ਬਠਿੰਡਾ/ਤਲਵੰਡੀ ਸਾਬੋ | ਇਥੋਂ ਇਕ ਮੰਦਭਾਗੀ ਖਬਰ ਸਾਹਮਣੇ ਆਈ ਹੈ। ਨੇੜਲੇ ਪਿੰਡ ਸੀਂਗੋ ਕੋਲ ਇਕ ਨਿੱਜੀ ਕੰਪਨੀ ਦੀ ਬੱਸ ਨਾਲ ਮੋਟਰਸਾਈਕਲ ਦੀ ਟੱਕਰ ਦੌਰਾਨ ਮੋਟਰਸਾਈਕਲ ਸਵਾਰ ਨੌਜਵਾਨ ਦੀ ਮੌਤ ਹੋ ਗਈ। ਤਲਵੰਡੀ ਸਾਬੋ ਪੁਲਿਸ ਨੇ ਮ੍ਰਿਤਕ ਦੇ ਵਾਰਿਸਾਂ ਦੇ ਬਿਆਨਾਂ ਦੇ ਆਧਾਰ ’ਤੇ ਬੱਸ ਚਾਲਕ ਖ਼ਿਲਾਫ਼ ਮਾਮਲਾ ਦਰਜ ਕਰਕੇ ਉਸਦੀ ਭਾਲ ਸ਼ੁਰੂ ਕਰ ਦਿੱਤੀ ਹੈ।
ਮ੍ਰਿਤਕ ਦੇ ਪਿਤਾ ਗੁਰਦੀਪ ਸਿੰਘ ਨੇ ਕਿਹਾ ਕਿ ਉਹ ਤਲਵੰਡੀ ਸਾਬੋ ਰਹਿੰਦੇ ਹਨ ਅਤੇ ਉਨ੍ਹਾਂ ਦਾ ਪੁੱਤਰ ਲਖਵਿੰਦਰ ਸਿੰਘ ਜੋ ਹਰਿਆਣਾ ਦੇ ਰੋੜੀ ਕਸਬੇ ’ਚ ਫਾਇਨਾਂਸ ਕੰਪਨੀ ’ਚ ਕੰਮ ਕਰਦਾ ਸੀ। ਅੱਜ ਸਵੇਰੇ ਉਹ ਆਪਣੇ ਮੋਟਰਸਾਈਕਲ ’ਤੇ ਸਵਾਰ ਹੋ ਕੇ ਆਪਣੇ ਕੰਮ ਲਈ ਤਲਵੰਡੀ ਸਾਬੋ ਤੋਂ ਰੋੜੀ ਵੱਲ ਜਾ ਰਿਹਾ ਸੀ ਕਿ ਸੀਂਗੋ ਪਿੰਡ ਲਾਗੇ ਮੋਟਰਸਾਈਕਲ ਦੀ ਟੱਕਰ ਮਨਦੀਪ ਟਰਾਂਸਪੋਰਟ ਕੰਪਨੀ ਦੀ ਇਕ ਬੱਸ ਨਾਲ ਹੋ ਗਈ। ਟੱਕਰ ਇੰਨੀ ਭਿਆਨਕ ਸੀ ਕਿ ਮੋਟਰਸਾਈਕਲ ਅਤੇ ਮੋਟਰਸਾਈਕਲ ਸਵਾਰ ਦੋਵਾਂ ਦੇ ਪਰਖੱਚੇ ਉੱਡ ਗਏ।
ਹਾਦਸਾ ਵਾਪਰਦਿਆਂ ਹੀ ਬੱਸ ਚਾਲਕ ਅਤੇ ਕੰਡਕਟਰ ਮੌਕੇ ਤੋਂ ਫ਼ਰਾਰ ਹੋ ਗਏ। ਲੋਕਾਂ ਦੇ ਇਕੱਠੇ ਹੋਣ ’ਤੇ ਘਟਨਾ ਦੀ ਸੂਚਨਾ ਸਹਾਰਾ ਕਲੱਬ ਤਲਵੰਡੀ ਸਾਬੋ ਨੂੰ ਦਿੱਤੀ ਗਈ। ਜਾਣਕਾਰੀ ਅਨੁਸਾਰ ਜਿਥੇ ਮ੍ਰਿਤਕ ਨੌਜਵਾਨ ਆਪਣੇ ਮਾਪਿਆਂ ਦਾ ਇਕਲੌਤਾ ਪੁੱਤਰ ਸੀ, ਉਥੇ ਤਿੰਨ ਕੁ ਸਾਲ ਪਹਿਲਾਂ ਹੀ ਉਸ ਦਾ ਵਿਆਹ ਹੋਇਆ ਸੀ। ਮ੍ਰਿਤਕ ਆਪਣੇ ਪਿੱਛੇ ਮਾਪਿਆਂ ਤੋਂ ਇਲਾਵਾ 2 ਭੈਣਾਂ, ਪਤਨੀ ਅਤੇ ਇਕ ਧੀ ਛੱਡ ਗਿਆ ਹੈ।