ਫਰੀਦਕੋਟ ਤੋਂ ਵੱਡੀ ਖਬਰ : ਤੇਜ਼ ਰਫਤਾਰ ਟਰੱਕ ਨੇ ਬੱਚਿਆਂ ਨਾਲ ਭਰੀ ਸਕੂਲ ਵੈਨ ਨੂੰ ਮਾਰੀ ਭਿਆਨਕ ਟੱਕਰ; 7 ਬੱਚੇ ਗੰਭੀਰ ਜ਼ਖਮੀ

0
1583

ਫਰੀਦਕੋਟ/ਸਾਦਿਕ, 4 ਨਵੰਬਰ | ਅੱਜ ਸਵੇਰੇ ਸਾਦਿਕ ਫਰੀਦਕੋਟ ਸੜਕ ‘ਤੇ ਪਿੰਡ ਮਹਿਮੂਆਣਾ ਨੇੜੇ ਧੁੰਦ ਕਾਰਨ ਵਾਪਰੇ ਚੌਹਰੇ ਸੜਕ ਹਾਦਸੇ ਦੌਰਾਨ ਕਈ ਸਕੂਲੀ ਬੱਚਿਆਂ ਸਮੇਤ ਵ੍ਹੀਕਲ ਸਵਾਰ ਫੱਟੜ ਹੋਣ ਦਾ ਸਮਾਚਾਰ ਮਿਲਿਆ ਹੈ। ਜਾਣਕਾਰੀ ਅਨੁਸਾਰ ਸਾਦਿਕ ਨੇੜਲੇ ਪਿੰਡ ਢਿੱਲਵਾਂ ਖੁਰਦ, ਜੰਡ ਵਾਲਾ ਤੇ ਮਹਿਮੂਆਣਾ ਦੇ ਬੱਚੇ ਲੈ ਕੇ ਪ੍ਰਾਈਵੇਟ ਕਰੂਜ਼ਰ ਗੱਡੀ ਫਰੀਦਕੋਟ ਨੂੰ ਜਾ ਰਹੀ ਸੀ ਕਿ ਮਹਿਮੂਆਣਾ ਕੋਲ ਸਾਦਿਕ ਵਾਲੇ ਪਾਸਿਓਂ ਜਦੋਂ ਟਰੱਕ ਨੇ ਗੱਡੀ ਨੂੰ ਓਵਰਟੇਕ ਕੀਤਾ ਤਾਂ ਕਰੂਜ਼ਰ ਨੂੰ ਫੇਟ ਵੱਜੀ ਤੇ ਗੱਡੀ ਬੇਕਾਬੂ ਹੋ ਕੇ ਪਲਟ ਗਈ ਤੇ ਸਾਹਮਣੇ ਤੋਂ ਆ ਰਹੇ ਮੋਟਰਸਾਈਕਲ ਅਤੇ ਕਾਰ ਵਿਚ ਜਾ ਵੱਜੀ।

ਮੌਕੇ ‘ਤੇ ਮੌਜੂਦ ਬੱਚੇ ਦੇ ਦਾਦੇ ਗੁਲਜੀਤ ਸਿੰਘ ਢਿੱਲੋਂ ਨੇ ਦੱਸਿਆ ਕਿ ਇਸ ਚੌਹਰੇ ਹਾਦਸੇ ਦੌਰਾਨ ਕਰੀਬ 5 ਬੱਚੇ ਫੱਟੜ ਹੋ ਗਏ। ਜਿਨ੍ਹਾਂ ਵਿਚੋਂ 2 ਦੇ ਜ਼ਿਆਦਾ ਸੱਟ ਹੋਣ ਕਾਰਨ ਸੰਧੂ ਹਸਪਤਾਲ ਸਾਦਿਕ ਵਿਖੇ ਇਲਾਜ ਚੱਲ ਰਿਹਾ ਹੈ। ਵੈਨ ਡਰਾਈਵਰ ਹਰਜਿੰਦਰ ਸਿੰਘ ਪੁੱਤਰ ਕੁਲਦੀਪ ਸਿੰਘ ਵਾਸੀ ਸਾਦਿਕ ਦੇ ਵੀ ਸੱਟਾਂ ਲੱਗੀਆਂ ਹਨ, ਜਿਸ ਨੂੰ ਫਰੀਦਕੋਟ ਇਲਾਜ ਲਈ ਭੇਜਿਆ ਗਿਆ। ਮੋਟਰਸਾਈਕਲ ਸਵਾਰ ਦੇ ਵੀ ਸੱਟਾਂ ਲੱਗੀਆਂ ਹਨ। ਘਟਨਾ ਦੀ ਸੂਚਨਾ ਮਿਲਦੇ ਹੀ ਏ.ਐਸ.ਆਈ ਸੁਖਦਾਤਾਪਾਲ ਸਿੰਘ ਪੁਲਿਸ ਪਾਰਟੀ ਸਮੇਤ ਮੌਕੇ ‘ਤੇ ਪੁੱਜੇ ਤੇ ਜ਼ਖ਼ਮੀਆਂ ਨੂੰ ਇਲਾਜ ਲਈ ਹਸਪਤਾਲ ਪਹੁੰਚਾਇਆ। ਟਰੱਕ ਡਰਾਈਵਰ ਟਰੱਕ ਭਜਾ ਕੇ ਮੌਕੇ ਤੋਂ ਫਰਾਰ ਹੋ ਗਿਆ।