ਗੰਗਾ ਤੋਂ ਪਹਿਲਾਂ ਬੈਂਕਾਂ ਦੀ ਸਫਾਈ ਸੰਭਵ !

0
6956

-ਸੁਖਦੇਵ ਸਲੇਮਪੁਰੀ

ਇਸ ਵੇਲੇ ਭਾਰਤ ਸਰਕਾਰ ਇਸ ਗੱਲ ਨੂੰ ਲੈ ਕੇ ਬਹੁਤ ਚਿੰਤਤ ਹੈ ਕਿ ਦੇਸ਼ ਵਿਚ ਵਿਲੱਖਣ ਮਹਾਨਤਾ ਪ੍ਰਾਪਤ ਨਦੀ ਗੰਗਾ ਦੀ ਸਫਾਈ ਹੋ ਜਾਵੇ ਤਾਂ ਜੋ ਇਸ ਨਦੀ ਦੀ ਪਵਿੱਤਰਤਾ ਬਹਾਲ ਰੱਖੀ ਜਾ ਸਕੇ। ਇਸ ਸਾਲ ਦੇ ਪਹਿਲੇ ਮਹੀਨੇ ਹੋਈਆਂ ਦਿੱਲੀ ਚੋਣਾਂ ਦੌਰਾਨ ਸਾਰੀਆਂ ਸਿਆਸੀ ਪਾਰਟੀਆਂ ਵਲੋਂ ਇਸ ਨਦੀ ਦੀ ਸਫਾਈ ਨੂੰ ਲੈ ਕੇ ਇੱਕ-ਦੂਜੇ ਉਪਰ ਸ਼ਬਦੀ ਹਮਲੇ ਵੀ ਕੀਤੇ ਗਏ। ਦੇਸ਼ ਦੇ ਬੁੱਧੀਜੀਵੀਆਂ ਦਾ ਕਹਿਣਾ ਹੈ ਕਿ ਗੰਗਾ ਦੀ ਸਫਾਈ ਨੂੰ ਲੈ ਕੇ ਬਹੁਤ ਪ੍ਰਚਾਰ ਕੀਤਾ ਜਾ ਰਿਹਾ ਹੈ, ਪਰ ਸਫਾਈ ਕਦੋਂ ਹੋਵੇਗੀ ਦੇ ਬਾਰੇ ਅਜੇ ਸਪੱਸ਼ਟ ਨਹੀਂ ਹੈ, ਪਰ ਦੇਸ਼ ਦੀਆਂ ਬੈਂਕਾਂ ਵਿਚ ਸਫਾਈ ਦਾ ਕੰਮ ਪੂਰੇ ਜੋਰਾਂ ਸ਼ੋਰਾਂ ਨਾਲ ਨਿਰੰਤਰ ਜਾਰੀ ਹੈ।

ਦੇਸ਼ ਦੇ ਬੁੱਧੀਜੀਵੀ ਵਰਗ ਦਾ ਕਹਿਣਾ ਹੈ ਕਿ ਪਵਿੱਤਰ ਗੰਗਾ ਦੀ ਸਫਾਈ ਹੋਵੇ ਜਾਂ ਨਾ ਹੋਵੇ, ਪਰ ਉਸ ਨਾਲੋਂ ਪਹਿਲਾਂ ਦੇਸ਼ ਦੀਆਂ ਬੈਂਕਾਂ ਵਿਚ ਪਏ ਗੰਦੇ, ਫਟੇ ਪੁਰਾਣੇ ਅਤੇ ਗਲਤ ਢੰਗ ਤਰੀਕਿਆਂ ਨਾਲ ਕਮਾ ਕੇ ਜਮਾਂ ਕਰਵਾਏ ਨੋਟਾਂ ਦੀ ਸਫਾਈ ਪੱਕੀ ਹੈ।

ਕੁਝ ਲੋਕਾਂ ਦਾ ਇਹ ਵੀ ਕਹਿਣਾ ਹੈ ਕਿ ਲੁਧਿਆਣਾ ਸ਼ਹਿਰ ਵਿੱਚੋਂ ਦੀ ਵਹਿੰਦੇ ਬੁੱਢਾ ਦਰਿਆ ਦੀ ਸਫਾਈ ਨੂੰ ਲੈ ਕੇ ਵੀ ਗੰਗਾ ਦੀ ਸਫਾਈ ਦੀ ਤਰ੍ਹਾਂ ਬਹੁਤ ਉੱਚੀ ਉੱਚੀ ਰੌਲਾ ਪਾਇਆ ਜਾ ਰਿਹਾ ਹੈ, ਜਿਸ ਕਰਕੇ ਕਈ ਦਹਾਕਿਆਂ ਤੋਂ ਸਫਾਈ ਦਾ ਕੰਮ  ਜਾਰੀ ਹੈ, ਪੂਰਾ ਨਹੀਂ ਹੋ ਸਕਿਆ।

ਪਰ ਇਸਦੇ ਐਨ ਉਲਟ ਬੈਕਾਂ ਦੀ ਸਫਾਈ ਦਾ ਕੰਮ ਬਹੁਤ ਹੀ ਸ਼ਾਂਤਮਈ ਢੰਗ ਨਾਲ ਬਿਨਾਂ ਕਿਸੇ ਕਾਂਵਾਂ ਰੌਲੀ ਤੋਂ ਬਹੁਤ ਹੀ ਸੁਲਝੀ ਹੋਈ ਵਿਉਂਤਬੰਦੀ ਨਾਲ ਸਫਲਤਾਪੂਰਵਕ ਆਪਣੀ ਗਤੀ  ਨਾਲ ਆਪਣੀ ਮੰਜ਼ਿਲ ਵੱਲ ਵਧ  ਰਿਹਾ ਹੈ ।

ਬੁਧੀਜੀਵੀਆਂ ਦਾ ਕਹਿਣਾ ਹੈ ਕਿ ਹੱਥ ਦੀ ਸਫਾਈ ਵਿਖਾਉਂਦਿਆਂ ਸਤਿਕਾਰਯੋਗ ਵਿਜੇ ਮਾਲਿਆ, ਨੀਰਵ ਮੋਦੀ, ਮੇਹੁਲ ਚੌਕਸੀ ਅਤੇ ਰਾਣਾ ਕਪੂਰ ਸਮੇਤ ਲਗਭਗ 30 ਦੇ ਕਰੀਬ ਵੱਖ-ਵੱਖ ਸਖਸ਼ੀਅਤਾਂ ਹਨ, ਜਿਨ੍ਹਾਂ ਨੇ ਬੈਂਕਾਂ ਦੀ ਸਫਲਤਾਪੂਰਵਕ ਵਿਉਂਤਬੰਦੀ ਨਾਲ ਸਫਾਈ ਕਰਕੇ ਨਵਾਂ ਰਿਕਾਰਡ ਬਣਾਇਆ ਹੈ ਅਤੇ ਲਗਭਗ 10 ਲੱਖ ਕਰੋੜ ਰੁਪਏ ਜੋ ਵੱਖ ਬੈਂਕਾਂ ਦੇ ਲਾਕਰਾਂ ਵਿਚ ਪਏ ਵਾਧੂ ਭਾਰ ਬਣੇ ਹੋਏ ਸਨ, ਦੀ ਸਫਾਈ ਕਰਕੇ ਦੇਸ਼ ਦੇ ਵੱਡੇ ਅਤੇ ਸੱਚੇ-ਸੁੱਚੇ ਦੇਸ਼ ਭਗਤ ਬਣਨ ਦਾ ਮਾਣ ਪ੍ਰਾਪਤ ਕੀਤਾ ਹੈ। 

ਦੇਸ਼ ਦੇ ਲੋਕਾਂ ਦੀ ਸਮੂਹਿਕ ਮੰਗ ਹੈ ਕਿ ਇੰਨਾ ਦੇਸ਼ ਭਗਤਾਂ ਨੂੰ ਦੇਸ਼ ਦਾ ਸਰਵਸ੍ਰੇਸ਼ਠ ਪੁਰਸਕਾਰ ‘ਭਾਰਤ ਰਤਨ’ ਦੇ ਕੇ ਸਨਮਾਨਿਤ ਕੀਤਾ ਜਾਣਾ ਚਾਹੀਦਾ ਹੈ।

ਇਸ ਤੋਂ ਇਲਾਵਾ ਹੋਰ ਵੀ ਜਿਹੜੀਆਂ ਜਿਹੜੀਆਂ ਸਤਿਕਾਰਤ ਸਖਸ਼ੀਅਤਾਂ ਬੈਂਕਾਂ ਦੀ ਸਫਾਈ ਦੇ ਕਾਰਜ ਵਿਚ ਸੇਵਾਵਾਂ ਨਿਭਾਅ ਰਹੀਆਂ ਹਨ, ਨੂੰ ਕੌਮੀ ਪੁਰਸਕਾਰ ਦੇ ਕੇ ਸਨਮਾਨਿਤ ਕਰਨਾ ਬਹੁਤ ਜਰੂਰੀ ਹੈ ਤਾਂ ਜੋ ਆਉਣ ਵਾਲੀਆਂ ਪੀੜ੍ਹੀਆਂ ਉਨ੍ਹਾਂ ਤੋਂ ਸੇਧ ਲੈ ਕੇ ਦੇਸ਼ ਦੀਆਂ ਸਮੂਹ ਬੈਂਕਾਂ, ਬੀਮਾ ਕੰਪਨੀਆਂ ਅਤੇ ਵਿੱਤੀ ਅਦਾਰਿਆਂ ਦੀ ਸਫਾਈ ਦਾ ਸ਼ੁਭ ਕਾਰਜ ਨਿਰੰਤਰ ਜਾਰੀ ਰੱਖ ਸਕਣ।

ਕੁੱਝ ਲੋਕਾਂ ਦਾ ਇਹ ਵੀ ਸੁਝਾਅ ਹੈ ਕਿ ਪਿਛਲੇ ਕਈ ਦਹਾਕਿਆਂ ਤੋਂ ਗੰਗਾ ਅਤੇ ਲੁਧਿਆਣਾ ਸ਼ਹਿਰ ਦੇ ਵਿਚੋਂ ਦੀ ਵਹਿੰਦੇ ਬੁੱਢਾ ਦਰਿਆ ਦੀ ਸਫਾਈ ਨੂੰ ਲੈ ਕੇ  ਜਿਹੜੀਆਂ ਸਤਿਕਾਰਯੋਗ ਸਖਸ਼ੀਅਤਾਂ  ਸੇਵਾਵਾਂ ਨਿਭਾਅ ਰਹੀਆਂ ਹਨ ਹਨ ਜਾਂ ਨਿਭਾਅ ਚੁੱਕੀਆਂ ਹਨ, ਨੂੰ ਵੀ ਕੌਮੀ ਪੱਧਰ  ਜਾਂ ਫਿਰ ਰਾਜ ਪੱਧਰ ‘ਤੇ ਜਰੂਰ ਸਨਮਾਨਿਤ ਕੀਤਾ ਜਾਣਾ ਚਾਹੀਦਾ ਹੈ, ਕਿਉਂਕਿ ਗੰਗਾ ਅਤੇ ਬੁੱਢਾ ਦਰਿਆ ਵਿਚ ਪਈ ਗੰਦਗੀ ਦੀ ਸਫਾਈ ਕਰਨਾ ਵੀ ਹਿਮਾਲਾ ਪਰਬਤ ਨੂੰ ਸਰ ਕਰਨ ਤੋਂ ਘੱਟ ਨਹੀਂ ਹੈ।

09780620233