ਬਠਿੰਡਾ। ਬਠਿੰਡਾ ਸਿਵਲ ਹਸਪਤਾਲ ਦੇ ਆਪ੍ਰੇਸ਼ਨ ਥੀਏਟਰ ਦਾ ਦਰਵਾਜ਼ਾ ਪਿਛਲੇ ਛੇ ਮਹੀਨਿਆਂ ਤੋਂ ਟੁੱਟਿਆ ਹੋਇਆ ਹੈ, ਜਿੱਥੇ ਕਿ ਹਰ ਰੋਜ਼ ਬਹੁਤ ਕਿਸਮ ਦੇ ਆਪ੍ਰੇਸ਼ਨ ਹੁੰਦੇ ਹਨ। ਬਿਨਾਂ ਦਰਵਾਜ਼ੇ ਤੋਂ ਹੀ ਖੁੱਲ੍ਹੇ ਵਿਚ ਇਹ ਆਪ੍ਰੇਸ਼ਨ ਹੁੰਦੇ ਦੇਖੇ ਜਾ ਸਕਦੇ ਨੇ। ਜਦੋਂ ਪੱਤਰਕਾਰਾਂ ਦੀ ਟੀਮ ਨੇ ਸਿਵਲ ਹਸਪਤਾਲ ਦੇ ਆਪ੍ਰੇਸ਼ਨ ਥੀਏਟਰ ਦਾ ਦੌਰਾ ਕੀਤਾ ਤਾਂ ਮੌਕੇ ‘ਤੇ ਖੜ੍ਹੇ ਸਟਾਫ ਨੇ ਕੈਮਰੇ ਅੱਗੇ ਬੋਲਣ ਤੋਂ ਮਨ੍ਹਾ ਕਰ ਦਿੱਤਾ ਅਤੇ ਆਖਿਆ ਕਿ ਇਹ ਦਰਵਾਜ਼ਾ ਪਿਛਲੇ ਲੰਮੇ ਸਮੇਂ ਤੋਂ ਟੁੱਟਿਆ ਹੋਇਆ ਹੈ।
ਸਟਾਫ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਤਾਂ ਆਪਣੇ ਸੀਨੀਅਰਜ਼ ਨੂੰ ਦੱਸ ਦਿੱਤਾ ਹੈ, ਬਾਕੀ ਕੰਮ ਉਨ੍ਹਾਂ ਨੇ ਕਰਨਾ ਹੈ। ਬਠਿੰਡਾ ਦਾ ਇਹ ਹਸਪਤਾਲ ਮਰੀਜ਼ਾਂ ਨੂੰ ਠੀਕ ਘੱਟ ਕਰ ਰਿਹ ਹੈ ਤੇ ਬਿਮਾਰ ਜ਼ਿਆਦਾ ਕਰ ਰਿਹਾ ਹੈ। ਕਿਸੇ ਵੀ ਮਰੀਜ਼ ਦਾ ਆਪ੍ਰੇਸ਼ਨ ਕਰਨ ਤੋਂ ਪਹਿਲਾਂ ਥੀਏਟਰ ਨੂੰ ਬੈਕਟੀਰੀਆ ਅਤੇ ਇਨਫੈਕਸ਼ਨ ਤੋਂ ਬਚਾਉਣ ਲਈ ਉਸ ਵਿੱਚ ਸਪਰੇਅ ਕੀਤੇ ਜਾਂਦੇ ਹਨ ਤਾਂ ਜੋ ਮਰੀਜ਼ ਅਤੇ ਉਸ ਦੇ ਨਜ਼ਦੀਕੀਆਂ ਨੂੰ ਲਾਗ ਨਾ ਲੱਗ ਸਕੇ ਪਰ ਇਸ ਆਪ੍ਰੇਸ਼ਨ ਥੀਏਟਰ ਦਾ ਤਾਂ ਦਰਵਾਜ਼ਾ ਹੀ ਨਹੀਂ, ਇਸ ਕਰਕੇ ਇਸ ਵਿੱਚ ਇਨਫੈਕਸ਼ਨ ਅਤੇ ਬੈਕਟੀਰੀਆ ਦੇ ਹੋਣ ਦੀਆਂ ਸੰਭਾਵਨਾਵਾਂ ਜ਼ਿਆਦਾ ਹਨ।
ਇਹ ਵੀ ਦੱਸਣਾ ਹੋਵੇਗਾ ਕਿ ਬੀਤੇ ਦਿਨੀਂ ਪੰਜਾਬ ਦੇ ਸਿਹਤ ਮੰਤਰੀ ਚੇਤਨ ਸਿੰਘ ਜੌੜੇਮਾਜਰਾ ਵੀ ਇਸ ਹਸਪਤਾਲ ਦਾ ਦੌਰਾ ਕਰਕੇ ਗਏ ਸਨ ਅਤੇ ਟਾਈਮ ਟਾਈਮ ਨਾਲ ਡੀਸੀ ਬਠਿੰਡਾ ਨੇ ਵੀ ਇੱਥੇ ਕਾਫੀ ਵਾਰ ਦੌਰਾ ਕੀਤਾ ਹੈ ਪਰ ਆਪ੍ਰੇਸ਼ਨ ਥੀਏਟਰ ਦਾ ਦਰਵਾਜ਼ਾ ਕਿਸੇ ਨੇ ਨਹੀਂ ਦੇਖਿਆ।
ਇਸ ਪੂਰੇ ਮਾਮਲੇ ਨੂੰ ਲੈ ਕੇ ਬਠਿੰਡਾ ਦੇ ਐੱਸਐਮਓ ਡਾ. ਮਨਿੰਦਰ ਸਿੰਘ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਨੇ ਕਿਹਾ ਛੇ ਮਹੀਨੇ ਪਹਿਲਾਂ ਵੀ ਇਹ ਦਰਵਾਜ਼ਾ ਰਿਪੇਅਰ ਕਰਵਾਇਆ ਸੀ ਪਰ ਦੁਬਾਰਾ ਟੁੱਟ ਗਿਆ ਹੈ ਕਿਉਂਕਿ ਆਪ੍ਰੇਸ਼ਨ ਥੀਏਟਰ ਕਾਫੀ ਪੁਰਾਣਾ ਹੈ। ਜਲਦੀ ਹੀ ਇਸ ਆਪ੍ਰੇਸ਼ਨ ਥੀਏਟਰ ਨੂੰ ਨਵੀਂ ਜਗ੍ਹਾ ‘ਤੇ ਸ਼ਿਫਟ ਕੀਤਾ ਜਾਵੇਗਾ। ਸਾਡੇ ਕੋਲ ਤਿੰਨ ਆਪ੍ਰੇਸ਼ਨ ਥੀਏਟਰ ਹਨ, ਜਲਦੀ ਹੀ ਇਸ ਨੂੰ ਵੀ ਦਰੁਸਤ ਕਰ ਲਿਆ ਜਾਵੇਗਾ।