ਮੋਹਾਲੀ | ਟਰੈਫਿਕ ਰੂਲ ਤੋੜਨ ਵਾਲਿਆਂ ਲਈ ਅਹਿਮ ਖਬਰ ਆਈ ਹੈ। ਸ਼ਹਿਰ ਦੇ ਕੁਝ ਲੋਕ ਜਿਥੇ ਟ੍ਰੈਫਿਕ ਪੁਲਿਸ ਤਾਇਨਾਤ ਨਹੀਂ ਹੈ, ਉਥੇ ਹੀ ਸੜਕਾਂ ‘ਤੇ ਅੰਨ੍ਹੇਵਾਹ ਟਰੈਫਿਕ ਨਿਯਮਾਂ ਦੀ ਉਲੰਘਣਾ ਕਰਦੇ ਹਨ ਪਰ ਹੁਣ ਅਜਿਹਾ ਕਰਨਾ ਉਨ੍ਹਾਂ ਨੂੰ ਮਹਿੰਗਾ ਪਵੇਗਾ ਕਿਉਂਕਿ ਚੰਡੀਗੜ੍ਹ ਦੀ ਤਰਜ਼ ‘ਤੇ ਸ਼ਹਿਰ ਵੀ ਸੀ.ਸੀ.ਟੀ.ਵੀ ਕੈਮਰਿਆਂ ਦੀ ਲਪੇਟ ‘ਚ ਆ ਰਿਹਾ ਹੈ।
ਪੁਲਿਸ ਨੇ ਸੀਐਸਆਰ ਤਹਿਤ ਪ੍ਰਾਈਵੇਟ ਕੰਪਨੀਆਂ ਦੀ ਮਦਦ ਨਾਲ ਸ਼ਹਿਰ ਵਿਚ 220 ਕੈਮਰੇ ਲਾਏ ਹਨ ਜਦੋਂਕਿ ਇਸ ਤੋਂ ਪਹਿਲਾਂ ਸ਼ਹਿਰ ਵਿਚ 450 ਦੇ ਕਰੀਬ ਕੈਮਰੇ ਲੱਗੇ ਹੋਏ ਸਨ। ਇਸ ਦੇ ਨਾਲ ਹੀ ਪੁਲਿਸ ਨੇ 26 ਨਵੀਆਂ ਥਾਵਾਂ ਦੀ ਵੀ ਸ਼ਨਾਖਤ ਕੀਤੀ ਹੈ ਜਿਥੇ ਜਲਦੀ ਹੀ ਕੈਮਰੇ ਲਗਾਏ ਜਾ ਰਹੇ ਹਨ। ਜਦਕਿ ਪੰਜਾਬ ਪੁਲਿਸ ਹਾਊਸਿੰਗ ਕਾਰਪੋਰੇਸ਼ਨ (ਪੀ.ਪੀ.ਐਚ.ਸੀ.) ਹਾਈ ਰੈਜ਼ੋਲਿਊਸ਼ਨ ਵਾਲੇ 400 ਦੇ ਕਰੀਬ ਕੈਮਰੇ ਲਗਾਉਣ ਜਾ ਰਹੀ ਹੈ ਪਰ ਇਸ ਦਾ ਟੈਂਡਰ ਅਜੇ ਤੱਕ ਅਲਾਟ ਨਹੀਂ ਕੀਤਾ ਗਿਆ। ਹਾਲਾਂਕਿ ਸਰਕਾਰ ਨੇ ਇਸ ਲਈ 10.84 ਕਰੋੜ ਰੁਪਏ ਭੇਜੇ ਹਨ।
ਪੀਪੀਐਚਸੀ ਸੋਹਾਣਾ ਥਾਣੇ ਦੀ ਦੂਜੀ ਮੰਜ਼ਿਲ ’ਤੇ ਵਿਸ਼ੇਸ਼ ਕਮਾਂਡ ਐਂਡ ਕੰਟਰੋਲ ਸੈਂਟਰ ਤਿਆਰ ਹੋਵੇਗਾ। ਇਸ ਵਿਚ ਇੱਕ ਡਿਜੀਟਲ ਕੰਧ ਤਿਆਰ ਕੀਤੀ ਜਾਵੇਗੀ। ਇੱਥੋਂ ਪੂਰੇ ਸ਼ਹਿਰ ਦੀ ਕੈਮਰੇ ਦੀ ਤਸਵੀਰ ਸਾਹਮਣੇ ਆਵੇਗੀ, ਕਿੱਥੇ ਕੀ ਹੋ ਰਿਹਾ ਹੈ? ਕੈਮਰਿਆਂ ਰਾਹੀਂ ਕੰਟਰੋਲ ਰੂਮ ਵਿਚ ਕਿਸੇ ਵੀ ਅਪਰਾਧਿਕ ਘਟਨਾ ਦੇ ਨਾਲ ਸੜਕ ਦੁਰਘਟਨਾ ਦਾ ਤੁਰੰਤ ਪਤਾ ਲੱਗ ਜਾਵੇਗਾ। ਇਸ ਤੋਂ ਬਾਅਦ ਪੁਲਿਸ ਦੀ ਮਦਦ ਤੁਰੰਤ ਘਟਨਾ ਵਾਲੀ ਥਾਂ ‘ਤੇ ਪਹੁੰਚ ਸਕੇਗੀ।
ਇਸ ਦੇ ਨਾਲ ਹੀ ਸੀਐਸਆਰ ਦੇ ਸਹਿਯੋਗ ਤਹਿਤ ਪੁਲਿਸ ਨੇ ਸ਼ਹਿਰ ਵਿਚ ਕਈ ਕੈਮਰੇ ਲਾਏ ਹਨ। ਪੁਲਿਸ ਨੇ ਨਵਾਗਾਓਂ ਵਿਚ 26, ਮਟੌਰ ਵਿਚ ਪੰਜ, ਫੇਜ਼-1 ਵਿਚ ਚਾਰ ਕੈਮਰੇ ਲਾਏ ਹਨ। ਇਸ ਤੋਂ ਪਹਿਲਾਂ ਨਵਾਗਾਓਂ ਵਿਚ ਇਕ ਵੀ ਕੈਮਰਾ ਨਹੀਂ ਸੀ। ਇਸ ਦੇ ਨਾਲ ਹੀ ਮਟੌਰ ਵਿਚ ਪਹਿਲਾਂ ਹੀ 26 ਕੈਮਰੇ ਲੱਗੇ ਹੋਏ ਸਨ ਪਰ ਇਨ੍ਹਾਂ ਵਿਚੋਂ 15 ਕੈਮਰੇ ਕੰਮ ਨਹੀਂ ਕਰ ਰਹੇ। ਹੁਣ ਵਿਭਾਗ ਨੇ ਇਸ ਨੂੰ ਠੀਕ ਕਰ ਲਿਆ ਹੈ। ਦੂਜੇ ਪਾਸੇ ਫੇਜ਼-1 ਵਿਚ ਪਹਿਲਾਂ ਹੀ 28 ਕੈਮਰੇ ਲੱਗੇ ਹੋਏ ਸਨ, ਜਿਨ੍ਹਾਂ ਵਿਚੋਂ 10 ਕੰਮ ਨਹੀਂ ਕਰ ਰਹੇ ਸਨ ਪਰ ਹੁਣ ਇਨ੍ਹਾਂ ਦੀ ਮੁਰੰਮਤ ਕਰ ਦਿੱਤੀ ਗਈ ਹੈ।
ਇਹ ਕੈਮਰੇ ਵਾਹਨਾਂ ਦੀਆਂ ਨੰਬਰ ਪਲੇਟਾਂ ਦੀਆਂ ਫੋਟੋਆਂ ਖਿੱਚ ਸਕਣਗੇ ਅਤੇ ਪੁਲਿਸ ਚੋਰੀ ਹੋਏ ਵਾਹਨਾਂ ਦਾ ਡੇਟਾ ਏ.ਐਨ.ਪੀ.ਆਰ ਕੈਮਰਿਆਂ ਵਿੱਚ ਫੀਡ ਕਰੇਗੀ। ਜਿਵੇਂ ਹੀ ਕੋਈ ਸ਼ੱਕੀ ਵਿਅਕਤੀ ਚੋਰੀ ਦੀ ਗੱਡੀ ਲੈ ਕੇ ਲੰਘਦਾ ਹੈ, ANPR ਕੈਮਰਾ ਉਸ ਦੀ ਤਸਵੀਰ ਖਿੱਚ ਲੈਂਦਾ ਹੈ। ਇੱਥੋਂ ਸਿੱਧਾ ਪੁਲਿਸ ਕੰਟਰੋਲ ਰੂਮ ਨੂੰ ਅਲਰਟ ਜਾਰੀ ਕੀਤਾ ਜਾਵੇਗਾ। ਇਸ ਨਾਲ ਦੋਸ਼ੀ ਤੁਰੰਤ ਫੜੇ ਜਾਣਗੇ।