ਅੰਮ੍ਰਿਤਸਰ ਦੇ IIM ਮਾਨਾਂਵਾਲਾ ‘ਚ ਟੈਕਸੀ ਡਰਾਈਵਰ ਨਾਲ ਬਦਸਲੂਕੀ ਦਾ ਦੋਸ਼, ਯੂਨੀਅਨ ਨੇ ਦਿੱਤੀ ਧਰਨੇ ਦੀ ਚੇਤਾਵਨੀ

0
8

ਅੰਮ੍ਰਿਤਸਰ ਦੇ IIM ਮਾਨਾਂਵਾਲਾ ਵਿੱਚ ਟੈਕਸੀ ਡਰਾਈਵਰ ਨਾਲ ਕਥਿਤ ਬਦਸਲੂਕੀ ਦਾ ਮਾਮਲਾ ਸਾਹਮਣੇ ਆਇਆ ਹੈ। ਟੈਕਸੀ ਡਰਾਈਵਰਾਂ ਨੇ ਕੈਂਪਸ ਦੇ ਸੁਰੱਖਿਆ ਗਾਰਡ ‘ਤੇ ਗਾਲੀ-ਗਲੌਚ ਕਰਨ ਅਤੇ ਆਈਡੀ ਵਾਪਸ ਕਰਨ ਦੇ ਮਾਮਲੇ ਵਿੱਚ ਬੇਵਜ੍ਹਾ ਵਿਵਾਦ ਖੜ੍ਹਾ ਕਰਨ ਦੇ ਦੋਸ਼ ਲਗਾਏ ਹਨ। ਮਾਮਲੇ ਤੋਂ ਬਾਅਦ ਟੈਕਸੀ ਯੂਨੀਅਨ ਨੇ ਪ੍ਰਬੰਧਨ ਤੋਂ ਕਾਰਵਾਈ ਅਤੇ ਨਿਯਮਾਂ ਵਿੱਚ ਬਦਲਾਅ ਦੀ ਮੰਗ ਕੀਤੀ ਹੈ।

ਜਾਣਕਾਰੀ ਮੁਤਾਬਕ ਟੈਕਸੀ ਡਰਾਈਵਰ ਪ੍ਰਭਬੀਰ ਸਿੰਘ ਉਬਰ ਰਾਈਡ ਲੈ ਕੇ IIM ਮਾਨਾਂਵਾਲਾ ਪਹੁੰਚੇ ਸਨ। ਸੁਰੱਖਿਆ ਪ੍ਰਕਿਰਿਆ ਤਹਿਤ ਉਨ੍ਹਾਂ ਆਪਣਾ ਡਰਾਈਵਿੰਗ ਲਾਈਸੈਂਸ ਸੁਰੱਖਿਆ ਗਾਰਡ ਕੋਲ ਜਮ੍ਹਾਂ ਕਰਵਾਇਆ। ਸਵਾਰੀ ਨੂੰ ਛੱਡਣ ਤੋਂ ਬਾਅਦ ਜਦੋਂ ਉਹ ਆਪਣੀ ਆਈਡੀ ਵਾਪਸ ਲੈਣ ਗਏ ਤਾਂ ਇਸ ਦੌਰਾਨ ਕਥਿਤ ਤੌਰ ‘ਤੇ ਵਿਵਾਦ ਹੋ ਗਿਆ।

ਪੀੜਤ ਡਰਾਈਵਰ ਦਾ ਦੋਸ਼ ਹੈ ਕਿ ਉਸ ਨੇ ਸਿਰਫ਼ ਇਹ ਸੁਝਾਅ ਦਿੱਤਾ ਸੀ ਕਿ ਭਵਿੱਖ ਵਿੱਚ ਆਈਡੀ ਬੈਰੀਕੇਡ ‘ਤੇ ਹੀ ਵਾਪਸ ਕਰ ਦਿੱਤੀ ਜਾਵੇ, ਤਾਂ ਜੋ ਡਰਾਈਵਰਾਂ ਨੂੰ ਪਰੇਸ਼ਾਨੀ ਨਾ ਹੋਵੇ। ਇਸ ਦੌਰਾਨ ਸੁਰੱਖਿਆ ਗਾਰਡ ਵੱਲੋਂ ਕਥਿਤ ਤੌਰ ‘ਤੇ ਗਾਲੀ-ਗਲੌਚ ਕੀਤੀ ਗਈ।

ਘਟਨਾ ਦੀ ਜਾਣਕਾਰੀ ਮਿਲਣ ਤੋਂ ਬਾਅਦ ਹੋਰ ਟੈਕਸੀ ਡਰਾਈਵਰ ਵੀ ਮੌਕੇ ‘ਤੇ ਪਹੁੰਚ ਗਏ। ਟੈਕਸੀ ਯੂਨੀਅਨ ਮੈਂਬਰਾਂ ਨੇ ਦੋਸ਼ ਲਗਾਇਆ ਕਿ ਕਈ ਘੰਟਿਆਂ ਤੱਕ ਉਡੀਕ ਕਰਨ ਦੇ ਬਾਵਜੂਦ ਉਨ੍ਹਾਂ ਦੀ ਸੁਣਵਾਈ ਨਹੀਂ ਹੋਈ। ਉਨ੍ਹਾਂ ਮੰਗ ਕੀਤੀ ਕਿ ਕੈਂਪਸ ਵਿੱਚ ਡਰਾਈਵਰਾਂ ਤੋਂ ਆਈਡੀ ਜਮ੍ਹਾਂ ਕਰਵਾਉਣ ਦੀ ਪ੍ਰਥਾ ‘ਤੇ ਮੁੜ ਵਿਚਾਰ ਕੀਤਾ ਜਾਵੇ।

ਟੈਕਸੀ ਯੂਨੀਅਨ ਦੇ ਪੰਚ ਪ੍ਰਧਾਨੀ ਚੇਅਰਮੈਨ ਪ੍ਰਗਟ ਸਿੰਘ ਨੇ ਮਾਮਲੇ ਦੀ ਨਿੰਦਾ ਕਰਦਿਆਂ ਕਿਹਾ ਕਿ ਜੇਕਰ ਸੁਰੱਖਿਆ ਕਰਮੀ ਖ਼ਿਲਾਫ਼ ਕਾਰਵਾਈ ਨਾ ਕੀਤੀ ਗਈ ਤਾਂ ਯੂਨੀਅਨ ਵੱਲੋਂ IIM ਮਾਨਾਂਵਾਲਾ ਦੇ ਬਾਹਰ ਧਰਨਾ ਦਿੱਤਾ ਜਾਵੇਗਾ ਅਤੇ ਲੋੜ ਪਈ ਤਾਂ ਕਾਲਜ ਦਾ ਘਿਰਾਓ ਵੀ ਕੀਤਾ ਜਾਵੇਗਾ।

ਫਿਲਹਾਲ ਟੈਕਸੀ ਡਰਾਈਵਰ ਇਨਸਾਫ਼ ਅਤੇ ਕਥਿਤ ਦੋਸ਼ੀਆਂ ਖ਼ਿਲਾਫ਼ ਕਾਰਵਾਈ ਦੀ ਮੰਗ ‘ਤੇ ਅੜੇ ਹੋਏ ਹਨ। ਦੂਜੇ ਪਾਸੇ ਪੁਲਿਸ ਅਧਿਕਾਰੀਆਂ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਗਈ, ਪਰ ਉਨ੍ਹਾਂ ਨੇ ਇਸ ਮਾਮਲੇ ‘ਤੇ ਕੋਈ ਟਿੱਪਣੀ ਕਰਨ ਤੋਂ ਇਨਕਾਰ ਕਰ ਦਿੱਤਾ।