ਲੁਧਿਆਣਾ, 17 ਫਰਵਰੀ | ਪੰਜਾਬ ਵਿਚ ਕਿਸਾਨ ਅੰਦੋਲਨ ਦੇ ਚੱਲਦਿਆਂ ਕਿਸਾਨ ਹੁਣ ਲੁਧਿਆਣਾ ਦਾ ਲਾਡੋਵਾਲ ਟੋਲ ਪਲਾਜ਼ਾ ਅੱਜ ਅਤੇ ਭਲਕੇ 2 ਦਿਨਾਂ ਲਈ ਬੰਦ ਰੱਖਣਗੇ। ਕਿਸਾਨ ਪੂਰੀ ਤਰ੍ਹਾਂ ਟੋਲ ਫ੍ਰੀ ਕਰ ਰਹੇ ਹਨ। ਅੱਜ ਦੁਪਹਿਰ 12 ਵਜੇ ਕਿਸਾਨ ਲਾਡੋਵਾਲ ਟੋਲ ਪਲਾਜ਼ਾ ’ਤੇ ਡੇਰਾ ਲਾਉਣਗੇ। ਦੱਸ ਦਈਏ ਕਿ ਇਸ ਤੋਂ ਪਹਿਲਾਂ ਕਿਸਾਨਾਂ ਨੇ ਲਗਾਤਾਰ 2 ਦਿਨਾਂ ਤੋਂ ਲਾਡੋਵਾਲ ਟੋਲ ਪਲਾਜ਼ਾ ਨੂੰ ਕੁਝ ਘੰਟਿਆਂ ਲਈ ਬੰਦ ਰੱਖਿਆ ਸੀ।
ਜਾਣਕਾਰੀ ਦਿੰਦਿਆਂ ਬੀਕੇਯੂ ਉਗਰਾਹਾਂ ਦੇ ਦਿਹਾਤੀ ਪ੍ਰਧਾਨ ਗੁਰਪ੍ਰੀਤ ਸਿੰਘ ਨੇ ਕਿਹਾ ਕਿ ਹਰਿਆਣਾ ਅਤੇ ਕੇਂਦਰ ਸਰਕਾਰ ਸ਼ੰਭੂ ਬਾਰਡਰ ‘ਤੇ ਕਿਸਾਨਾਂ ਨੂੰ ਤੰਗ ਪ੍ਰੇਸ਼ਾਨ ਕਰ ਰਹੀ ਹੈ। ਇਸ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਉਨ੍ਹਾਂ ਦਾ ਗਰੁੱਪ ਵੀ ਕਿਸਾਨਾਂ ਦੇ ਸਮਰਥਨ ਲਈ ਮੈਦਾਨ ਵਿਚ ਆ ਗਿਆ ਹੈ।
ਅੱਜ ਕਿਸਾਨ ਅੰਦੋਲਨ ਦਾ ਸੱਤਵਾਂ ਦਿਨ ਹੈ। ਪੰਜਾਬ ਦੇ ਕਿਸਾਨ ਦਿੱਲੀ ਜਾਣ ਦੀ ਜ਼ਿੱਦ ਨਾਲ ਸ਼ੰਭੂ ਬਾਰਡਰ ‘ਤੇ ਡਟੇ ਹੋਏ ਹਨ। ਇਸ ਅੰਦੋਲਨ ਦੌਰਾਨ ਇਕ ਕਿਸਾਨ ਦੀ ਦਿਲ ਦਾ ਦੌਰਾ ਪੈਣ ਨਾਲ ਅਤੇ ਇਕ ਸਬ-ਇੰਸਪੈਕਟਰ ਦੀ ਦਮ ਘੁਟਣ ਨਾਲ ਮੌਤ ਹੋ ਗਈ ਸੀ।
ਪੰਜਾਬ ਦੀ ਸਭ ਤੋਂ ਵੱਡੀ ਕਿਸਾਨ ਜਥੇਬੰਦੀ ਬੀਕੇਯੂ (ਉਗਰਾਹਾਂ) ਵੀ ਇਸ ਅੰਦੋਲਨ ਵਿਚ ਸ਼ਾਮਲ ਹੋ ਗਈ ਹੈ। ਉਹ ਅੱਜ ਤੋਂ 2 ਦਿਨਾਂ ਲਈ ਪੰਜਾਬ ਦੇ ਸਾਰੇ ਟੋਲ ਫ੍ਰੀ ਕਰ ਦੇਣਗੇ। ਇਸ ਤੋਂ ਇਲਾਵਾ ਪੰਜਾਬ ਭਾਜਪਾ ਆਗੂ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ, ਸੂਬਾ ਪ੍ਰਧਾਨ ਸੁਨੀਲ ਜਾਖੜ ਅਤੇ ਕੇਵਲ ਢਿੱਲੋਂ ਦੇ ਘਰ ਦਾ ਘਿਰਾਓ ਕਰਨਗੇ।
ਇਸ ਦੇ ਨਾਲ ਹੀ ਬੀਕੇਯੂ (ਚੜੂਨੀ) ਹਰਿਆਣਾ ਦੀਆਂ ਤਹਿਸੀਲਾਂ ਵਿਚ ਟਰੈਕਟਰ ਮਾਰਚ ਕੱਢੇਗੀ। ਸ਼ੰਭੂ ਬਾਰਡਰ ‘ਤੇ ਪ੍ਰਦਰਸ਼ਨ ਕਰ ਰਹੇ ਕਿਸਾਨਾਂ ਦੇ ਸਮਰਥਨ ‘ਚ ਅੱਜ ਚੜੂਨੀ ਗਰੁੱਪ ਹਰਿਆਣਾ ਦੀਆਂ ਸਾਰੀਆਂ ਤਹਿਸੀਲਾਂ ‘ਚ ਟਰੈਕਟਰ ਮਾਰਚ ਕੱਢੇਗਾ। ਕਿਸਾਨਾਂ ਨੂੰ ਸਵੇਰੇ 11 ਵਜੇ ਧਰਨਾ ਦੇਣ ਦਾ ਸਮਾਂ ਦਿੱਤਾ ਗਿਆ ਹੈ। ਇਸ ਲਈ ਕਿਸਾਨਾਂ ਨੇ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਹਨ।
ਗੁਰਨਾਮ ਸਿੰਘ ਚੜੂਨੀ ਨੇ ਕਿਹਾ ਕਿ ਕਿਸਾਨਾਂ ਨੂੰ ਸੱਦਾ ਹੈ ਕਿ ਕੋਈ ਵੀ ਕਿਸਾਨ ਪਿੰਡ ਵਿਚ ਟਰੈਕਟਰ ਲੈ ਕੇ ਨਾ ਬੈਠਣ, ਇਸ ਅੰਦੋਲਨ ਵਿਚ ਵੱਧ-ਚੜ੍ਹ ਕੇ ਹਿੱਸਾ ਲੈ ਕੇ ਕਿਸਾਨਾਂ ਦੀ ਆਵਾਜ਼ ਬੁਲੰਦ ਕਰੇ। ਇਹ ਟਰੈਕਟਰ ਮਾਰਚ ਸ਼ਾਂਤਮਈ ਢੰਗ ਨਾਲ ਕੱਢਿਆ ਜਾਵੇਗਾ।ਕਿਸਾਨਾਂ ਵੱਲੋਂ 11 ਫਰਵਰੀ ਤੋਂ ਦਿੱਲੀ ਵੱਲ ਕੂਚ ਕੀਤਾ ਹੋਇਆ ਹੈ ਅਤੇ ਉਨ੍ਹਾਂ ਨੂੰ ਹਰਿਆਣਾ ਦੀ ਸਰਕਾਰ ਵੱਲੋਂ ਭਾਰੀ ਬਲ ਦਾ ਪ੍ਰਯੋਗ ਕਰਕੇ ਰੋਕਿਆ ਜਾ ਰਿਹਾ ਹੈ। ਇਸ ਦੌਰਾਨ ਕਿਸਾਨਾਂ ਦੀਆਂ ਹਰਿਆਣਾ ਦੇ ਸ਼ੰਭੂ ਅਤੇ ਖਨੌਰੀ ਬਾਰਡਰ ‘ਤੇ ਝੜਪਾਂ ਦੀਆਂ ਕਈ ਖਬਰਾਂ ਵੀ ਸਾਹਮਣੇ ਆਈਆਂ ਹਨ, ਜਿਸ ‘ਚ ਕਿਸਾਨ ਵੱਡੀ ਗਿਣਤੀ ‘ਚ ਜ਼ਖਮੀ ਵੀ ਹੋਏ ਹਨ।
ਇਸ ਦੌਰਾਨ ਕਿਸਾਨ ਅਤੇ ਕੇਂਦਰੀ ਮੰਤਰੀਆਂ ਵਿਚਾਲੇ ਕਈ ਮੀਟਿੰਗਾਂ ਵੀ ਹੋਈਆਂ ਹਨ ਪਰ ਕਿਸੇ ਵੀ ਮੀਟਿੰਗ ‘ਚ ਗੱਲ ਨਹੀਂ ਬਣੀ। ਹੁਣ ਅਗਲੀ ਮੀਟਿੰਗ ਐਤਵਾਰ ਨੂੰ ਹੋਵੇਗੀ।