ਵੱਡੀ ਖਬਰ : ਅੰਮ੍ਰਿਤਪਾਲ ਆਜ਼ਾਦ ਉਮੀਦਵਾਰ ਵਜੋਂ ਖਡੂਰ ਸਾਹਿਬ ਤੋਂ ਲੜੇਗਾ ਚੋਣ, ਮਾਤਾ ਬਲਵਿੰਦਰ ਕੌਰ ਨੇ ਕਰਤਾ ਐਲਾਨ

0
3414

ਅੰਮ੍ਰਿਤਸਰ | ਖਾਲਿਸਤਾਨੀ ਸਮਰਥਕ ਅਤੇ  ਵਾਰਿਸ ਪੰਜਾਬ ਦੇ ਮੁੱਖੀ ਅੰਮ੍ਰਿਤਪਾਲ ਸਿੰਘ ਜੇਲ ‘ਚ ਹੋਣ ਦੇ ਬਾਵਜੂਦ ਲੋਕ ਸਭਾ ਚੋਣ ਲੜਨਗੇ। ਇਹ ਗੱਲ ਉਨ੍ਹਾਂ ਦੀ ਮਾਤਾ ਬਲਵਿੰਦਰ ਕੌਰ ਨੇ ਅੰਮ੍ਰਿਤਸਰ ਦੀ ਹੈਰੀਟੇਜ ਸਟਰੀਟ ’ਤੇ ਰੋਸ ਮਾਰਚ ਦੌਰਾਨ ਕਹੀ। ਅੰਮ੍ਰਿਤਪਾਲ ਸਿੰਘ ਦੀ ਮਾਤਾ ਬਲਵਿੰਦਰ ਕੌਰ ਨੇ ਦੱਸਿਆ ਕਿ ਉਹ ਜੇਲ ਤੋਂ ਇਕੱਲੇ ਹੀ ਚੋਣ ਲੜੇਗਾ। ਇੰਨਾ ਹੀ ਨਹੀਂ ਉਹ ਕਿਸੇ ਪਾਰਟੀ ‘ਚ ਸ਼ਾਮਲ ਨਹੀਂ ਹੋਣਗੇ ਅਤੇ ਆਜ਼ਾਦ ਤੌਰ ‘ਤੇ ਚੋਣ ਲੜਨਗੇ।

ਬਲਵਿੰਦਰ ਕੌਰ ਨੇ ਕਿਹਾ ਕਿ ਨਸ਼ਿਆਂ ਦੇ ਮੁੱਦੇ ‘ਤੇ ਪੰਜਾਬ ‘ਚ ਸ਼ੁਰੂ ਹੋਈ ਜੰਗ ਜਾਰੀ ਰਹੇਗੀ।ਅੰਮ੍ਰਿਤਪਾਲ ਸਿੰਘ ਚੋਣ ਨਹੀਂ ਲੜਨਾ ਚਾਹੁੰਦਾ ਪਰ ਸੰਗਤ ਨੇ ਉਸ ਨੂੰ ਚੋਣ ਲੜਨ ਲਈ ਕਿਹਾ, ਜਿਸ ਤੋਂ ਬਾਅਦ ਉਹ ਚੋਣ ਲੜਨ ਲਈ ਰਾਜ਼ੀ ਹੋ ਗਏ। ਸੰਗਤਾਂ ਚਾਹੁੰਦੀਆਂ ਹਨ ਕਿ ਅੰਮ੍ਰਿਤਪਾਲ ਸਿੰਘ ਚੋਣ ਲੜੇ ਅਤੇ ਜਿੱਤੇ ਅਤੇ ਐਨਐਸਏ ਵੱਲੋਂ ਉਸ ’ਤੇ ਲਾਏ ਗਏ ਦੋਸ਼ ਰੱਦ ਕੀਤੇ ਜਾਣ।

ਅੰਮ੍ਰਿਤਪਾਲ ਸਿੰਘ ਦੀ ਮਾਤਾ ਨੇ ਕਿਹਾ ਕਿ ਸੰਗਤ ਦੀ ਮੰਗ ਅਨੁਸਾਰ ਮੌਜੂਦਾ ਹਾਲਾਤਾਂ ਨੇ ਸਾਨੂੰ ਆਪਣੀ ਰਣਨੀਤੀ ਬਦਲਣ ਲਈ ਮਜਬੂਰ ਕੀਤਾ ਹੈ। ਸਰਕਾਰ ਵਿਰੁੱਧ ਆਵਾਜ਼ ਬੁਲੰਦ ਕਰਨ ਲਈ ਚੋਣ ਰਾਹ ਅਪਣਾਉਣ ਦਾ ਫੈਸਲਾ ਕੀਤਾ ਗਿਆ।

ਚੋਣ ਏਜੰਡੇ ‘ਤੇ ਉਨ੍ਹਾਂ ਕਿਹਾ ਕਿ ਇਹ ਸਿੱਖ ਨੌਜਵਾਨਾਂ ‘ਤੇ ਅੱਤਿਆਚਾਰ ਨੂੰ ਰੋਕਣ, ਰਾਸ਼ਟਰੀ ਸੁਰੱਖਿਆ ਐਕਟ (ਐਨਐਸਏ) ਨੂੰ ਖਤਮ ਕਰਨ ਅਤੇ ਬੰਦੀ ਸਿੰਘਾਂ ਦੀ ਰਿਹਾਈ ‘ਤੇ ਧਿਆਨ ਕੇਂਦਰਿਤ ਕਰੇਗਾ।

ਅੰਮ੍ਰਿਤਪਾਲ ਸਿੰਘ ਦੇ ਸਮਰਥਕਾਂ ਨੇ ਕਿਹਾ ਕਿ ਉਹ ਦੋਸ਼ੀ ਨਹੀਂ ਸਗੋਂ ਅੰਡਰ ਟਰਾਇਲ ਹੈ। ਇਹ ਉਸ ਨੂੰ ਚੋਣ ਲੜਨ ਤੋਂ ਨਹੀਂ ਰੋਕਦਾ। ਚੋਣ ਲੜਨਾ ਉਨ੍ਹਾਂ ਦਾ ਅਧਿਕਾਰ ਹੈ। ਇਸ ਦੇ ਲਈ ਉਹ ਜੇਲ ‘ਚ ਰਹਿੰਦਿਆਂ ਵੀ ਨਾਮਜ਼ਦਗੀ ਦਾਖ਼ਲ ਕਰ ਸਕਦੇ ਹਨ। ਇਸ ਦੇ ਨਾਲ ਹੀ ਅੰਮ੍ਰਿਤਪਾਲ ਸਿੰਘ ਨੇ ਚੋਣ ਲੜਨ ਦੀ ਹਾਮੀ ਭਰੀ ਤਾਂ ਉਨ੍ਹਾਂ ਦੇ ਸਮਰਥਕਾਂ ਨੇ ਲੱਡੂ ਵੀ ਵੰਡੇ।