ਚੰਡੀਗੜ੍ਹ। ਸਿੱਧੂ ਮੂਸੇਵਾਲਾ ਦਾ ਕਤਲ ਕਰਨ ਵਾਲੇ ਜਗਰੂਪ ਸਿੰਘ ਰੂਪਾ ਅਤੇ ਮਨਪ੍ਰੀਤ ਸਿੰਘ ਮੰਨੂ ਕੁੱਸਾ ਨੂੰ ਇੱਕ ਅਣਪਛਾਤੀ ਕਾਰ ਪਿੰਡ ਭਕਨਾ ਛੱਡ ਕੇ ਗਈ ਸੀ । DCP ਡਿਟੈਕਟਿਵ ਮੁਖਵਿੰਦਰ ਸਿੰਘ ਨੇ ਵੀ ਇਸ ਦੀ ਪੁਸ਼ਟੀ ਕੀਤੀ ਹੈ । DCP ਅਨੁਸਾਰ ਪੁਲਿਸ ਨੇ ਕਾਰ ਦੀ ਪਛਾਣ ਕਰਨ ਲਈ ਜਾਂਚ ਸ਼ੁਰੂ ਕਰ ਦਿੱਤੀ ਹੈ । ਇਸ ਦੇ ਨਾਲ ਹੀ ਰਾਤ ਦਾ ਹਨੇਰਾ ਹੋਣ ਕਾਰਨ ਫੋਰੈਂਸਿਕ ਟੀਮ ਨੂੰ ਜਾਂਚ ਰੋਕਣੀ ਪਈ । ਇਹ ਜਾਂਚ ਅਗਲੇ ਦੋ ਦਿਨਾਂ ਤੱਕ ਜਾਰੀ ਰਹੇਗੀ।
ਪੁਲਿਸ ਤੋਂ ਮਿਲੀ ਜਾਣਕਾਰੀ ਅਨੁਸਾਰ ਬੁੱਧਵਾਰ ਸ਼ਾਮ ਨੂੰ ਫੋਰੈਂਸਿਕ ਵਿਭਾਗ ਦੀ ਟੀਮ ਨੇ ਹਵੇਲੀ ਅੰਦਰੋਂ AK-47 ਅਤੇ ਉਸ ਦੇ 31 ਚੱਲੇ ਕਾਰਤੂਸ ਬਰਾਮਦ ਕੀਤੇ ਹਨ। ਇਸ ਤੋਂ ਇਲਾਵਾ ਦੋ ਪਿਸਤੌਲ ਵੀ ਬਰਾਮਦ ਹੋਏ ਹਨ। ਪੁਲਿਸ ਨੇ ਮੋਬਾਈਲ ਫ਼ੋਨ ਵੀ ਬਰਾਮਦ ਕੀਤੇ ਹਨ, ਪਰ ਦੋਵਾਂ ਗੈਂਗਸਟਰਾਂ ਨੇ ਮਰਨ ਤੋਂ ਪਹਿਲਾਂ ਹੀ ਇਨ੍ਹਾਂ ਨੂੰ ਤੋੜ ਦਿੱਤਾ ਸੀ
ਇੰਝ ਲੱਗਦਾ ਸੀ ਕਿ ਦੋਵੇਂ ਗੈਂਗਸਟਰ ਆਤਮ ਸਮਰਪਣ ਕਰਨ ਦੇ ਮੂਡ ਵਿੱਚ ਨਹੀਂ ਸਨ, ਸਗੋਂ ਪੁਲਿਸ ਨਾਲ ਮੁਕਾਬਲਾ ਕਰਨਾ ਚਾਹੁੰਦੇ ਸਨ । ਜਿਸ AK-47 ਤੋਂ ਰੂਪਾ ਫਾਇਰਿੰਗ ਕਰ ਰਿਹਾ ਸੀ, ਉਸ ਨੂੰ ਮੁਲਜ਼ਮਾਂ ਨੇ ਬਸਟ ਮੋਡ ‘ਤੇ ਲਗਾ ਕੇ ਰੱਖਿਆ ਸੀ, ਯਾਨੀ ਕਿ ਇੱਕ ਵਾਰ ਟਰਿੱਗਰ ਦਬਾਉਂਦੇ ਹੀ ਦਰਜਨਾਂ ਗੋਲੀਆਂ ਇੱਕੋ ਸਮੇਂ ਨਿਕਲਦੀਆਂ ਸੀ ।
ਪੁਲਿਸ ਨੇ ਮਾਰੇ ਗਏ ਗੈਂਗਸਟਰਾਂ ਦੇ ਮੋਬਾਈਲ ਫ਼ੋਨ ਬਰਾਮਦ ਕਰ ਲਏ ਹਨ। ਮਰਨ ਤੋਂ ਪਹਿਲਾਂ ਦੋਵਾਂ ਗੈਂਗਸਟਰਾਂ ਨੇ ਇਸ ਨੂੰ ਤੋੜ ਦਿੱਤਾ ਸੀ, ਜਿਸ ਕਾਰਨ ਪੁਲਿਸ ਨੇ ਮੋਬਾਇਲ ਨੂੰ ਫੋਰੈਂਸਿਕ ਲੈਬ ਵਿੱਚ ਭੇਜ ਦਿੱਤਾ ਹੈ, ਤਾਂ ਜੋ ਇਸ ਦਾ ਡਾਟਾ ਬਰਾਮਦ ਕੀਤਾ ਜਾ ਸਕੇ। ਦੱਸ ਦੇਈਏ ਕਿ ਇਸ ਤੋਂ ਇਲਾਵਾ ਪੁਲਿਸ ਨੂੰ ਗੈਂਗਸਟਰਾਂ ਦੇ ਬੈਗ ਵੀ ਮਿਲੇ ਹਨ, ਜਿਸ ਵਿੱਚ ਮੁਲਜ਼ਮਾਂ ਨੇ ਕੱਪੜੇ ਅਤੇ ਹਥਿਆਰ ਰੱਖੇ ਹੋਏ ਸਨ ।
ਬੈਗ ਵਿੱਚ ਇੰਨਾ ਅਸਲਾ ਸੀ ਕਿ 2-4 ਘੰਟੇ ਤੱਕ ਦੋਵੇਂ ਗੈਂਗਸਟਰ ਪੁਲਿਸ ਨਾਲ ਮੁਕਾਬਲਾ ਕਰ ਸਕਦੇ ਸਨ । ਪੁਲਿਸ ਅਤੇ ਗੈਂਗਸਟਰਾਂ ਵਿਚਕਾਰ ਇੰਨੀਆਂ ਗੋਲੀਆਂ ਚੱਲੀਆਂ ਹਨ ਕਿ ਇਨ੍ਹਾਂ ਨੂੰ ਵੱਖ ਕਰਨ ਵਿੱਚ ਦੋ ਦਿਨ ਤੋਂ ਵੱਧ ਸਮਾਂ ਲੱਗ ਸਕਦਾ ਹੈ । ਇਸ ਤੋਂ ਬਾਅਦ ਹੀ ਸਪੱਸ਼ਟ ਹੋ ਸਕੇਗਾ ਕਿ ਪੁਲਿਸ ਅਤੇ ਗੈਂਗਸਟਰਾਂ ਨੇ ਇੱਕ ਦੂਜੇ ‘ਤੇ ਕਿੰਨੀਆਂ ਗੋਲੀਆਂ ਚਲਾਈਆਂ।