ਲੁਧਿਆਣਾ : ਭੰਗ ਪੀਣ ਦੇ ਆਦੀ ਚਾਚੇ ਨੇ 13 ਵਰ੍ਹਿਆਂ ਦੀ ਸਕੀ ਭਤੀਜੀ ਨਾਲ ਕੀਤੀਆਂ ਅਸ਼ਲੀਲ ਹਰਕਤਾਂ, ਪਰਚਾ ਦਰਜ

0
567

ਲੁਧਿਆਣਾ। ਟਿਊਸ਼ਨ ਤੋਂ ਘਰ ਛੱਡਣ ਦੇ ਬਹਾਨੇ ਸਕੇ ਚਾਚੇ ਆਪਣੀ ਨਾਬਾਲਗ ਭਤੀਜੀ ਨਾਲ ਅਸ਼ਲੀਲ ਹਰਕਤਾਂ ਕੀਤੀਆਂ| ਇਸ ਸ਼ਰਮਨਾਕ ਘਟਨਾ ਦੀ ਸੂਚਨਾ ਮਿਲਦੇ ਹੀ ਥਾਣਾ ਦਰੇਸੀ ਦੀ ਪੁਲਿਸ ਨੇ ਤੁਰੰਤ ਕਾਰਵਾਈ ਕਰਦਿਆਂ ਜੋਧੇਵਾਲ ਬਸਤੀ ਦੇ ਵਾਸੀ ਤਰਲੋਚਨ ਸਿੰਘ ਨੂੰ ਹਿਰਾਸਤ ਵਿਚ ਲੈ ਕੇ ਉਸ ਦੇ ਖਿਲਾਫ ਮੁਕੱਦਮਾ ਦਰਜ ਕੀਤਾ |

ਥਾਣਾ ਦਰੇਸੀ ਦੀ ਪੁਲਿਸ ਨੂੰ ਜਾਣਕਾਰੀ ਦਿੰਦਿਆਂ ਲੜਕੀ ਦੇ ਪਿਤਾ ਨੇ ਦੱਸਿਆ ਕਿ ਉਸਦੀ 13 ਵਰ੍ਹਿਆਂ ਦੀ ਬੇਟੀ 9ਵੀ ਜਮਾਤ ਪੜ੍ਹਦੀ ਹੈ| ਬੀਤੀ ਸ਼ਾਮ ਨੂੰ ਉਹ ਟਿਊਸ਼ਨ ਪੜ੍ਹ ਕੇ ਘਰ ਵਾਪਸ ਆ ਰਹੀ ਸੀ| ਇਸੇ ਦੌਰਾਨ ਮੁਦੱਈ ਦੇ ਛੋਟੇ ਭਰਾ ਤਰਲੋਚਨ ਸਿੰਘ ਨੇ ਲੜਕੀ ਨੂੰ ਘਰ ਛੱਡਣ ਦੀ ਗੱਲ ਆਖ ਕੇ ਉਸ ਨੂੰ ਮੋਟਰਸਾਈਕਲ ‘ਤੇ ਬਿਠਾ ਲਿਆ| ਖੁਦ ਨੂੰ ਮਹਿਫੂਜ਼ ਸਮਝਦੀ ਹੋਈ ਲੜਕੀ ਆਪਣੇ ਚਾਚੇ ਨਾਲ ਘਰ ਵੱਲ ਨੂੰ ਚੱਲ ਪਈ।

ਹਵਸ ਵਿੱਚ ਅੰਨ੍ਹਾ ਚਾਚਾ ਭਤੀਜੀ ਨੂੰ ਘਰ ਛੱਡਣ ਦੀ ਬਜਾਏ ਗਲੀਆਂ ਵਿੱਚ ਘੁਮਾਉਂਦਾ ਰਿਹਾ| ਮੁਲਜ਼ਮ ਨੇ ਲੜਕੀ ਨਾਲ ਅਸ਼ਲੀਲ ਹਰਕਤਾਂ ਕਰਨੀਆਂ ਸ਼ੁਰੂ ਕਰ ਦਿੱਤੀਆਂ| ਵਿਰੋਧ ਕਰਨ ‘ਤੇ ਉਸਨੇ ਬੱਚੇ ਨੂੰ ਧਮਕੀਆਂ ਦਿੱਤੀਆਂ ਅਤੇ ਕਿਸੇ ਨੂੰ ਨਾ ਦੱਸਣ ਦੀ ਗੱਲ ਆਖ ਕੇ ਘਰ ਦੇ ਲਾਗੇ ਉਤਾਰ ਦਿੱਤਾ| ਘਰ ਪਹੁੰਚੀ ਲੜਕੀ ਨੇ ਪਰਿਵਾਰਕ ਮੈਂਬਰਾਂ ਨੂੰ ਆਪਣੇ ਚਾਚੇ ਦੀ ਕਰਤੂਤ ਦੱਸੀ।

ਮਾਮਲੇ ਦੀ ਗੰਭੀਰਤਾ ਨੂੰ ਦੇਖਦੇ ਹੋਏ ਥਾਣਾ ਦਰੇਸੀ ਦੀ ਪੁਲਿਸ ਨੇ ਮੁਲਜ਼ਮ ਤਰਲੋਚਨ ਸਿੰਘ ਦੇ ਖਿਲਾਫ ਮੁਕੱਦਮਾ ਦਰਜ ਕੀਤਾ| ਜਾਂਚ ਅਧਕਾਰੀ ਨਿਰਮਲ ਸਿੰਘ ਦਾ ਕਹਿਣਾ ਹੈ ਕਿ ਪੁਲਿਸ ਨੇ ਮੁਲਜ਼ਮ ਤਰਲੋਚਨ ਸਿੰਘ ਨੂੰ ਨਾਕਾਬੰਦੀ ਦੇ ਦੌਰਾਨ ਗ੍ਰਿਫਤਾਰ ਕਰ ਲਿਆ ਹੈ|

ਜਾਂਚ ਅਧਿਕਾਰੀ ਦਾ ਕਹਿਣਾ ਹੈ ਕਿ ਮੁੱਢਲੀ ਤਫਤੀਸ਼ ਦੇ ਦੌਰਾਨ ਸਾਹਮਣੇ ਆਇਆ ਹੈ ਕਿ ਮੁਲਜਮ ਭੰਗ ਦਾ ਨਸ਼ਾ ਕਰਦਾ ਹੈ। ਵੀਰਵਾਰ ਦੁਪਹਿਰ ਤੋਂ ਬਾਅਦ ਉਸ ਨੂੰ ਅਦਾਲਤ ਵਿਚ ਪੇਸ਼ ਕੀਤਾ ਜਾਵੇਗਾ|