ਵੱਡੀ ਵਾਰਦਾਤ : ਪਟਿਆਲਾ ‘ਚ ਸ਼ਰਾਬ ਦੇ ਨਸ਼ੇ ’ਚ ਔਰਤ ਦਾ ਕਤਲ ਕਰਕੇ ਲਾਸ਼ ਕਿੱਕਰ ਨਾਲ ਬੰਨ੍ਹੀ

0
179

ਪਟਿਆਲਾ : ਸ਼ਰਾਬ ਦੇ ਨਸ਼ੇ ਵਿਚ ਇਕ ਵਿਅਕਤੀ ਨੇ ਪਿੰਡ ਦੀ ਹੀ ਔਰਤ ਨਾਲ ਜ਼ੋਰ ਜ਼ਬਰਦਸਤੀ ਕਰਨ ਦਾ ਵਿਰੋਧ ਕਰਨ ’ਤੇ ਚੁੰਨੀ ਨਾਲ ਗਲਾ ਘੁੱਟ ਕੇ ਮਾਰ ਦਿੱਤਾ। ਕਤਲ ਨੂੰ ਖ਼ੁਦਕੁਸ਼ੀ ਦਾ ਰੂਪ ਦੇਣ ਲਈ ਮੁਲਜ਼ਮ ਨੇ ਔਰਤ ਦੀ ਲਾਸ਼ ਕਿੱਕਰ ਨਾਲ ਬੰਨ੍ਹ ਦਿੱਤੀ। ਇਹ ਖੁਲਾਸਾ ਸ਼ੰਭੂ ਵਿਖੇ ਇਕ ਔਰਤ ਦੀ ਲਾਸ਼ ਮਿਲਣ ਦੇ ਮਾਮਲੇ ਦੀ ਜਾਂਚ ਦੌਰਾਨ ਹੋਇਆ ਹੈ। ਥਾਣਾ ਸ਼ੰਭੂ ਪੁਲਿਸ ਨੇ ਗੁਰਦਿਆਲ ਸਿੰਘ ਵਾਸੀ ਪਿੰਡ ਡਾਹਰੀਆਂ ਨੂੰ ਗ੍ਰਿਫਤਾਰ ਕਰ ਲਿਆ ਹੈ।

ਐਸਐਸਪੀ ਵਰੁਣ ਸ਼ਰਮਾ ਨੇ ਦੱਸਿਆ ਕਿ ਮੁਲਜ਼ਮ ਗੁਰਦਿਆਲ ਸਿੰਘ ਦੀ ਪੁੱਛਗਿੱਛ ਤੋਂ ਇਹ ਗੱਲ ਸਾਹਮਣੇ ਆਈ ਹੈ ਕਿ ਉਹ ਸ਼ਰਾਬ ਪੀਕੇ ਸ਼ੰਭੂ ਰੇਲਵੇ ਸਟੇਸ਼ਨ ਤੋਂ ਆਪਣੇ ਪਿੰਡ ਡਾਹਰੀਆ ਨੂੰ ਜਾ ਰਿਹਾ ਸੀ। ਰਸਤੇ ਵਿੱਚ ਉਸ ਨੂੰ ਜੋਗਿੰਦਰ ਕੌਰ ਮਿਲ ਗਈ। ਜਿਸ ਨਾਲ ਇਸ ਨੇ ਧੱਕਾ ਕਰਨ ਦੀ ਕੋਸ਼ਿਸ਼ ਕੀਤੀ ਸੀ। ਵਿਰੋਧ ਕਰਨ ’ਤੇ ਗੁਰਦਿਆਲ ਸਿੰਘ ਉਕਤ ਨੇ ਜੋਗਿੰਦਰ ਕੌਰ ਦਾ ਗਲ਼ ਘੁੱਟ ਕੇ ਕਤਲ ਕਰ ਦਿੱਤਾ। ਫਿਰ ਇਸ ਨੂੰ ਆਤਮ ਹੱਤਿਆ ਦਾ ਰੂਪ ਦੇਣ ਲਈ ਲਾਸ਼ ਚੁੰਨੀ ਨਾਲ ਕਿੱਕਰ ’ਤੇ ਬੰਨ੍ਹ ਦਿੱਤੀ।

ਉਨ੍ਹਾ ਨੇ ਅੱਗੇ ਦੱਸਿਆ ਕਿ 16 ਮਾਰਚ ਨੂੰ ਗੁਰਨਾਮ ਸਿੰਘ ਵਾਸੀ ਪਿੰਡ ਡਾਹਰੀਆਂ ਨੇ ਥਾਣਾ ਸ਼ੰਭੂ ਪੁਲਿਸ ਨੂੰ ਸੂਚਨਾ ਦਿੱਤੀ ਸੀ ਕਿ ਉਸ ਦੀ ਮਾਤਾ ਜੋਗਿੰਦਰ ਕੌਰ 15 ਮਾਰਚ ਸਵੇਰੇ 8 ਵਜੇ ਮਿਹਨਤ ਮਜ਼ਦੂਰੀ ਕਰਨ ਲਈ ਗਈ ਸੀ ਜੋ ਵਾਪਸ ਨਹੀ ਆਈ, ਜਿਸ ਦੀ ਭਾਲ ਕਰਨ ’ਤੇ ਪਤਾ ਲੱਗਾ ਕਿ ਰੇਲਵੇ ਸਟੇਸ਼ਨ ਤੋਂ ਕਰੀਬ 200 ਮੀਟਰ ਦੀ ਦੂਰੀ ਪਰ ਕਿੱਕਰ ਨਾਲ ਉਸ ਦੀ ਲਾਸ਼ ਬੰਨ੍ਹੀ ਹੈ। ਜਿਸ ਦੇ ਨੱਕ ਵਿਚੋਂ ਖੂਨ ਨਿਕਲਿਆ ਹੋਇਆ ਸੀ।

ਸਿਵਲ ਹਸਪਤਾਲ ਤੋਂ ਪੋਸਟਮਾਰਟਮ ਕਰਵਾਇਆ ਗਿਆ ਤੇ ਮਾਮਲਾ ਸ਼ੱਕੀ ਹੋਣ ’ਤੇ ਪੁਲਿਸ ਨੇ ਡੁੰਘਾਈ ਨਾਲ ਤਫਤੀਸ਼ ਸ਼ੁਰੂ ਕੀਤੀ। ਪੁਲਿਸ ਜਾਂਚ ਵਿਚ ਸਾਹਮਣੇ ਆਇਆ ਕਿ ਜੋਗਿੰਦਰ ਕੌਰ ਦਾ ਕਤਲ ਕਰ ਕੇ ਉਸ ਨੂੰ ਆਤਮ ਹੱਤਿਆ ਦਾ ਰੂਪ ਦੇਣ ਦੀ ਕੋਸ਼ਿਸ਼ ਕੀਤੀ ਗਈ ਸੀ ਅਤੇ ਗੱਲ ਵਿੱਚ ਚੁੰਨੀ ਵੀ ਪਾਈ ਹੋਈ ਸੀ। ਅਹਿਮ ਸੁਰਾਗ ਲੱਗਣ ’ਤੇ ਗੁਰਦਿਆਲ ਸਿੰਘ ਵਾਸੀ ਪਿੰਡ ਡਾਹਰੀਆਂ ਨੂੰ ਪਿੰਡ ਮਹਿਮਦਪੁਰ ਤੋਂ ਗ੍ਰਿਫਤਾਰ ਕੀਤਾ ਗਿਆ ਹੈ।