ਪੰਜਾਬ ‘ਚ ਵੱਡੀ ਵਾਰਦਾਤ ! ਘਰ ‘ਚ ਚੋਰੀ ਕਰਨ ਆਏ ਚੋਰਾਂ ਨੇ ਗਲਾ ਘੁੱਟ ਕੇ ਮਾਰਤਾ ਬਜ਼ੁਰਗ

0
4626

ਹੁਸ਼ਿਆਰਪੁਰ | ਮਾਹਿਲਪੁਰ ਥਾਣਾ ਖੇਤਰ ‘ਚ ਵੀਰਵਾਰ ਰਾਤ ਅਣਪਛਾਤੇ ਵਿਅਕਤੀਆਂ ਨੇ ਚੋਰੀ ਦੀ ਨੀਅਤ ਨਾਲ ਘਰ ‘ਚ ਦਾਖਲ ਹੋ ਕੇ ਬਜ਼ੁਰਗ ਵਿਅਕਤੀ ਦਾ ਕਤਲ ਕਰ ਦਿੱਤਾ। ਚੋਰਾਂ ਨੇ ਬਜ਼ੁਰਗ ਦੇ ਮੂੰਹ ‘ਤੇ ਕੱਪੜਾ ਪਾ ਕੇ ਉਸ ਦੇ ਹੱਥ-ਪੈਰ ਬੰਨ੍ਹ ਦਿੱਤੇ ਅਤੇ ਫਿਰ ਗਲਾ ਘੁੱਟ ਕੇ ਹੱਤਿਆ ਕਰ ਦਿੱਤੀ।

ਘਟਨਾ ਦੇ ਸਮੇਂ ਰਸ਼ਪਾਲ ਸਿੰਘ ਦਾ ਬਾਕੀ ਪਰਿਵਾਰ ਹਿਮਾਚਲ ਪ੍ਰਦੇਸ਼ ਵਿਖੇ ਧਾਰਮਿਕ ਸਥਾਨ ‘ਤੇ ਮੱਥਾ ਟੇਕਣ ਗਿਆ ਹੋਇਆ ਸੀ। ਸਵੇਰੇ ਕਰੀਬ 9 ਵਜੇ ਜਦੋਂ ਗੁਆਂਢ ਦੀ ਔਰਤ ਆਈ ਤਾਂ ਉਸ ਨੇ ਲੋਕਾਂ ਨੂੰ ਬੁਲਾਇਆ। ਮ੍ਰਿਤਕ ਦੀ ਪਛਾਣ ਰਸ਼ਪਾਲ ਸਿੰਘ ਪੁੱਤਰ ਰਾਮ ਆਸਰਾ (60) ਵਾਸੀ ਪਿੰਡ ਗੋਂਦਪੁਰ ਵਜੋਂ ਹੋਈ ਹੈ। ਘਟਨਾ ਤੋਂ ਬਾਅਦ ਪੁਲਿਸ ਦੇ ਉੱਚ ਅਧਿਕਾਰੀਆਂ ਨੇ ਮੌਕੇ ‘ਤੇ ਪਹੁੰਚ ਕੇ ਲਾਸ਼ ਨੂੰ ਕਬਜ਼ੇ ‘ਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।

ਰਸ਼ਪਾਲ ਸਿੰਘ ਪੁੱਤਰ ਮਨਪ੍ਰੀਤ ਸਿੰਘ ਉਰਫ਼ ਮੋਨੂੰ ਨੇ ਦੱਸਿਆ ਕਿ ਕੁਝ ਦਿਨ ਪਹਿਲਾਂ ਉਸ ਦੀ ਮਾਸੀ ਆਪਣੇ ਪਰਿਵਾਰ ਸਮੇਤ ਇਟਲੀ ਤੋਂ ਆਪਣੇ ਪਿੰਡ ਗੋਂਦਪੁਰ ਆਈ ਹੋਈ ਸੀ। ਵੀਰਵਾਰ ਸ਼ਾਮ ਨੂੰ ਉਹ ਆਪਣੀ ਮਾਸੀ ਦੇ ਪਰਿਵਾਰ ਸਮੇਤ ਹਿਮਾਚਲ ਪ੍ਰਦੇਸ਼ ਦੇ ਧਾਰਮਿਕ ਸਥਾਨ ਪੀਰ ਨਿਗਾਹ ਵਿਖੇ ਮੱਥਾ ਟੇਕਣ ਗਿਆ ਸੀ। ਉਸ ਦਾ ਪਿਤਾ ਘਰ ਵਿਚ ਇਕੱਲਾ ਸੀ।

ਸ਼ੁੱਕਰਵਾਰ ਸਵੇਰੇ ਕਰੀਬ 9 ਵਜੇ ਜਦੋਂ ਉਸ ਦੀ ਗੁਆਂਢੀ ਮਮਤਾ ਉਸ ਦੇ ਪਿਤਾ ਨੂੰ ਰੋਟੀ ਦੇਣ ਆਈ ਤਾਂ ਉਸ ਨੇ ਦੇਖਿਆ ਕਿ ਘਰ ਦਾ ਮੇਨ ਗੇਟ ਅਤੇ ਅੰਦਰਲੇ ਕਮਰਿਆਂ ਦੇ ਦਰਵਾਜ਼ੇ ਖੁੱਲ੍ਹੇ ਪਏ ਸਨ ਅਤੇ ਅੰਦਰ ਸਾਮਾਨ ਖਿਲਰਿਆ ਪਿਆ ਸੀ। ਜਦੋਂ ਲੋਕਾਂ ਨੇ ਇਕੱਠੇ ਹੋ ਕੇ ਦੇਖਿਆ ਤਾਂ ਰਸ਼ਪਾਲ ਸਿੰਘ ਦੀ ਲਾਸ਼ ਕਮਰੇ ‘ਚ ਬੈੱਡ ‘ਤੇ ਪਈ ਸੀ, ਮੂੰਹ ‘ਚ ਕੱਪੜਾ ਬੰਨ੍ਹਿਆ ਹੋਇਆ ਸੀ ਅਤੇ ਹੱਥ-ਪੈਰ ਕੱਪੜੇ ਨਾਲ ਕੱਸ ਕੇ ਬੰਨ੍ਹੇ ਹੋਏ ਸਨ।

ਸੂਚਨਾ ਮਿਲਣ ’ਤੇ ਮੇਜਰ ਸਿੰਘ ਐਸਪੀ ਹੁਸ਼ਿਆਰਪੁਰ, ਐਸਐਸ ਸੰਧੂ ਡੀਐਸਪੀ, ਗੁਰਪ੍ਰੀਤ ਸਿੰਘ ਇੰਚਾਰਜ ਸੀਆਈਏ ਸਟਾਫ਼, ਬਲਜਿੰਦਰ ਸਿੰਘ ਮੱਲ੍ਹੀ ਥਾਣਾ ਇੰਚਾਰਜ ਮਾਹਿਲਪੁਰ ਪੁਲੀਸ ਫੋਰਸ ਸਮੇਤ ਮੌਕੇ ’ਤੇ ਪੁੱਜੇ ਅਤੇ ਸੀਸੀਟੀਵੀ ਕੈਮਰਿਆਂ ਦੇ ਆਧਾਰ ’ਤੇ ਜਾਂਚ ਸ਼ੁਰੂ ਕਰ ਦਿੱਤੀ।

ਲਾਸ਼ ਨੂੰ ਕਬਜ਼ੇ ‘ਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ ਗਿਆ ਹੈ। ਇਸ ਸਬੰਧੀ ਹੁਸ਼ਿਆਰਪੁਰ ਦੇ ਐਸਪੀ ਮੇਜਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਪਿੰਡ ਗੋਂਦਪੁਰ ‘ਚ ਰਸ਼ਪਾਲ ਸਿੰਘ ਦੇ ਕਤਲ ਦੀ ਸੂਚਨਾ ਮਿਲੀ ਸੀ। ਉਹ ਸੀਨੀਅਰ ਪੁਲੀਸ ਅਧਿਕਾਰੀਆਂ ਸਮੇਤ ਮੌਕੇ ’ਤੇ ਪੁੱਜੇ ਅਤੇ ਡੌਗ ਸਕੁਐਡ, ਫਿੰਗਰ ਪ੍ਰਿੰਟਿੰਗ ਟੀਮ ਅਤੇ ਸੀਸੀਟੀਵੀ ਕੈਮਰਿਆਂ ਦੇ ਆਧਾਰ ’ਤੇ ਜਾਂਚ ਸ਼ੁਰੂ ਕਰ ਦਿੱਤੀ।