ਬਠਿੰਡਾ | ਚੱਲਦੀ ਸਕੂਲ ਵੈਨ ਵਿਚੋਂ ਇਕ ਬੱਚੀ ਡਿੱਗ ਗਈ। ਸ਼ੁਕਰ ਹੈ ਕਿ ਪਿੱਛੇ ਤੋਂ ਕੋਈ ਵਾਹਨ ਨਹੀਂ ਆ ਰਿਹਾ ਸੀ, ਨਹੀਂ ਤਾਂ ਵੱਡਾ ਹਾਦਸਾ ਵਾਪਰ ਸਕਦਾ ਸੀ। ਇਸ ਦਾ ਵੀਡੀਓ ਵੀ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਿਹਾ ਹੈ। ਜਾਣਕਾਰੀ ਮੁਤਾਬਕ ਵੀਰਵਾਰ ਨੂੰ ਪਿੰਡ ਕੋਠਾ ਗੁਰੂ ‘ਚ ਇਕ ਨਿੱਜੀ ਸਕੂਲ ਦੀ ਵੈਨ ਬੱਚਿਆਂ ਨੂੰ ਲੈ ਕੇ ਸਕੂਲ ਜਾ ਰਹੀ ਸੀ। ਇਸ ਦੌਰਾਨ ਦਰਵਾਜ਼ਾ ਖੁੱਲ੍ਹਾ ਹੋਣ ਕਾਰਨ ਇਕ ਲੜਕੀ ਸੜਕ ‘ਤੇ ਡਿੱਗ ਗਈ। ਡਰਾਈਵਰ ਨੂੰ ਲੜਕੀ ਦੇ ਡਿੱਗਣ ਬਾਰੇ ਪਤਾ ਨਹੀਂ ਲੱਗਾ। ਉਹ ਵੈਨ ਚਲਾਉਂਦਾ ਰਿਹਾ। ਇਸ ਦੌਰਾਨ ਸੜਕ ‘ਤੇ ਡਿੱਗੀ ਲੜਕੀ ਖੁਦ ਹੀ ਉੱਠ ਕੇ ਵੈਨ ਦੇ ਪਿੱਛੇ ਭੱਜੀ।
ਉਸ ਨੂੰ ਦੌੜਦਾ ਦੇਖ ਕੇ ਵੈਨ ‘ਚ ਬੈਠੇ ਬੱਚਿਆਂ ਨੇ ਡਰਾਈਵਰ ਨੂੰ ਇਸ ਬਾਰੇ ਦੱਸਿਆ। ਇਸ ਤੋਂ ਬਾਅਦ ਉਸ ਨੇ ਵੈਨ ਨੂੰ ਰੋਕਿਆ ਅਤੇ ਫਿਰ ਉਸ ਨੂੰ ਬੈਠਾਇਆ। ਘਟਨਾ ਇਲਾਕੇ ਵਿੱਚ ਲੱਗੇ ਸੀਸੀਟੀਵੀ ਕੈਮਰਿਆਂ ਵਿੱਚ ਕੈਦ ਹੋ ਗਈ। ਦੱਸਿਆ ਜਾ ਰਿਹਾ ਹੈ ਕਿ ਵੈਨ ਵਿੱਚ ਬੱਚਿਆਂ ਦੇ ਬੈਠਣ ਦੀ ਸਮਰੱਥਾ 7 ਤੋਂ 8 ਹੈ ਪਰ ਡਰਾਈਵਰ ਨੇ ਇਸ ਵਿੱਚ 10 ਤੋਂ ਵੱਧ ਬੱਚੇ ਬਿਠਾਏ ਹੋਏ ਸਨ।