ਫਿਰੋਜ਼ਪੁਰ ਪੁਲਿਸ ਦਾ ਵੱਡਾ ਐਕਸ਼ਨ : ਨਸ਼ਾ ਤਸਕਰ ਦੀ 1.22 ਕਰੋੜ ਦੀ ਜਾਇਦਾਦ ਕੀਤੀ ਜ਼ਬਤ

0
1624

ਫਿਰੋਜ਼ਪੁਰ, 23 ਨਵੰਬਰ | ਇਥੋਂ ਇਕ ਵੱਡੀ ਖਬਰ ਸਾਹਮਣੇ ਆਈ ਹੈ। ਫ਼ਿਰੋਜ਼ਪੁਰ ਪੁਲਿਸ ਨੇ ਇਕ ਹੋਰ ਨਸ਼ਾ ਤਸਕਰ ਦੀ 1 ਕਰੋੜ 22 ਲੱਖ 6 ਹਜ਼ਾਰ ਰੁਪਏ ਦੀ ਜਾਇਦਾਦ ਜ਼ਬਤ ਕੀਤੀ ਹੈ। ਨਸ਼ਾ ਤਸਕਰ ਵਿਰੁੱਧ ਜ਼ਿਲ੍ਹੇ ਦੇ ਵੱਖ-ਵੱਖ ਥਾਣਿਆਂ ਵਿਚ ਕੁੱਲ ਪੰਜ ਕੇਸ ਦਰਜ ਹਨ, ਜਿਸ ਵਿਚ ਐਨ.ਡੀ.ਪੀ.ਐਸ. ਐਕਟ ਤਹਿਤ ਤਿੰਨ ਅਤੇ ਦੋ ਹੋਰ ਅਪਰਾਧਿਕ ਗਤੀਵਿਧੀਆਂ ਤਹਿਤ ਕੇਸ ਦਰਜ ਹਨ। ਸਾਲ 2016 ਵਿਚ ਪੁਲਿਸ ਨੇ ਮੁਲਜ਼ਮ ਨੂੰ 260 ਗ੍ਰਾਮ ਹੈਰੋਇਨ ਸਮੇਤ ਗ੍ਰਿਫ਼ਤਾਰ ਕੀਤਾ ਸੀ।

ਇਸ ਤੋਂ ਬਾਅਦ ਉਹ 10 ਸਾਲ ਦੀ ਸਜ਼ਾ ਕੱਟ ਰਿਹਾ ਹੈ। ਐਸਪੀ ਰਣਧੀਰ ਕੁਮਾਰ ਨੇ ਦੱਸਿਆ ਕਿ ਨਸ਼ਾ ਤਸਕਰ ਬਲਵਿੰਦਰ ਸਿੰਘ ਉਰਫ਼ ਗੋਲਾ ਵਾਸੀ ਪਿੰਡ ਸ਼ਾਹ ਅੱਬੂ ਬੁੱਕਰ ਨੂੰ 19 ਫਰਵਰੀ 2016 ਨੂੰ 260 ਗ੍ਰਾਮ ਹੈਰੋਇਨ ਸਮੇਤ ਕਾਬੂ ਕੀਤਾ ਗਿਆ ਸੀ, ਜਿਸ ਤੋਂ ਬਾਅਦ ਅਦਾਲਤ ਵਲੋਂ ਦੋਸ਼ੀ ਸਾਬਤ ਹੋਣ ਤੋਂ ਬਾਅਦ ਬਲਵਿੰਦਰ ਸਿੰਘ ਨੂੰ 10 ਸਾਲ ਦੀ ਕੈਦ ਅਤੇ 1 ਲੱਖ ਰੁਪਏ ਜੁਰਮਾਨਾ ਭਰਨ ਦਾ ਹੁਕਮ ਸੁਣਾਇਆ ਗਿਆ।

ਬਲਵਿੰਦਰ ਸਿੰਘ ਦੀ ਜੋ ਜਾਇਦਾਦ ਜ਼ਬਤ ਕੀਤੀ ਗਈ ਹੈ, ਉਸ ਵਿਚ ਪਿੰਡ ਵਿਚ 64 ਮਰਲੇ ਵਿਚ ਬਣਿਆ ਇਕ ਮਕਾਨ ਜਿਸ ਦੀ ਕੀਮਤ 71 ਲੱਖ 70 ਹਜ਼ਾਰ ਰੁਪਏ ਹੈ, ਪਿੰਡ ਵਿਚ 41 ਲੱਖ 94 ਹਜ਼ਾਰ ਰੁਪਏ ਦੀ ਕੀਮਤ ਦਾ ਇਕ ਹੋਰ ਮਕਾਨ ਅਤੇ 8 ਲੱਖ 42 ਹਜ਼ਾਰ ਰੁਪਏ ਦੀ ਕੀਮਤ ਦਾ ਭਰਾ ਸੁਖਵਿੰਦਰ ਸਿੰਘ ਦਾ ਇਕ ਟਰੈਕਟਰ ਹੈ। ਕੁੱਲ ਜ਼ਬਤ ਕੀਤੀ ਗਈ ਜਾਇਦਾਦ ਦੀ ਕੀਮਤ 1 ਕਰੋੜ 22 ਲੱਖ 6 ਹਜ਼ਾਰ ਰੁਪਏ ਹੈ।