ਬਰਨਾਲਾ : ਸ਼ਰਾਬ ਪੀਣੋਂ ਰੋਕਦਾ ਸੀ ਅੰਮ੍ਰਿਤਧਾਰੀ ਪਿਤਾ, ਪੁੱਤਾਂ ਨੇ ਕੁਲਹਾੜੀ ਨਾਲ ਵੱਢਿਆ, ਮੌਤ

0
1328

ਬਰਨਾਲਾ| ਪੁੱਤਰਾਂ ਵੱਲੋਂ ਪਿਤਾ ਦਾ ਕਤਲ ਕਰਨ ’ਤੇ ਥਾਣਾ ਸਦਰ ਬਰਨਾਲਾ ਦੀ ਪੁਲਿਸ ਨੇ ਉਨ੍ਹਾਂ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ। ਜਾਣਕਾਰੀ ਦਿੰਦਿਆਂ ਸਹਾਇਕ ਥਾਣੇਦਾਰ ਗੁਰਤੇਜ ਸਿੰਘ ਨੇ ਦੱਸਿਆ ਕਿ ਕੁਲਦੀਪ ਕੌਰ ਉਰਫ਼ ਰਾਜ ਵਾਸੀ ਰਮਦਾਸੀਆ ਪੱਤੀ ਸ਼ੇਰਗੜ੍ਹ ਚੀਮਾ ਜ਼ਿਲ੍ਹਾ ਮਲੇਰਕੋਟਲਾ ਨੇ ਪੁਲਿਸ ਨੂੰ ਬਿਆਨ ਦਰਜ ਕਰਵਾਏ ਕਿ ਉਹ 6 ਭੈਣ-ਭਰਾ ਹਨ। ਉਸਦਾ ਪਿਤਾ ਰਾਮ ਸਿੰਘ ਅੰਮ੍ਰਿਤਧਾਰੀ ਹੋਣ ਕਰਕੇ ਉਸਦੇ ਭਰਾ ਗੁਰਪ੍ਰੀਤ ਸਿੰਘ ਤੇ ਅਮਰ ਸਿੰਘ ਵਾਸੀ ਝਲੂਰ ਨੂੰ ਸ਼ਰਾਬ ਪੀਣ ਤੋਂ ਰੋਕਦਾ ਸੀ। ਇਸ ਗੱਲ ਨੂੰ ਲੈ ਕੇ ਦੋਵੇਂ ਜਣੇ ਪਿਤਾ ਰਾਮ ਸਿੰਘ ਨਾਲ ਲੜਾਈ-ਝਗੜਾ ਕਰਦੇ ਰਹਿੰਦੇ ਸਨ।

ਬੀਤੀ 4 ਅਗਸਤ ਨੂੰ ਗੁਰਪ੍ਰੀਤ ਸਿੰਘ ਤੇ ਅਮਰ ਸਿੰਘ ਸਵੇਰ ਤੋਂ ਹੀ ਸ਼ਰਾਬ ਪੀ ਕੇ ਆਪਣੇ ਪਿਤਾ ਨਾਲ ਲੜਾਈ-ਝਗੜਾ ਕਰ ਰਹੇ ਸਨ। ਜਦੋਂ ਸ਼ਾਮ ਕਰੀਬ 6 ਵਜੇ ਉਸਦਾ ਪਿਤਾ ਘਰ ਆਇਆ ਤਾਂ ਦੇਖਦੇ ਹੀ ਦੇਖਦੇ ਗੁਰਪ੍ਰੀਤ ਸਿੰਘ ਤੇ ਅਮਰ ਸਿੰਘ ਨੇ ਕੁਲਹਾੜੀ ਤੇ ਡੰਡੇ ਨਾਲ ਰਾਮ ਸਿੰਘ ’ਤੇ ਵਾਰ ਕਰਨੇ ਸ਼ੁਰੂ ਕਰ ਦਿੱਤੇ। ਜਿਸ ਕਰਕੇ ਉਸਦੇ ਪਿਤਾ ਦੇ ਸਿਰ ’ਚ ਕਾਫ਼ੀ ਸੱਟਾਂ ਲੱਗੀਆਂ, ਜਿਨ੍ਹਾਂ ਨੂੰ ਇਲਾਜ ਲਈ ਸਿਵਲ ਹਸਪਤਾਲ ਬਰਨਾਲਾ ਦਾਖ਼ਲ ਕਰਵਾਇਆ ਗਿਆ, ਪਰ ਜ਼ਖ਼ਮਾਂ ਦੀ ਤਾਬ ਨਾ ਝੱਲਦਿਆਂ ਰਾਮ ਸਿੰਘ ਨੇ ਦਮ ਤੋੜ ਦਿੱਤਾ।

ਪੁਲਿਸ ਨੇ ਗੁਰਪ੍ਰੀਤ ਸਿੰਘ ਤੇ ਅਮਰ ਸਿੰਘ ਵਾਸੀ ਸੇਖਾ ਰੋਡ ਝਲੂਰ ਖ਼ਿਲਾਫ਼ ਮਾਮਲਾ ਦਰਜ ਕਰਦਿਆਂ ਗੁਰਪ੍ਰੀਤ ਸਿੰਘ ਨੂੰ ਗ੍ਰਿਫ਼ਤਾਰ ਕਰ ਲਿਆ ਹੈ ਜਦਕਿ ਅਮਰ ਸਿੰਘ ਦੀ ਗ੍ਰਿਫ਼ਤਾਰੀ ਅਜੇ ਬਾਕੀ ਹੈ।

(Note : ਖਬਰਾਂ ਦੇ ਅਪਡੇਟਸ ਸਿੱਧਾ ਆਪਣੇ ਵਟਸਐਪ ‘ਤੇ ਮੰਗਵਾਓ। ਸਭ ਤੋਂ ਪਹਿਲਾਂ ਸਾਡੇ ਨੰਬਰ 97687-90001 ਨੂੰ ਆਪਣੇ ਮੋਬਾਇਲ ‘ਚ ਸੇਵ ਕਰੋ। ਇਸ ਤੋਂ ਬਾਅਦ ਇਸ ਲਿੰਕ ‘ਤੇ ਕਲਿੱਕ ਕਰਕੇ ਗਰੁੱਪ ਨਾਲ ਜੁੜੋ। ਪੰਜਾਬ ਦਾ ਹਰ ਜ਼ਰੂਰੀ ਅਪਡੇਟ ਆਵੇਗਾ ਸਿੱਧਾ ਤੁਹਾਡੇ ਮੋਬਾਇਲ ‘ਤੇ)