ਸ਼ਹਿਨਾਜ਼ ਗਿੱਲ ਦੇ ਪਿਤਾ ‘ਤੇ ਬਿਆਸ ਪੁਲਿਸ ਵਲੋਂ ਬਲਾਤਕਾਰ ਦਾ ਕੇਸ ਦਰਜ, ਜਲੰਧਰ ਦੀ ਮਹਿਲਾ ਦਾ ਬੰਦੂਕ ਦੀ ਨੋਕ ‘ਤੇ ਜਬਰ ਜਿਨਾਹ ਕਰਨ ਦਾ ਆਰੋਪ

0
12075

ਚੰਡੀਗੜ੍ਹ. ਬਿਆਸ ਪੁਲਿਸ ਨੇ ਮਾਡਲ ਤੇ ਅਦਾਕਾਰ ਸ਼ਹਿਨਾਜ਼ ਗਿਲ ਦੇ ਪਿਤਾ ਸੰਤੋਖ ਸਿੰਘ ਉਰਫ ਸੁੱਖ ਪ੍ਰਧਾਨ ਦੇ ਖਿਲਾਫ਼ ਬਲਾਤਕਾਰ ਦਾ ਕੇਸ ਦਰਜ ਕੀਤਾ ਹੈ। ਜਲੰਧਰ ਦੀ 40 ਸਾਲਾ ਮਹਿਲਾ ਦੇ ਬਿਆਨਾਂ ਦੇ ਅਧਾਰ ਉੱਤੇ ਪੁਲਿਸ ਨੇ ਕੇਸ ਦਰਜ ਕੀਤਾ ਹੈ।

ਪੀੜਤਾ ਨੇ ਇਲਜ਼ਾਮ ਲਾਇਆ ਹੈ ਕਿ ਸੁੱਖ ਪ੍ਰਧਾਨ ਨੇ 14 ਮਈ ਨੂੰ ਬੰਦੂਕ ਦੀ ਨੋਕ ‘ਤੇ ਆਪਣੀ ਕਾਰ ਵਿੱਚ ਉਸ ਨਾਲ ਬਲਾਤਕਾਰ ਕੀਤਾ। ਪੁਲਿਸ ਨੇ ਮੰਗਲਵਾਰ ਨੂੰ ਪੀੜਤ ਦੀ ਸ਼ਿਕਾਇਤ ‘ਤੇ ਕੇਸ ਦਰਜ ਕੀਤਾ ਸੀ। ਦੱਸ ਦਈਏ ਕਿ ਮੁਲਜ਼ਮ ਅਜੇ ਫਰਾਰ ਹੈ।

ਔਰਤ ਨੇ ਦੱਸਿਆ ਕਿ ਉਸ ਦੀ ਪਿਛਲੇ 12 ਸਾਲਾਂ ਤੋਂ ਜਲੰਧਰ ਦੇ ਰਹਿਣ ਵਾਲੇ ਲੱਕੀ ਸੰਧੂ ਉਰਫ ਰਣਧੀਰ ਸਿੰਘ ਸੰਧੂ ਨਾਲ ਦੋਸਤੀ ਹੈ। ਕੁਝ ਦਿਨ ਪਹਿਲਾਂ ਲੱਕੀ ਨਾਲ ਉਸ ਦੀ ਲੜਾਈ ਹੋ ਗਈ ਸੀ। ਉਸ ਨੂੰ ਪਤਾ ਲੱਗਿਆ ਕਿ ਉਹ ਸੰਤੋਖ ਸਿੰਘ ਉਰਫ ਸੁੱਖ ਪ੍ਰਧਾਨ ਨਿਵਾਸੀ ਅਜੀਤ ਨਗਰ ਬਿਆਸ ਦੇ ਘਰ ਰਹਿੰਦਾ ਹੈ। 14 ਮਈ ਨੂੰ ਸ਼ਾਮ ਕਰੀਬ ਸਾਢੇ ਪੰਜ ਵਜੇ ਉਹ ਆਪਣੀ ਆਲਟੋ ਕਾਰ ‘ਚ ਜਲੰਧਰ ਦੀ ਸਹੇਲੀ ਦੇ ਨਾਲ ਸੁਖ ਪ੍ਰਧਾਨ ਦੇ ਘਰ ਬਿਆਸ ਪਹੁੰਚੀ।

ਸੁੱਖ ਪ੍ਰਧਾਨ ਆਪਣੇ ਘਰ ਦੇ ਬਾਹਰ ਉਸ ਦੀ ਉਡੀਕ ਕਰ ਰਿਹਾ ਸੀ ਜਿਸ ਤੋਂ ਬਾਅਦ ਸੁੱਖ ਪ੍ਰਧਾਨ ਨੇ ਉਸ ਨੂੰ ਲੱਕੀ ਨਾਲ ਮਿਲਵਾਉਣ ਦਾ ਕਹਿ ਕੇ ਆਪਣੀ ਕਾਰ ਵਿੱਚ ਬਿਠਾ ਲਿਆ। ਦੱਸ ਦਈਏ ਕਿ ਇਲਜ਼ਾਮ ਹੈ ਕਿ ਸੁੱਖ ਨੇ ਉਸ ਦੀ ਸਹਿਮਤੀ ਤੋਂ ਬਗੈਰ ਰੋਹੀ ਪੁਲ ਬਿਆਸ ਨੇੜੇ ਬੰਦੂਕ ਦੀ ਨੋਕ ‘ਤੇ ਉਸ ਨਾਲ ਬਲਾਤਕਾਰ ਕੀਤਾ। ਇਸ ਦੇ ਨਾਲ ਹੀ ਉਸ ਨੂੰ ਜਾਨੋਂ ਮਾਰਨ ਦੀ ਧਮਕੀ ਦਿੰਦੇ ਹੋਏ, ਮੁਲਜ਼ਮ ਨੇ ਪੀੜਤਾ ਨੂੰ ਉਸ ਦੀ ਸਹੇਲੀ ਕੋਲ ਛੱਡ ਦਿੱਤਾ।

ਆਈਓ ਇੰਸਪੈਕਟਰ ਹਰਪ੍ਰੀਤ ਕੌਰ ਨੇ ਦੱਸਿਆ ਕਿ ਔਰਤ ਦੀ ਸ਼ਿਕਾਇਤ ’ਤੇ ਬਲਾਤਕਾਰ ਦਾ ਕੇਸ ਦਰਜ ਕਰਕੇ ਮੁਲਜ਼ਮ ਦੇ ਘਰ ਛਾਪਾ ਮਾਰਿਆ ਗਿਆ ਹੈ, ਜੋ ਫਰਾਰ ਹੈ।