ਅੰਮ੍ਰਿਤਸਰ ‘ਚ ਆਟੋ-ਈ ਰਿਕਸ਼ਾ ਚਾਲਕਾਂ ਦਾ ਚੱਕਾ ਜਾਮ, ₹20 ਤੋਂ ਘੱਟ ਕਿਰਾਇਆ ਲੈਣ ਤੋਂ ਇਨਕਾਰ

0
13

ਅੰਮ੍ਰਿਤਸਰ ਵਿੱਚ ਵਧਦੀ ਮਹਿੰਗਾਈ ਅਤੇ ਕਿਰਾਏ ਦੇ ਮੁੱਦੇ ਨੂੰ ਲੈ ਕੇ ਆਟੋ ਅਤੇ ਈ-ਰਿਕਸ਼ਾ ਚਾਲਕਾਂ ਨੇ ਵੱਡਾ ਐਲਾਨ ਕੀਤਾ ਹੈ। ਸ਼੍ਰੀ ਗੁਰੂ ਰਾਮਦਾਸ ਆਟੋ ਯੂਨੀਅਨ ਵੱਲੋਂ ਇੰਡੀਆ ਗੇਟ ਤੋਂ ਵਿਸ਼ਾਲ ਰੋਸ ਮਾਰਚ ਕੱਢਣ ਤੋਂ ਬਾਅਦ ਐਲਾਨ ਕੀਤਾ ਗਿਆ ਕਿ ਕੱਲ੍ਹ ਸਵੇਰ ਤੋਂ ਅੰਮ੍ਰਿਤਸਰ ਸ਼ਹਿਰ ਅਤੇ ਆਲੇ-ਦੁਆਲੇ ਦੇ ਇਲਾਕਿਆਂ ਵਿੱਚ ਆਟੋ ਤੇ ਈ-ਰਿਕਸ਼ਾ ਦੀ ਮੁਕੰਮਲ ਹੜਤਾਲ ਰਹੇਗੀ।

ਯੂਨੀਅਨ ਆਗੂਆਂ ਦਾ ਕਹਿਣਾ ਹੈ ਕਿ ਮਹਿੰਗਾਈ ਦੇ ਦੌਰ ਵਿੱਚ ₹10 ਕਿਰਾਏ ਨਾਲ ਗੁਜ਼ਾਰਾ ਕਰਨਾ ਮੁਸ਼ਕਲ ਹੋ ਗਿਆ ਹੈ। ਇਸ ਲਈ ਉਨ੍ਹਾਂ ਨੇ ਘੱਟੋ-ਘੱਟ ਕਿਰਾਇਆ ₹20 ਕਰਨ ਦਾ ਫੈਸਲਾ ਕੀਤਾ ਹੈ। ਪੰਜਾਬ ਰਾਜ ਜਥੇਬੰਦੀ ਦੇ ਪ੍ਰਧਾਨ ਤੀਰਥ ਸਿੰਘ ਕੁਹਾਲੀ ਨੇ ਕਿਹਾ ਕਿ ਸਾਰੇ ਆਟੋ ਅਤੇ ਈ-ਰਿਕਸ਼ਾ ਚਾਲਕ ₹20 ਤੋਂ ਘੱਟ ਕਿਰਾਇਆ ਨਹੀਂ ਲੈਣਗੇ।

ਰੋਸ ਮਾਰਚ ਦੌਰਾਨ ਆਟੋ ਚਾਲਕਾਂ ਨੇ ਲੋਕਾਂ ਨੂੰ ਉਨ੍ਹਾਂ ਦੇ ਸੰਘਰਸ਼ ਵਿੱਚ ਸਹਿਯੋਗ ਦੇਣ ਦੀ ਅਪੀਲ ਕੀਤੀ। ਉਨ੍ਹਾਂ ਕਿਹਾ ਕਿ ਹੜਤਾਲ ਕਾਰਨ ਆਮ ਲੋਕਾਂ ਨੂੰ ਪਰੇਸ਼ਾਨੀ ਹੋ ਸਕਦੀ ਹੈ, ਪਰ ਇਹ ਕਦਮ ਚਾਲਕਾਂ ਦੀਆਂ ਆਰਥਿਕ ਮੁਸ਼ਕਲਾਂ ਨੂੰ ਸਾਹਮਣੇ ਲਿਆਉਣ ਲਈ ਚੁੱਕਿਆ ਗਿਆ ਹੈ।

ਯੂਨੀਅਨ ਨੇ ਚੇਤਾਵਨੀ ਦਿੱਤੀ ਹੈ ਕਿ ਹੜਤਾਲ ਦੌਰਾਨ ਅਟਾਰੀ ਰੋਡ, ਅਜਨਾਲਾ ਰੋਡ, ਮਜੀਠਾ ਰੋਡ ਅਤੇ ਚੱਬਾਲ ਰੋਡ ਸਮੇਤ ਸ਼ਹਿਰ ਦੇ ਕਈ ਮੁੱਖ ਰੂਟਾਂ ‘ਤੇ ਆਟੋ ਅਤੇ ਈ-ਰਿਕਸ਼ਾ ਸੇਵਾ ਬੰਦ ਰਹੇਗੀ।

ਇਹ ਰੋਸ ਮਾਰਚ ਇੰਡੀਆ ਗੇਟ ਤੋਂ ਸ਼ੁਰੂ ਹੋ ਕੇ ਛੇਹਰਟਾ ਚੌਂਕ, ਗੁਰੂ ਨਾਨਕ ਦੇਵ ਯੂਨੀਵਰਸਿਟੀ, ਪੁਤਲੀਘਰ ਚੌਂਕ, ਰੇਲਵੇ ਸਟੇਸ਼ਨ, ਭੰਡਾਰੀ ਪੁਲ ਅਤੇ ਬੱਸ ਸਟੈਂਡ ਸਮੇਤ ਵੱਖ-ਵੱਖ ਇਲਾਕਿਆਂ ਤੋਂ ਹੁੰਦਾ ਹੋਇਆ ਸਮਾਪਤ ਹੋਇਆ।

ਯੂਨੀਅਨ ਆਗੂਆਂ ਨੇ ਦੱਸਿਆ ਕਿ ਉਹ ਆਪਣੀਆਂ ਮੰਗਾਂ ਸਬੰਧੀ ਡਿਪਟੀ ਕਮਿਸ਼ਨਰ ਨੂੰ ਮੰਗ ਪੱਤਰ ਵੀ ਦੇ ਚੁੱਕੇ ਹਨ ਅਤੇ ਹੁਣ ਸਰਕਾਰ ਤੋਂ ਕਿਰਾਏ ਦੇ ਮਾਮਲੇ ਵਿੱਚ ਜਲਦ ਫੈਸਲੇ ਦੀ ਮੰਗ ਕਰ ਰਹੇ ਹਨ।