ਅੰਮ੍ਰਿਤਸਰ | ਖੰਡਵਾਲਾ ਵਿਖੇ ਇੱਕ ਮਾਮਲਾ ਸਾਹਮਣੇ ਆਇਆ ਹੈ ਜਿਥੇ ਇਕ ਔਰਤ ਵੱਲੋਂ ਆਤਮਹੱਤਿਆ ਕੀਤੀ ਗਈ ਹੈ। ਕੋਈ ਜ਼ਹਿਰੀਲੀ ਚੀਜ਼ ਖਾ ਕੇ ਉਸ ਨੇ ਆਪਣੀ ਜੀਵਨ ਲੀਲਾ ਖਤਮ ਕੀਤੀ। ਉਕਤ ਔਰਤ ਦੀ ਪਛਾਣ ਗੁਰਪ੍ਰੀਤ ਵਜੋਂ ਹੋਈ ਹੈ। ਲੁਧਿਆਣਾ ਵਿਖੇ ਮੋਦੀਖਾਨਾ ਜੋ ਕਿ ਬਲਜਿੰਦਰ ਸਿੰਘ ਜਿੰਦੂ ਵੱਲੋਂ ਖੋਲ੍ਹਿਆ ਗਿਆ ਸੀ ਉਦੋਂ ਉਸ ਨੂੰ ਲੈ ਕੇ ਵੱਖ-ਵੱਖ ਸੂਬਿਆਂ ‘ਚ ਇਸ ਮੋਦੀਖਾਨੇ ਨੂੰ ਲੈ ਕੇ ਵਿਵਾਦ ਹੋਇਆ ਸੀ। ਕੋਈ ਇਸ ਮੋਦੀਖਾਨੇ ਦੇ ਹੱਕ ‘ਚ ਸੀ ਤੇ ਕੋਈ ਇਸ ਦੇ ਵਿਰੋਧ ‘ਚ ਸੀ। ਉਨ੍ਹਾਂ ‘ਚੋਂ ਇੱਕ ਗੁਰਪ੍ਰੀਤ ਵੀ ਸੀ ਜਿਸ ਨੇ ਇਸ ਮੋਦੀਖਾਨੇ ਦਾ ਵਿਰੋਧ ਕੀਤਾ ਕੀਤਾ ਗਿਆ ਸੀ। ਗੁਰਪ੍ਰੀਤ ਇੱਕ ਸਮਾਜ ਸੇਵੀ ਸੰਸਥਾ ਵੀ ਚਲਾਉਂਦੀ ਸੀ ਤੇ ਉਨ੍ਹਾਂ ਵੱਲੋਂ ਆਤਮਹੱਤਿਆ ਕੀਤੇ ਜਾਣ ‘ਤੇ ਸਾਰਿਆਂ ਨੂੰ ਬਹੁਤ ਹੀ ਹੈਰਾਨੀ ਹੋਈ ਹੈ। ਪੁਲਿਸ ਨੂੰ ਇੱਕ ਸੁਸਾਈਡ ਨੋਟ ਮਿਲਿਆ ਹੈ। ਦੁੱਖ ਨਿਵਾਰਨ ਹਸਪਤਾਲ ਵਿਖੇ ਉਕਤ ਔਰਤ ਨੂੰ ਇਲਾਜ ਲਈ ਲਿਆਂਦਾ ਗਿਆ ਸੀ ਪਰ ਉਥੇ ਪੁੱਜਣ ‘ਤੇ ਹੀ ਉਨ੍ਹਾਂ ਦੀ ਮੌਤ ਹੋ ਗਈ।
ਉਕਤ ਔਰਤ ਗੁਰਪ੍ਰੀਤ ਵੱਲੋਂ ਇੱਕ ਕਲੀਨਿਕ ਵੀ ਚਲਾਈ ਜਾ ਰਹੀ ਸੀ। ਗੁਰਪ੍ਰੀਤ ਦੇ ਪੁੱਤਰ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਉਹ ਪਿਛਲੇ ਕਾਫੀ ਸਮੇਂ ਤੋਂ IELTS ਦੀਆਂ ਕਲਾਸਾਂ ਲਗਾ ਰਿਹਾ ਸੀ ਤੇ ਉਸ ਨੂੰ ਉਸ ਦੇ ਦਾਦੇ ਦਾ ਫੋਨ ਆਇਆ ਕਿ ਉਹ ਜਲਦੀ ਘਰ ਆ ਜਾਵੇ ਤੇ ਘਰ ਪੁੱਜਣ ‘ਤੇ ਉਸ ਨੂੰ ਮਾਂ ਵੱਲੋਂ ਆਤਮਹੱਤਿਆ ਕਰਨ ਦਾ ਪਤਾ ਲੱਗਾ। ਪੁੱਤਰ ਦਾ ਕਹਿਣਾ ਸੀ ਕਿ ਉਨ੍ਹਾਂ ਦੀ ਮਾਂ ਦਾ ਕਿਸੇ ਨਾਲ ਕੋਈ ਲੜਾਈ ਝਗੜਾ ਨਹੀਂ ਸੀ।
ਇਸ ਤੋਂ ਇਲਾਵਾ ਹੋਰ ਕੋਈ ਜਾਣਕਾਰੀ ਉਸ ਨੂੰ ਨਹੀਂ ਸੀ। ਪੁਲਿਸ ਦਾ ਕਹਿਣਾ ਹੈ ਕਿ ਪੋਸਟਮਾਰਟਮ ਦੀ ਰਿਪੋਰਟ ਆਉਣ ਤੋਂ ਬਾਅਦ ਹੀ ਇਹ ਸਪੱਸ਼ਟ ਹੋ ਸਕੇਗਾ ਕਿ ਗੁਰਪ੍ਰੀਤ ਨੇ ਸੁਸਾਈਡ ਕੀਤੀ ਜਾਂ ਤਾਂ ਉਨ੍ਹਾਂ ਵੱਲੋਂ ਕੋਈ ਜ਼ਹਿਰੀਲੀ ਚੀਜ਼ ਖਾਧੀ ਗਈ। ਇਹ ਪਤਾ ਲੱਗਾ ਹੈ ਕਿ ਜਦੋਂ ਉਨ੍ਹਾਂ ਨੇ ਆਤਮਹੱਤਿਆ ਕੀਤੀ ਉਹ ਕਲੀਨਿਕ ‘ਚ ਸਨ ਤੇ ਉਹ ਡਿਪ੍ਰੈਸ਼ਨ ਦੇ ਮਰੀਜ਼ ਵੀ ਸਨ ਜਿਨ੍ਹਾਂ ਦੀ ਦਵਾਈ ਡਾ. ਕੱਕੜ ਤੋਂ ਚੱਲ ਰਹੀ ਸੀ। ਪਿਛਲੇ ਕੁਝ ਦਿਨਾਂ ਤੋਂ ਉਹ ਡਿਪ੍ਰੈਸ਼ਨ ‘ਚ ਜ਼ਿਆਦਾ ਹੀ ਸਨ। ਹੁਣ ਇਹ ਗੱਲ ਸਪੱਸ਼ਟ ਨਹੀਂ ਹੋ ਸਕੀ ਹੈ ਕਿ ਉਨ੍ਹਾਂ ਨੇ ਗਲਤ ਦਵਾਈ ਖਾ ਲਈ ਜਾਂ ਦਵਾਈ ਦੀ ਵੱਧ ਮਾਤਰਾ ਲੈਣ ਨਾਲ ਉਨ੍ਹਾਂ ਦੀ ਮੌਤ ਹੋ ਗਈ।
ਸੁਸਾਈਡ ਨੋਟ ‘ਚ ਉਨ੍ਹਾਂ ਨੇ ਲਿਖਿਆ ਹੈ ਕਿ ਮੈਂ ਆਪਣੀ ਜ਼ਿੰਦਗੀ ਤੋਂ ਜਾ ਰਹੀ ਹੈ। ਇਸ ਤੋਂ ਇਲਾਵਾ ਹੋਰ ਕੁਝ ਵੀ ਨਹੀਂ ਲਿਖਿਆ ਮਿਲਿਆ। ਪੋਸਟਮਾਰਟਮ ਦੀ ਰਿਪੋਰਟ ਤੋਂ ਬਾਅਦ ਹੀ ਸਪੱਸ਼ਟ ਹੋ ਸਕੇਗਾ ਕਿ ਉਨ੍ਹਾਂ ਨੇ ਕਿਹੜੀ ਦਵਾਈ ਖਾਧੀ, ਜਿਸ ਨਾਲ ਉਨ੍ਹਾਂ ਦੀ ਮੌਤ ਹੋ ਗਈ। 174 ਦੀ ਕਾਰਵਾਈ ਕਰਦੇ ਹੋਏ ਮਾਮਲਾ ਦਰਜ ਕਰ ਲਿਆ ਗਿਆ ਹੈ ਤੇ ਲਾਸ਼ ਨੂੰ ਪੋਸਟਮਾਰਟਮ ਵਾਸਤੇ ਭੇਜ ਦਿੱਤਾ ਗਿਆ ਹੈ।