ ਜੋ ਬਹਿਰਾਮ ਸਾਈਡ ਤੋਂ ਫਗਵਾੜਾ ਸਾਈਡ ਵੱਲ ਜਾ ਰਹੀ ਸੀ, ਜਿਸ ਨੂੰ ਇੰਦਰਜੀਤ ਸਿੰਘ ਚਲਾ ਰਿਹਾ ਸੀ, ਕਾਰ ਚਾਲਕ ਦੀ ਪਤਨੀ ਹਰਪ੍ਰੀਤ ਕੌਰ, ਉਸ ਦੀ ਮਾਸੀ ਪ੍ਰਸ਼ੌਤਮ ਕੌਰ ਅਤੇ ਚਾਲਕ ਦਾ ਪੁੱਤਰ ਗੁਰਬਾਜ ਸਿੰਘ (7) ਸਵਾਰ ਸਨ। ਮ੍ਰਿਤਕ ਦੀ ਪਤਨੀ ਹਰਪ੍ਰੀਤ ਕੌਰ ਨੇ ਦੱਸਿਆ ਕਿ ਮੇਰੇ ਪਤੀ ਦੀ ਸਿਹਤ ਇਕਦਮ ਵਿਗੜ ਗਈ, ਜਿਸ ਕਾਰਨ ਕਾਰ ਬੇਕਾਬੂ ਹੋ ਗਈ ਅਤੇ ਸੜਕ ਕਿਨਾਰੇ ਪਿੰਡ ਬਹੂਆ ਦਾ ਜੋ ਡੂੰਘਾ ਛੱਪੜ ਹੈ, ਉਸ ਵਿਚ ਜਾ ਡਿੱਗੀ।

ਪੁਲਿਸ ਨੇ ਰਾਹਗੀਰਾਂ ਦੀ ਸਹਾਇਤਾ ਨਾਲ ਸਾਨੂੰ ਬਾਹਰ ਕੱਢਿਆ। ਕਾਰ ਚਾਲਕ ਇੰਦਰਜੀਤ ਸਿੰਘ ਅਤੇ ਉਸ ਦੀ ਮਾਸੀ ਪ੍ਰਸ਼ੌਤਮ ਕੌਰ ਨੂੰ ਕਾਫੀ ਜੱਦੋ-ਜਹਿਦ ਨਾਲ ਛੱਪੜ ਵਿਚ ਡਿੱਗੀ ਕਾਰ ਵਿਚੋਂ ਬਾਹਰ ਕੱਢਿਆ ਅਤੇ ਫਗਵਾੜਾ ਦੇ ਸਿਵਲ ਹਸਪਤਾਲ ਵਿਖੇ ਲਿਜਾਇਆ ਗਿਆ। ਜਿਥੇ ਉਨ੍ਹਾਂ ਨੂੰ ਡਾਕਟਰਾਂ ਦੀ ਟੀਮ ਵਲੋਂ ਮ੍ਰਿਤਕ ਘੋਸ਼ਿਤ ਕੀਤਾ ਗਿਆ।