ਚੰਡੀਗੜ੍ਹ| ਮੁਹਾਲੀ ਨਗਰ ਨਿਗਮ ਦੇ ਮੇਅਰ ਅਮਰਜੀਤ ਸਿੰਘ ਜੀਤੀ ਸਿੱਧੂ ਨੂੰ ਸਥਾਨਕ ਸਰਕਾਰਾਂ ਵਿਭਾਗ ਦੇ ਸਕੱਤਰ ਨੇ ਵੱਡਾ ਝਟਕਾ ਦਿੰਦਿਆਂ ਕੌਂਸਲਰ ਦੇ ਅਹੁਦੇ ਤੋਂ ਬਰਖ਼ਾਸਤ ਕਰ ਦਿੱਤਾ ਹੈ। ਹਾਲਾਂਕਿ ਵਿਭਾਗ ਵੱਲੋਂ ਭੇਜੀ ਗਈ ਚਿੱਠੀ ਬਾਰੇ ਦਿਨ ਭਰ ਦੁਚਿੱਤੀ ਦੀ ਸਥਿਤੀ ਬਣੀ ਰਹੀ ਤੇ ਸ਼ਾਮ ਨੂੰ ਇਸ ਦੀ ਪੂਰੀ ਜਾਣਕਾਰੀ ਲਈ ਗਈ। ਜ਼ਿਕਰਯੋਗ ਹੈ ਕਿ ਪਿਛਲੇ ਕੁਝ ਮਹੀਨਿਆਂ ਤੋਂ ਘਟਨਾਕ੍ਰਮ ਦਾ ਇਹ ਸਿਲਸਿਲਾ ਲਗਾਤਾਰ ਚੱਲ ਰਿਹਾ ਸੀ ਜਿਸ ’ਚ ਮੇਅਰ ਦੇ ਸਿਰ ’ਤੇ ਬਰਖ਼ਾਸਤਗੀ ਦੀ ਤਲਵਾਰ ਲਟਕ ਰਹੀ ਸੀ।
ਇਹ ਹੁਕਮ ਉਦੋਂ ਆਏ ਹਨ ਜਦੋਂ ਮੇਅਰ ਜੀਤੀ ਸਿੱਧੂ ਵਿਦੇਸ਼ ’ਚ ਹਨ ਤੇ ਆਪਣੀ ਨਿੱਜੀ ਸੁਣਵਾਈ ਵਾਲੇ ਦਿਨ ਉਨ੍ਹਾਂ ਨੇ ਛੁੱਟੀ ਲਈ ਅਰਜ਼ੀ ਦਿੱਤੀ ਸੀ, ਜਿਸ ਨੂੰ ਸਕੱਤਰ ਨੇ ਮਨਜ਼ੂਰੀ ਦੇ ਦਿੱਤੀ ਸੀ। ਸਿਆਸੀ ਜਾਣਕਾਰ ਮੰਨ ਰਹੇ ਸਨ ਕਿ ਮੇਅਰ ਖ਼ਿਲਾਫ਼ ਕੋਈ ਵੀ ਕਾਰਵਾਈ 9 ਜਨਵਰੀ ਤੋਂ ਬਾਅਦ ਹੀ ਅਮਲ ’ਚ ਲਿਆਂਦੀ ਜਾਵੇਗੀ ਪਰ ਸਥਾਨਕ ਸਰਕਾਰਾਂ ਦੇ ਸਕੱਤਰ ਵੱਲੋਂ ਜਾਰੀ ਚਿੱਠੀ ਤੋਂ ਹਰ ਕੋਈ ਹੈਰਾਨ ਹੈ।
ਚਿੱਠੀ ਮੁਤਾਬਕ, ਸਾਬਕਾ ਕੌਂਸਲਰ ਰਜਿੰਦਰ ਪ੍ਰਸਾਦ ਤੇ ਹੋਰਨਾਂ ਦੀ ਸ਼ਿਕਾਇਤ ’ਤੇ ਇਹ ਕਾਰਵਾਈ ਕੀਤੀ ਗਈ ਹੈ। ਸ਼ਿਕਾਇਤਕਰਤਾ ਨੇ ਦੋਸ਼ ਲਗਾਇਆ ਸੀ ਕਿ ਮੇਅਰ ਜੀਤੀ ਸਿੱਧੂ ਨੇ ਅੰਮ੍ਰਿਤਪ੍ਰੀਤ ਕੋਆਪ੍ਰੇਟਿਵ ਐੱਲ/ਸੀ ਸੁਸਾਇਟੀ ਦੀ ਵਿੱਤ ਤੇ ਠੇਕਾ ਕਮੇਟੀ ਦਾ ਮੈਂਬਰ ਤੇ ਚੇਅਰਮੈਨ ਰਹਿੰਦਿਆਂ ਆਪਣੇ ਨਿੱਜੀ ਫ਼ਾਇਦੇ ਲਈ ਨਗਰ ਨਿਗਮ ’ਚ ਇਸ ਸੁਸਾਇਟੀ ਨੂੰ ਵਿਕਾਸ ਟੈਂਡਰ ਅਲਾਟ ਕੀਤੇ। ਇਸ ਲਈ ਜੀਤੀ ਸਿੱਧੂ ਨੂੰ ਕੌਂਸਲਰ ਤੇ ਮੇਅਰ ਦੇ ਅਹੁਦੇ ਤੋਂ ਬਰਖ਼ਾਸਤ ਕਰਨ ਦੀ ਮੰਗ ਕੀਤੀ ਗਈ ਸੀ।
ਇਸ ਮਾਮਲੇ ’ਚ ਮੇਅਰ ਜੀਤੀ ਸਿੱਧੂ ਨਾਲ ਸੰਪਰਕ ਨਹੀਂ ਹੋ ਸਕਿਆ ਕਿਉਂਕਿ ਉਹ ਵਿਦੇਸ਼ ’ਚ ਹਨ। ਉਨ੍ਹਾਂ ਦੇ ਕਰੀਬੀ ਸੂਤਰਾਂ ਨੇ ਦੱਸਿਆ ਕਿ ਮੇਅਰ ਇਸ ਖ਼ਿਲਾਫ਼ ਅਦਾਲਤ ਦਾ ਦਰਵਾਜ਼ਾ ਖੜਕਾਉਣਗੇ। ਨਗਰਪਾਲਿਕਾ ਐਕਟ 1976 ਦੀ ਧਾਰਾ 63 ਤੇ 36 ਦੀ ਉਲੰਘਣਾ ਦੇ ਦੋਸ਼ ’ਚ ਮੇਅਰ ਖ਼ਿਲਾਫ਼ ਕਾਰਵਾਈ ਕੀਤੀ ਗਈ ਹੈ। ਹੁਣ ਸਿੱਧੂ ਇਸ ਖ਼ਿਲਾਫ਼ 2 ਜਨਵਰੀ, 2023 ਨੂੰ ਹੀ ਕੋਈ ਕਾਰਵਾਈ ਕਰ ਸਕਦੇ ਹਨ।