ਜਲੰਧਰ ਦੇ ਗੁਰਦੁਆਰਾ ਸਾਹਿਬ ‘ਚ ਬੇਅਦਬੀ ਦੀ ਕੋਸ਼ਿਸ਼, ਮੌਕੇ ‘ਤੇ ਸੰਗਤ ਨੇ ਔਰਤ ਨੂੰ ਫੜਿਆ

0
44

ਲੰਧਰ, 31 ਜਨਵਰੀ | ਆਦਮਪੁਰ ਦੇ ਪਿੰਡ ਚੋਮੋ ਵਿਚ ਇੱਕ 55 ਸਾਲਾ ਔਰਤ ਵੱਲੋਂ ਗੁਰਦੁਆਰਾ ਸਾਹਿਬ ਵਿਚ ਦਾਖਲ ਹੋ ਕੇ ਬੇਅਦਬੀ ਕਰਨ ਦੀ ਕੋਸ਼ਿਸ਼ ਕੀਤੀ ਗਈ, ਜਿਸ ਨੂੰ ਮੌਕੇ ‘ਤੇ ਮੌਜੂਦ ਸ਼ਰਧਾਲੂਆਂ ਨੇ ਰੋਕ ਲਿਆ ਅਤੇ ਤੁਰੰਤ ਪੁਲਿਸ ਨੂੰ ਬੁਲਾਇਆ ਗਿਆ। ਸਾਰੀ ਘਟਨਾ ਸੀਸੀਟੀਵੀ ਵਿਚ ਕੈਦ ਹੋ ਗਈ।

ਜਿਸ ਦੇ ਆਧਾਰ ‘ਤੇ ਥਾਣਾ ਆਦਮਪੁਰ ਦੀ ਪੁਲਿਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਪੁਲਿਸ ਨੇ ਔਰਤ ਨੂੰ ਹਿਰਾਸਤ ‘ਚ ਲੈ ਲਿਆ ਹੈ ਅਤੇ ਉਸ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ। ਪੁਲਿਸ ਨੇ ਗੁਰਦੁਆਰਾ ਸਾਹਿਬ ਵਿਚ ਲੱਗੇ ਸੀਸੀਟੀਵੀ ਫੁਟੇਜ ਨੂੰ ਵੀ ਕਬਜ਼ੇ ਵਿਚ ਲੈ ਲਿਆ ਹੈ, ਜਿਸ ਦੇ ਆਧਾਰ ‘ਤੇ ਹੁਣ ਪੂਰੇ ਮਾਮਲੇ ਦੀ ਜਾਂਚ ਕੀਤੀ ਜਾਵੇਗੀ।

ਪ੍ਰਾਪਤ ਜਾਣਕਾਰੀ ਅਨੁਸਾਰ ਇਸ ਘਟਨਾ ਨੂੰ ਅੰਜਾਮ ਦੇਣ ਵਾਲੀ ਔਰਤ ਮਾਨਸਿਕ ਤੌਰ ‘ਤੇ ਪ੍ਰੇਸ਼ਾਨ ਹੈ। ਪੁਲਿਸ ਨੇ ਉਸ ਨੂੰ ਹਿਰਾਸਤ ‘ਚ ਲੈ ਕੇ ਮੈਡੀਕਲ ਜਾਂਚ ਲਈ ਭੇਜ ਦਿੱਤਾ ਹੈ। ਇਹ ਘਟਨਾ ਅੱਜ ਸਵੇਰੇ ਵਾਪਰੀ। ਔਰਤ ਗੁਰਦੁਆਰਾ ਸਾਹਿਬ ਅੰਦਰ ਦਾਖਲ ਹੋਈ। ਸੀਸੀਟੀਵੀ ਵਿਚ ਸਾਫ਼ ਨਜ਼ਰ ਆ ਰਿਹਾ ਹੈ ਕਿ ਔਰਤ ਨੇ ਗੁਰਦੁਆਰੇ ਦੇ ਅੰਦਰ ਪਏ ਸ੍ਰੀ ਗੁਰੂ ਗ੍ਰੰਥ ਸਾਹਿਬ ਨਾਲ ਛੇੜਛਾੜ ਸ਼ੁਰੂ ਕਰ ਦਿੱਤੀ ਅਤੇ ਫਿਰ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਨੇੜੇ ਪਏ ਕਾਰਡ ਪਾੜ ਕੇ ਸੁੱਟਣ ਲੱਗੀ।

ਇਸੇ ਦੌਰਾਨ ਅੱਜ ਗੁਰਦੁਆਰਾ ਸਾਹਿਬ ਦੇ ਸੰਗਤ ਉਥੇ ਪੁੱਜੀ ਅਤੇ ਉਕਤ ਔਰਤ ਨੂੰ ਰੋਕ ਲਿਆ। ਔਰਤ ਨੂੰ ਰੋਕਣ ‘ਤੇ ਉਨ੍ਹਾਂ ਤੁਰੰਤ ਪਿੰਡ ਵਾਸੀਆਂ ਅਤੇ ਗੁਰਦੁਆਰਾ ਸਾਹਿਬ ‘ਚ ਮੌਜੂਦ ਲੋਕਾਂ ਨੂੰ ਮੌਕੇ ‘ਤੇ ਇਕੱਠਾ ਕੀਤਾ, ਜਿਸ ਤੋਂ ਬਾਅਦ ਔਰਤ ਨੂੰ ਤੁਰੰਤ ਪੁਲਿਸ ਦੇ ਹਵਾਲੇ ਕਰ ਦਿੱਤਾ ਗਿਆ।

(Note : ਜਲੰਧਰ ਦੀਆਂ ਜ਼ਰੂਰੀ ਖਬਰਾਂ ਪੜ੍ਹਣ ਲਈ ਸਾਡੇ ਵਟਸਐਪ ਗਰੁੱਪ https://shorturl.at/MV24q ਜਾਂ ਵਟਸਐਪ ਚੈਨਲ https://shorturl.at/AXVJ9 ਨਾਲ ਜ਼ਰੂਰ ਜੁੜੋ।)