ਪੰਜਾਬ ਦੇ ਇਸ ਪਿੰਡ ‘ਚ ਬੀੜੀ-ਸਿਗਰੇਟ ਤੇ ਗੁਟਕੇ ‘ਤੇ ਪਾਬੰਦੀ : ਯੂਪੀ-ਬਿਹਾਰ ਦੇ ਲੋਕਾਂ ਲਈ ਬਣੇ ਨਵੇਂ ਨਿਯਮ

0
1620

ਮੋਹਾਲੀ | ਜ਼ਿਲੇ ਦੇ ਪਿੰਡ ਸੰਗਤੀਆਂ ਦੇ ਮੁੱਦਿਆਂ ਤੋਂ ਬਾਅਦ ਹੁਣ ਪਿੰਡ ਜੰਡਪੁਰ ‘ਚ ਗੈਰ-ਪੰਜਾਬੀਆਂ ਨੂੰ ਲੈ ਕੇ ਵੱਡਾ ਫੈਸਲਾ ਲਿਆ ਗਿਆ ਹੈ। ਪਿੰਡ ਜੰਡਪੁਰ ਦੀ ਨੌਜਵਾਨ ਸਭਾ ਨੇ ਪਿੰਡ ਵਿਚ ਬੀੜੀ, ਸਿਗਰਟ ਪੀਣ ਅਤੇ ਗੁਟਕਾ ਖਾਣ ‘ਤੇ ਪਾਬੰਦੀ ਲਾ ਦਿੱਤੀ ਹੈ। ਨਾਲ ਹੀ ਬਿਹਾਰ-ਯੂਪੀ ਅਤੇ ਪਿੰਡ ਵਿਚ ਰਹਿਣ ਵਾਲੇ ਦੂਜੇ ਰਾਜਾਂ ਦੇ ਪ੍ਰਵਾਸੀ ਲੋਕਾਂ ਨੂੰ ਆਪਣੀ ਤਸਦੀਕ ਕਰਵਾਉਣੀ ਪਵੇਗੀ। ਇਹ ਲੋਕ ਰਾਤ 9 ਵਜੇ ਤੋਂ ਬਾਅਦ ਪਿੰਡ ਵਿਚ ਨਹੀਂ ਘੁੰਮਣਗੇ। ਇਸ ਤੋਂ ਇਲਾਵਾ ਇਕ ਕਮਰੇ ਵਿਚ ਦੋ ਤੋਂ ਵੱਧ ਲੋਕਾਂ ਦੇ ਰਹਿਣ ‘ਤੇ ਵੀ ਪਾਬੰਦੀ ਲਗਾਈ ਗਈ ਹੈ।

ਇਸ ਤੋਂ ਪਹਿਲਾਂ ਪਿਛਲੇ ਹਫਤੇ ਮੋਹਾਲੀ ਦੇ ਪਿੰਡ ਸੰਗਤੀਆਂ ਦੀ ਪੰਚਾਇਤ ਨੇ ਮਤਾ ਪਾਸ ਕਰ ਕੇ ਉਥੇ ਰਹਿੰਦੇ ਪ੍ਰਵਾਸੀਆਂ ਨੂੰ ਪਿੰਡ ਛੱਡਣ ਦੇ ਹੁਕਮ ਦਿੱਤੇ ਸਨ। ਜੰਡਪੁਰ ਪਿੰਡ ਮੁਹਾਲੀ ਜ਼ਿਲ੍ਹੇ ਦੀ ਨਗਰ ਕੌਂਸਲ ਖਰੜ ਅਧੀਨ ਆਉਂਦਾ ਹੈ। ਨਗਰ ਕੌਂਸਲ ਦੇ ਵਾਰਡ-4 ਦੇ ਕੌਂਸਲਰ ਅਤੇ ਪਿੰਡ ਜੰਡਪੁਰ ਦੀ ਨੌਜਵਾਨ ਸਭਾ ਦੇ ਮੈਂਬਰ ਗੋਵਿੰਦਰ ਸਿੰਘ ਚੀਮਾ ਨੇ ਦੱਸਿਆ ਕਿ ਬਿਹਾਰ-ਯੂਪੀ ਅਤੇ ਹੋਰ ਰਾਜਾਂ ਦੇ ਲੋਕਾਂ ਲਈ ਕੁੱਲ 11 ਨਿਯਮ ਬਣਾਏ ਗਏ ਹਨ।

ਚੀਮਾ ਅਨੁਸਾਰ ਨੌਜਵਾਨ ਸਭਾ ਨੇ ਸਰਬਸੰਮਤੀ ਨਾਲ ਫੈਸਲਾ ਕੀਤਾ ਹੈ ਕਿ ਜੇਕਰ ਪਿੰਡ ਵਿਚ ਰਹਿਣ ਵਾਲਾ ਕੋਈ ਵੀ ਪ੍ਰਵਾਸੀ ਵਿਅਕਤੀ ਕਿਸੇ ਅਪਰਾਧ ਵਿਚ ਸ਼ਾਮਲ ਪਾਇਆ ਜਾਂਦਾ ਹੈ ਤਾਂ ਜਿਸ ਘਰ ਵਿਚ ਉਹ ਰਹਿ ਰਿਹਾ ਹੈ, ਉਸ ਦਾ ਮਕਾਨ ਮਾਲਕ ਵੀ ਜ਼ਿੰਮੇਵਾਰ ਹੋਵੇਗਾ।

ਚੀਮਾ ਨੇ ਕਿਹਾ ਕਿ ਨੌਜਵਾਨ ਸਭਾ ਨੇ ਪਿੰਡ ਵਿਚ ਆਪਣੇ ਨਵੇਂ ਨਿਯਮਾਂ ਨਾਲ ਸਬੰਧਤ ਬੋਰਡ ਲਗਾ ਦਿੱਤੇ ਹਨ। ਅਗਲੇ 15 ਦਿਨਾਂ ਤੱਕ ਇਸ ਦੇ ਮੈਂਬਰ ਘਰ-ਘਰ ਜਾ ਕੇ ਇਸ ਬਾਰੇ ਜਾਗਰੂਕਤਾ ਪੈਦਾ ਕਰਨਗੇ। ਜੇਕਰ ਕੋਈ 15 ਦਿਨਾਂ ਬਾਅਦ ਇਨ੍ਹਾਂ ਨਿਯਮਾਂ ਦੀ ਉਲੰਘਣਾ ਕਰਦਾ ਹੈ ਤਾਂ ਉਸ ਨੂੰ ਜੁਰਮਾਨਾ ਲਗਾਇਆ ਜਾਵੇਗਾ।