ਚੋਣ ਕਮਿਸ਼ਨ ਦਾ ਵੱਡਾ ਫੈਸਲਾ ! ਪੰਜਾਬ ਦੇ 4 ਜ਼ਿਲਿਆਂ ਦੇ 8 ਪਿੰਡਾਂ ‘ਚ ਦੁਬਾਰਾਂ ਹੋਣਗੀਆਂ ਪੰਚਾਇਤੀ ਚੋਣਾਂ, ਜਾਣੋ ਕਾਰਨ

0
1281

ਚੰਡੀਗੜ੍ਹ | ਪੰਜਾਬ ‘ਚ ਮੰਗਲਵਾਰ ਨੂੰ ਪੰਚਾਇਤੀ ਚੋਣਾਂ ਦੌਰਾਨ ਕਈ ਥਾਵਾਂ ‘ਤੇ ਹਿੰਸਾ, ਬੂਥ ਕੈਪਚਰਿੰਗ ਅਤੇ ਹੋਰ ਬੇਨਿਯਮੀਆਂ ਦੀਆਂ ਖਬਰਾਂ ਸਾਹਮਣੇ ਆਈਆਂ ਹਨ। ਜ਼ਿਲ੍ਹਿਆਂ ਦੇ ਡਿਪਟੀ ਕਮਿਸ਼ਨਰ (ਡੀ.ਸੀ.) ਤੋਂ ਪ੍ਰਾਪਤ ਰਿਪੋਰਟ ਤੋਂ ਬਾਅਦ ਚੋਣ ਕਮਿਸ਼ਨ ਨੇ 4 ਜ਼ਿਲ੍ਹਿਆਂ ਦੀਆਂ 8 ਪੰਚਾਇਤਾਂ ਵਿਚ ਪੰਚਾਇਤੀ ਚੋਣਾਂ ਦੁਬਾਰਾ ਕਰਵਾਉਣ ਦਾ ਫੈਸਲਾ ਕੀਤਾ ਹੈ। ਹਾਲਾਂਕਿ ਦੁਬਾਰਾ ਚੋਣਾਂ ਕਦੋਂ ਕਰਵਾਈਆਂ ਜਾਣਗੀਆਂ, ਇਸ ਦੀ ਤਰੀਕ ਦਾ ਐਲਾਨ ਨਹੀਂ ਕੀਤਾ ਗਿਆ ਹੈ। ਇਸ ਸਬੰਧੀ ਵੀ ਜਲਦੀ ਹੀ ਫੈਸਲਾ ਲਿਆ ਜਾਵੇਗਾ। ਜਿਨ੍ਹਾਂ ਥਾਵਾਂ ‘ਤੇ ਮੁੜ ਚੋਣਾਂ ਹੋਣੀਆਂ ਹਨ, ਉਨ੍ਹਾਂ ਵਿਚ ਮਾਨਸਾ, ਫ਼ਿਰੋਜ਼ਪੁਰ, ਮੋਗਾ ਅਤੇ ਪਟਿਆਲਾ ਜ਼ਿਲ੍ਹਿਆਂ ਦੀਆਂ 8 ਪੰਚਾਇਤਾਂ ਸ਼ਾਮਲ ਹਨ।

ਚੋਣ ਕਮਿਸ਼ਨ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਜ਼ਿਲ੍ਹਾ ਮਾਨਸਾ ਦੀ ਮਾਨਸਾ ਖੁਰਦ ਪੰਚਾਇਤ ਵਿਚ ਸਰਪੰਚ ਅਤੇ 5 ਅਹੁਦਿਆਂ ਲਈ ਮੁੜ ਚੋਣ ਕਰਵਾਈ ਜਾਵੇਗੀ। ਇਸੇ ਤਰ੍ਹਾਂ ਫ਼ਿਰੋਜ਼ਪੁਰ ਦੇ ਪਿੰਡ ਲੋਹਕੇ ਖੁਰਦ ਵਿਚ ਮੁੜ ਪੰਚਾਇਤੀ ਚੋਣਾਂ ਹੋਣਗੀਆਂ। ਮੋਗਾ ਜ਼ਿਲ੍ਹੇ ਦੀ ਪੰਚਾਇਤ ਕੋਟਲਾ ਮੇਹਰ ਸਿੰਘ ਵਾਲਾ ਦੇ ਪੋਲਿੰਗ ਬੂਥ ਨੰਬਰ 118 ਅਤੇ 119 ਵਿਚ ਮੁੜ ਵੋਟਾਂ ਪਾਉਣ ਦੇ ਹੁਕਮ ਦਿੱਤੇ ਗਏ ਹਨ। ਜ਼ਿਲ੍ਹਾ ਪਟਿਆਲਾ ਦੇ ਪਿੰਡ ਖੁੱਡਾ ਬਲਾਕ (ਸੰਗਰੂਰ), ਪਿੰਡ ਪੰਚਾਇਤ ਖੇਤੀ ਰਾਜੂ ਬਲਾਕ ਭੁਨਰਹੇੜੀ ਅਤੇ ਪਿੰਡ ਪੰਚਾਇਤ ਕਰੀਮ ਨਗਰ ਵਿਚ ਮੁੜ ਚੋਣਾਂ ਕਰਵਾਉਣ ਦਾ ਫੈਸਲਾ ਕੀਤਾ ਗਿਆ ਹੈ।

ਇਸੇ ਤਰ੍ਹਾਂ ਚੋਣ ਕਮਿਸ਼ਨ ਨੇ ਪਿੰਡ ਪੰਚਾਇਤ ਲਖਮੀਰ ਉੱਤਰੀ, ਬਲਾਕ ਮਾੜਮੋਟ ਜ਼ਿਲ੍ਹਾ ਫ਼ਿਰੋਜ਼ਪੁਰ ਦੀ ਚੋਣ ਰੱਦ ਕਰਨ ਦੇ ਹੁਕਮ ਦਿੱਤੇ ਹਨ ਕਿਉਂਕਿ ਵੋਟਰਾਂ ਨੂੰ ਵੋਟ ਪਾਉਣ ਵਿਚ ਦਿੱਕਤ ਦਾ ਸਾਹਮਣਾ ਕਰਨਾ ਪਿਆ। ਇਸ ਤੋਂ ਇਲਾਵਾ ਉਮੀਦਵਾਰਾਂ ਦੀ ਮੌਤ ਕਾਰਨ ਕਮਿਸ਼ਨ ਨੇ ਦੋ ਪੰਚਾਇਤਾਂ ਦੀਆਂ ਚੋਣਾਂ ਮੁਲਤਵੀ ਕਰ ਦਿੱਤੀਆਂ ਹਨ। ਇਨ੍ਹਾਂ ਵਿਚ ਪਿੰਡ ਪੰਚਾਇਤ ਲੰਗੋਮਾਹਲ ਬਲਾਕ ਰਮਦਾਸ ਅਤੇ ਗ੍ਰਾਮ ਪੰਚਾਇਤ ਕੱਲੂ ਸੋਹਲ ਬਲਾਕ ਕਾਹਨੂੰਵਾਨ ਸ਼ਾਮਲ ਹਨ।

(Note : ਪੰਜਾਬ ਦੀਆਂ ਜ਼ਰੂਰੀ ਖਬਰਾਂ ਪੜ੍ਹਣ ਲਈ ਸਾਡੇ ਵਟਸਐਪ ਗਰੁੱਪ https://shorturl.at/0tM6T ਜਾਂ ਵਟਸਐਪ ਚੈਨਲ https://shorturl.at/Q3yRy ਨਾਲ ਜ਼ਰੂਰ ਜੁੜੋ।)