ਬਟਾਲਾ ‘ਚ ਦਿਨ-ਦਿਹਾੜੇ ਹੋਏ ਔਰਤ ਦੇ ਕਤਲ ਦੀ ਗੁੱਥੀ 24 ਘੰਟਿਆਂ ‘ਚ ਸੁਲਝੀ, 2 ਲੁਟੇਰਿਆਂ ਨੇ ਦਿੱਤਾ ਸੀ ਵਾਰਦਾਤ ਨੂੰ ਅੰਜਾਮ, ਗ੍ਰਿਫ਼ਤਾਰ

0
1767

ਬਟਾਲਾ/ਗੁਰਦਾਸਪੁਰ (ਜਸਵਿੰਦਰ ਬੇਦੀ) | ਬਟਾਲਾ ਦੇ ਬੇੜੀਆਂ ਮੁਹੱਲੇ ਵਿਚ ਬੀਤੇ ਦਿਨੀਂ ਦਿਨ-ਦਿਹਾੜੇ ਅਣਪਛਾਤਿਆਂ ਵੱਲੋਂ ਘਰ ‘ਚ ਵੜ ਕੇ ਪ੍ਰਵੇਸ਼ ਕੁਮਾਰੀ ਨਾਂ ਦੀ ਔਰਤ ਦਾ ਕਤਲ ਕਰ ਦਿੱਤਾ ਗਿਆ ਸੀ, ਜਿਸ ‘ਤੇ ਕਾਰਵਾਈ ਕਰਦਿਆਂ ਪੁਲਿਸ ਨੇ 24 ਘੰਟਿਆਂ ਵਿੱਚ ਕਤਲ ਦੀ ਗੁੱਥੀ ਸੁਲਝਾਉਂਦਿਆਂ 2 ਲੁਟੇਰਿਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਪੁਲਿਸ ਨੇ ਹੱਤਿਆ ਦਾ ਕਾਰਨ ਲੁੱਟ ਦੱਸਿਆ ਹੈ।

ਬਟਾਲਾ ਦੀ ਇਕ ਕੋਲਡਡ੍ਰਿੰਕ ਕੰਪਨੀ ਵਿੱਚ ਦੋਵੇਂ ਮੁੰਡੇ ਕੰਮ ਕਰਦੇ ਸਨ, ਜਦੋਂ ਉਕਤ ਔਰਤ ਦਾ ਕਤਲ ਹੋਇਆ ਤਾਂ ਘਰ ਵਿੱਚ ਕੋਲਡਡ੍ਰਿੰਕ ਦੀਆਂ ਬੋਤਲਾਂ ਟੁੱਟੀਆਂ ਹੋਈਆਂ ਸਨ ਅਤੇ ਦੱਸਿਆ ਗਿਆ ਸੀ ਕਿ ਕਤਲ ਦੇ ਸਮੇਂ ਉਕਤ ਲੁਟੇਰੇ ਮ੍ਰਿਤਕਾ ਦੇ ਘਰ ਆਏ ਸਨ, ਜਿਸ ਤੋਂ ਪੁਲਿਸ ਦੇ ਹੱਥ ਕੜੀ ਲੱਗੀ ਸੀ। 

ਡੀਐੱਸਪੀ ਸਿਟੀ ਲਲਿਤ ਕੁਮਾਰ ਨੇ ਦੱਸਿਆ ਕਿ ਕਤਲ ਦੇ ਕੇਸ ਨੂੰ ਸੁਲਝਾ ਲਿਆ ਗਿਆ ਹੈ। ਉਨ੍ਹਾਂ ਕਿਹਾ ਕਿ ਦੁਕਾਨ ਤੋਂ ਰੋਟੀ ਲੈਣ ਆਏ ਸ਼ਾਲੂ ਨੇ ਦੱਸਿਆ ਸੀ ਕਿ ਜਦੋਂ ਉਹ ਰੋਟੀ ਲੈਣ ਘਰ ਜਾ ਰਿਹਾ ਸੀ ਤਾਂ ਉਸ ਨੇ ਰਸਤੇ ਵਿੱਚ ਇਕ ਐਕਟਿਵ ਉਤੇ 2 ਨੌਜਵਾਨਾਂ ਨੂੰ ਜਾਂਦੇ ਵੇਖਿਆ ਸੀ, ਜਿਨ੍ਹਾਂ ‘ਚੋਂ ਉਹ ਇਕ ਨੂੰ ਜਾਣਦਾ ਸੀ।

ਡੀਐੱਸਪੀ ਨੇ ਦੱਸਿਆ ਕਿ ਸ਼ਾਲੂ ਨੇ ਜਿਸ ਮੁੰਡੇ ਬਾਰੇ ਦੱਸਿਆ ਸੀ, ਜਦੋਂ ਪੁਲਿਸ ਨੇ ਉਸ ਕੋਲੋਂ ਸਖਤੀ ਨਾਲ ਪੁੱਛਗਿੱਛ ਕੀਤੀ ਤਾਂ ਲਵ ਕੁਮਾਰ ਵਾਸੀ ਸੇਖੜੀਆਂ ਮੁਹੱਲਾ ਇਸ ਵਾਰਦਾਤ ਵਿੱਚ ਸ਼ਾਮਿਲ ਪਾਇਆ ਗਿਆ ਤੇ ਇਸ ਦਾ ਸਾਥੀ ਵੀ ਪੁਲਿਸ ਨੇ ਗ੍ਰਿਫ਼ਤਾਰ ਕੀਤਾ ਹੈ, ਜੋ ਕਿ ਨਾਬਾਲਿਗ ਹੈ।

ਔਰਤ ਦਾ ਕਤਲ ਸਿਰ ਵਿੱਚ ਸੋਡੇ ਦੀ ਬੋਤਲ ਮਾਰ ਕੇ ਕੀਤਾ ਗਿਆ ਸੀ। ਪੁਲਿਸ ਨੇ ਆਰੋਪੀਆਂ ਖਿਲਾਫ ਮਾਮਲਾ ਦਰਜ ਕਰ ਲਿਆ ਹੈ। ਪੁਲਿਸ ਨੇ ਇਨ੍ਹਾਂ ਕੋਲੋਂ ਐਕਟਿਵ, ਇਕ ਮੁੰਦਰੀ, 2 ਚੂੜੀਆਂ, 2 ਚੈਨੀਆਂ, ਇਕ ਮੋਬਾਇਲ ਤੇ 75 ਹਜ਼ਾਰ 600 ਰੁਪਏ ਬਰਾਮਦ ਕੀਤੇ ਹਨ। 

(ਨੋਟ – ਪੰਜਾਬ ਦੀਆਂ ਜ਼ਰੂਰੀ ਖਬਰਾਂ ਲਈ ਸਾਡੇ ਵਟਸਐਪ ਗਰੁੱਪ ਨਾਲ ਜੁੜੋ ਟੈਲੀਗ੍ਰਾਮ ‘ਤੇ ਵੀ ਪੰਜਾਬੀ ਬੁਲੇਟਿਨ ਚੈਨਲ ਨਾਲ ਜੁੜਿਆ ਜਾ ਸਕਦਾ ਹੈ https://t.me/punjabibulletin)