ਚੰਡੀਗੜ੍ਹ, 4 ਅਕਤੂਬਰ | ਦਿੱਲੀ ਦੇ ਸਾਬਕਾ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੇ ਕਰੀਬੀ ਬਿਭਵ ਕੁਮਾਰ ਨੂੰ ਪੰਜਾਬ ਦੇ ਮੁੱਖ ਮੰਤਰੀ ਦਾ ਸਲਾਹਕਾਰ ਨਿਯੁਕਤ ਕੀਤਾ ਗਿਆ ਹੈ। ਬਿਭਵ ਕੁਮਾਰ ਜਲਦੀ ਹੀ ਸੀ.ਐਮ ਦਫਤਰ ਜੁਆਇਨ ਕਰਨਗੇ।
ਕੌਣ ਹੈ ਬਿਭਵ ਕੁਮਾਰ?
ਅਰਵਿੰਦ ਕੇਜਰੀਵਾਲ ਅਤੇ ਬਿਭਵ ਕੁਮਾਰ ਦੀ ਦੋਸਤੀ ਸਾਲਾਂ ਪੁਰਾਣੀ ਹੈ। 2015 ‘ਚ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੇ ਨਿੱਜੀ ਸਕੱਤਰ ਬਣੇ ਬਿਭਵ ਕੁਮਾਰ ਲੰਬੇ ਸਮੇਂ ਤੋਂ ਉਨ੍ਹਾਂ ਦੇ ਨਾਲ ਹਨ। ਬਿਭਵ ਬਿਹਾਰ ਦਾ ਰਹਿਣ ਵਾਲਾ ਹੈ।
ਬਿਭਵ ਕੁਮਾਰ ਵੀਡੀਓ ਜਰਨਲਿਸਟ ਵਜੋਂ ਕੰਮ ਕਰਦਾ ਸੀ। ਉਹ ਅਰਵਿੰਦ ਕੇਜਰੀਵਾਲ ਨੂੰ ਮਿਲਿਆ ਅਤੇ ਇੰਡੀਆ ਅਗੇਂਸਟ ਕੁਰੱਪਸ਼ਨ ਮੈਗਜ਼ੀਨ ਲਈ ਕੰਮ ਕਰਨਾ ਸ਼ੁਰੂ ਕਰ ਦਿੱਤਾ। ਇੰਡੀਆ ਅਗੇਂਸਟ ਕੁਰੱਪਸ਼ਨ ਸੰਗਠਨ ਨੇ ਸਾਲ 2011 ਵਿਚ ਦੇਸ਼ ਵਿਚ ਭ੍ਰਿਸ਼ਟਾਚਾਰ ਦੇ ਖਿਲਾਫ ਅੰਦੋਲਨ ਸ਼ੁਰੂ ਕੀਤਾ ਸੀ।
ਬਿਭਵ ਸ਼ੁਰੂ ਤੋਂ ਹੀ ਅਰਵਿੰਦ ਕੇਜਰੀਵਾਲ ਦੇ ਰੋਜ਼ਾਨਾ ਦੇ ਪ੍ਰੋਗਰਾਮ ਅਤੇ ਹੋਰ ਕੰਮ ਦੇਖ ਰਿਹਾ ਸੀ। ਸਰਕਾਰ ਬਣਨ ਤੋਂ ਬਾਅਦ ਵੀ ਉਹ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੇ ਰੋਜ਼ਾਨਾ ਦੇ ਕੰਮ ਨੂੰ ਦੇਖਦੇ ਰਹਿੰਦੇ ਸਨ। ਹਾਲਾਂਕਿ ਵਿਜੀਲੈਂਸ ਵਿਭਾਗ ਨੇ ਉਨ੍ਹਾਂ ਦੀ ਨਿਯੁਕਤੀ ਰੱਦ ਕਰ ਦਿੱਤੀ ਸੀ।
ਆਮ ਆਦਮੀ ਪਾਰਟੀ ਦੀ ਸੰਸਦ ਮੈਂਬਰ ਸਵਾਤੀ ਮਾਲੀਵਾਲ ਨੇ ਕੁਝ ਸਮਾਂ ਪਹਿਲਾਂ ਦੋਸ਼ ਲਾਇਆ ਸੀ ਕਿ ਦਿੱਲੀ ਦੇ ਸਾਬਕਾ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀ ਸਰਕਾਰੀ ਰਿਹਾਇਸ਼ ‘ਤੇ ਉਨ੍ਹਾਂ ਦੇ ਸਹਿਯੋਗੀ ਬਿਭਵ ਕੁਮਾਰ ਨੇ ਉਨ੍ਹਾਂ ਨਾਲ ਕੁੱਟਮਾਰ ਕੀਤੀ ਅਤੇ ਦੁਰਵਿਵਹਾਰ ਕੀਤਾ।