ਬਠਿੰਡਾ। ਸਰਕਾਰੀ ਹਸਪਤਾਲ ‘ਚੋਂ 4 ਦਿਨਾਂ ਦੇ ਬੱਚੇ ਨੂੰ ਅਗਵਾ ਹੋਏ 24 ਘੰਟੇ ਤੋਂ ਵੱਧ ਸਮਾਂ ਬੀਤ ਚੁੱਕਾ ਹੈ ਪਰ ਅਜੇ ਤੱਕ ਬੱਚੇ ਦਾ ਕੋਈ ਪਤਾ ਨਹੀਂ ਲੱਗ ਸਕਿਆ ਹੈ, ਜਿਸ ਤੋਂ ਗੁੱਸੇ ‘ਚ ਆਏ ਪਰਿਵਾਰਕ ਮੈਂਬਰਾਂ ਨੇ ਬਠਿੰਡਾ ਦੇ ਸਰਕਾਰੀ ਹਸਪਤਾਲ ਦੇ ਬਾਹਰ ਧਰਨਾ ਦਿੱਤਾ।
ਜਾਣਕਾਰੀ ਅਨੁਸਾਰ ਕੱਲ੍ਹ ਦੁਪਹਿਰ ਬਠਿੰਡਾ ਦੇ ਸਰਕਾਰੀ ਚਿਲਡਰਨ ਹਸਪਤਾਲ ‘ਚੋਂ 2 ਔਰਤਾਂ ਨੇ 4 ਦਿਨ ਦੇ ਬੱਚੇ ਨੂੰ ਅਗਵਾ ਕਰ ਲਿਆ। ਨਰਸ ਦੇ ਭੇਸ ਵਿਚ ਆਈਆਂ ਲੁਟੇਰੀਆਂ ਮਹਿਲਾਵਾਂ ਨੇ ਬੱਚੇ ਦੀ ਮਾਂ ਨੂੰ ਕਿਹਾ ਕਿ ਉਨ੍ਹਾਂ ਨੇ ਬੱਚੇ ਨੂੰ ਡਾਕਟਰ ਨੂੰ ਦਿਖਾਉਣਾ ਹੈ।
ਬੱਚੇ ਕੋਲ ਉਨ੍ਹਾਂ ਦੀ ਇਕ ਰਿਸ਼ਤੇਦਾਰ ਲੜਕੀ ਵੀ ਸੀ, ਉਸ ਨੂੰ ਕਿਹਾ ਗਿਆ ਕਿ ਤੁਸੀਂ ਆਧਾਰ ਕਾਰਡ ਲੈ ਕੇ ਆਓ। ਇਸ ਵਿਚਕਾਰ ਦੋਵੇਂ ਮਹਿਲਾਵਾਂ ਬੱਚੇ ਨੂੰ ਲੈ ਕੇ ਫਰਾਰ ਹੋ ਗਈਆਂ।
ਇਹ ਸਾਰੀ ਘਟਨਾ ਸੀਸੀਟੀਵੀ ਕੈਮਰੇ ਵਿੱਚ ਕੈਦ ਹੋ ਗਈ ਹੈ ਪਰ ਹੁਣ ਤੱਕ ਪੁਲਿਸ ਦੇ ਹੱਥ ਖਾਲੀ ਹਨ। ਜਤਿੰਦਰ ਸਿੰਘ ਡੀ.ਐਸ.ਪੀ ਨੇ ਮਾਮਲੇ ਦੀ ਗੰਭੀਰਤਾ ਨੂੰ ਦੇਖਦੇ ਹੋਏ ਵਿਸ਼ੇਸ਼ ਟੀਮਾਂ ਬਣਾ ਕੇ ਬੱਚੇ ਦੀ ਭਾਲ ਲਈ ਸੀਆਈਏ ਵਨ ਅਤੇ ਸੀਏ ਦੀਆਂ ਦੋ ਟੀਮਾਂ ਤਾਇਨਾਤ ਕੀਤੀਆਂ ਹਨ ਪਰ ਅਜੇ ਤੱਕ ਬੱਚੇ ਦਾ ਕੋਈ ਸੁਰਾਗ ਨਹੀਂ ਮਿਲਿਆ ਹੈ।