ਬਠਿੰਡਾ, 26 ਜਨਵਰੀ | ਇਥੋਂ ਇਕ ਮੰਦਭਾਗੀ ਖਬਰ ਸਾਹਮਣੇ ਆਈ ਹੈ। ਬਠਿੰਡਾ ਦੇ ਪਿੰਡ ਚਾਉਕੇ ਦਾ ਇਕ ਨੌਜਵਾਨ ਹਫ਼ਤੇ ਤੋਂ ਲਾਪਤਾ ਸੀ। ਅੱਜ ਨੌਜਵਾਨ ਦੀ ਲਾਸ਼ ਗੁਆਂਢੀ ਦੇ ਘਰ ਦੱਬੀ ਹੋਈ ਮਿਲੀ। ਲਾਪਤਾ ਨੌਜਵਾਨ ਦੀ ਪਛਾਣ ਅਰਸ਼ਦੀਪ ਸਿੰਘ ਵਾਸੀ ਚਾਉਕੇ ਵਜੋਂ ਹੋਈ ਹੈ। ਪੁਲਿਸ ਮਾਮਲੇ ਦੀ ਜਾਂਚ ਵਿਚ ਜੁੱਟ ਗਈ ਹੈ।
ਪੁਲਿਸ ਥਾਣਾ ਇੰਚਾਰਜ ਚਾਉਕੇ ਅਤੇ ਡੀ.ਐਸ.ਪੀ ਰਾਮਪੁਰਾ ਫੂਲ ਨੇ ਦੱਸਿਆ ਕਿ ਅਰਸ਼ਦੀਪ ਦੇ ਗੁਆਂਢ ‘ਚ ਰਹਿੰਦੇ ਘਰ ਦੇ ਮਾਲਕ ਨੇ ਕਿਹਾ ਕਿ ਘਰ ‘ਚੋਂ ਲਗਾਤਾਰ ਬਦਬੂ ਆ ਰਹੀ ਸੀ, ਜਿਸ ਦੀ ਜਾਂਚ ਲਈ ਪੁਲਿਸ ਟੀਮ ਨੇ ਮੌਕੇ ‘ਤੇ ਪਹੁੰਚ ਕੇ ਲਾਸ਼ ਨੂੰ ਪ੍ਰਸ਼ਾਸਨਿਕ ਅਧਿਕਾਰੀਆਂ ਦੇ ਸਾਹਮਣੇ ਕੱਢਿਆ। ਪੁਲਿਸ ਨੇ ਲਾਸ਼ ਨੂੰ ਕਬਜ਼ੇ ‘ਚ ਲੈ ਕੇ ਪੋਸਟਮਾਰਟਮ ਲਈ ਮੋਰਚਰੀ ‘ਚ ਰਖਵਾਇਆ ਹੈ।
ਪੁਲਿਸ ਨੇ ਇਸ ਮਾਮਲੇ ‘ਚ 2 ਵਿਅਕਤੀਆਂ ਖਿਲਾਫ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਡੀਐਸਪੀ ਨੇ ਦੱਸਿਆ ਕਿ ਅਗਲੇਰੀ ਕਾਰਵਾਈ ਕੀਤੀ ਜਾ ਰਹੀ ਹੈ। ਜਲਦ ਹੀ ਮਾਮਲਾ ਸੁਲਝਾ ਲਿਆ ਜਾਵੇਗਾ। ਦੱਸ ਦਈਏ ਕਿ ਚਾਉਕੇ ‘ਚ ਪਿਛਲੇ 2 ਮਹੀਨਿਆਂ ‘ਚ 2 ਕਤਲਾਂ ਕਾਰਨ ਪਿੰਡ ‘ਚ ਦਹਿਸ਼ਤ ਦਾ ਮਾਹੌਲ ਹੈ। ਇਸ ਤੋਂ ਕੁਝ ਦਿਨ ਪਹਿਲਾਂ ਵੀ ਇਸੇ ਪਿੰਡ ਦੇ ਹੀ ਇਕ ਨੌਜਵਾਨ ਨੇ ਬੱਸ ਸਟੈਂਡ ‘ਤੇ ਇਕ ਨੌਜਵਾਨ ਦਾ ਕਤਲ ਕਰ ਦਿੱਤਾ ਸੀ।