ਗੁਰਦਾਸਪੁਰ, 12 ਅਕਤੂਬਰ | ਕਹਿੰਦੇ ਹਨ ਬੱਕਰੇ ਦੀ ਮਾਂ ਕਦੋਂ ਤੱਕ ਖੈਰ ਮਣਾਵੇਗੀ। ਫਿਜੀਓਥਰੈਪੀ ਦੇ ਨਾਂ ਤੇ ਲੋਕਾਂ ਨਾਲ ਪਿਆਰ ਅਤੇ ਵਿਸ਼ਵਾਸ਼ ਬਣਾ ਕੇ ਉਨ੍ਹਾਂ ਦੇ ਘਰ ਤੱਕ ਵੜਨਾ ਤੇ ਫਿਰ ਖਾਣ ਪੀਣ ਵਾਲੀ ਕਿਸੇ ਚੀਜ਼ ‘ਚ ਨਸ਼ੀਲਾ ਪਦਾਰਥ ਮਿਲਾ ਕੇ ਪਰਿਵਾਰ ਨੂੰ ਲੁੱਟ ਕੇ ਲੈ ਜਾਂਦਾ ਸੀ। ਅਜਿਹੇ ਕੰਮ ਕਰਦਾ ਸੀ ਇਹ ਜੌੜਾ ਪਰ ਆਖਰਕਾਰ ਥਾਣਾ ਧਾਰੀਵਾਲ ਦੀ ਪੁਲਿਸ ਨੇ ਇਸ ਜੋੜੇ ਨੂੰ ਕਾਬੂ ਕਰ ਹੀ ਲਿਆ। ਹੁਣ ਤੱਕ ਇਸ ਜੋੜੇ ਦੇ ਖਿਲਾਫ ਫਿਜੀਓਥੈਰਪੀ ਦੇ ਬਹਾਨੇ 5 ਘਰਾਂ ਨੂੰ ਸ਼ਿਕਾਰ ਬਣਾ ਕੇ ਲੁੱਟਣ ਦੇ ਮਾਮਲੇ ਦਰਜ ਹੋ ਚੁੱਕੇ ਹਨ। ਬੰਟੀ ਔਰ ਬੱਬਲੀ ਦੀ ਕਹਾਣੀ ਵਾਂਗ ਇਹ ਪਤੀ ਪਤਨੀ ਲਗਾਤਾਰ ਵਾਰਦਾਤਾਂ ਕਰ ਰਹੇ ਸਨ।
ਪਿਛਲੇ ਮਹੀਨੇ ਪਰਮਜੀਤ ਕੌਰ ਪਤਨੀ ਭੁਪਿੰਦਰ ਸਿੰਘ ਵਾਸੀ ਪਿੰਡ ਕਲਿਆਣਪੁਰ ਵੱਲੋਂ ਧਾਰੀਵਾਲ ਪੁਲਿਸ ਨੂੰ ਇੱਕ ਦਰਖਾਸਤ ਦਿੱਤੀ ਗਈ ਸੀ ਕਿ ਉਨ੍ਹਾਂ ਦੇ ਘਰ ਇੱਕ ਬਿਮਾਰ ਬਜ਼ੁਰਗ ਨੂੰ ਫਿਜੀਓਥਰੈਪੀ ਦੀ ਲੋੜ ਸੀ ਤੇ ਇਸ ਦੇ ਲਈ ਨੇੜੇ ਦੇ ਇਕ ਫਿਜੀਓਥਰੈਪਿਸਟ ਪਤੀ ਪਤਨੀ ਦੀਆਂ ਸੇਵਾਵਾਂ ਲਈਆਂ ਗਈਆਂ।
ਜਿੰਨਾਂ ਨੇ ਉਨ੍ਹਾਂ ਦੇ ਘਰ ਆ ਕੇ ਬੀਮਾਰ ਬਜ਼ੁਰਗ ਦੀ ਫਿਜੀਓਥਰੈਪੀ ਕਰਨੀ ਸ਼ੁਰੂ ਕਰ ਦਿੱਤੀ। ਇਸ ਜੋੜੇ ਨੇ ਪਰਿਵਾਰ ਨਾਲ ਪਰਿਵਾਰਕ ਸਬੰਧ ਬਣਾ ਲਏ। ਜਦੋਂ ਪਰਿਵਾਰ ਤੇ ਪੂਰਾ ਵਿਸ਼ਵਾਸ ਬਣ ਗਿਆ ਤਾਂ 24 ਸਤੰਬਰ ਨੂੰ ਇਨ੍ਹਾਂ ਵੱਲੋਂ ਕੋਈ ਨਸ਼ੀਲਾ ਪਦਾਰਥ ਸਾਰੇ ਘਰ ਦੇ ਮੈਂਬਰਾਂ ਨੂੰ ਪਿਲਾ ਕੇ ਬੇਹੋਸ਼ ਕਰਕੇ ਉਨ੍ਹਾਂ ਦੇ ਘਰ ‘ਚੋਂ 70 ਗ੍ਰਾਮ ਦੇ ਕਰੀਬ ਸੋਨੇ ਦੇ ਗਹਿਣੇ ਤੇ 65-70 ਹਜਾਰ ਰੁਪਏ ਦੀ ਨਕਦੀ ਲੁੱਟ ਲਈ।
ਧਾਰੀਵਾਲ ਪੁਲਿਸ ਵੱਲੋਂ ਇਸ ਜੋੜੇ ਖਿਲਾਫ ਮਾਮਲਾ ਦਰਜ ਕਰਕੇ ਤਲਾਸ਼ ਕੀਤੀ ਜਾ ਰਹੀ ਸੀ ਤੇ ਅੱਜ ਧਾਰੀਵਾਲ ਪੁਲਿਸ ਨੂੰ ਉਸ ਸਮੇਂ ਇਨ੍ਹਾਂ ਨੂੰ ਕਾਬੂ ਕਰਨ ‘ਚ ਸਫਲਤਾ ਹਾਸਲ ਵੀ ਹੋ ਗਈ। ਜਦੋਂ ਇਹ ਹਿਮਾਚਲ ਤੋਂ ਇੱਕ ਕਾਰ ਤੇ ਸਵਾਰ ਹੋ ਕੇ ਆ ਰਹੇ ਸਨ।
ਗੱਲਬਾਤ ਦੌਰਾਨ ਐਸਐਚਓ ਧਾਰੀਵਾਲ ਸਰਬਜੀਤ ਸਿੰਘ ਨੇ ਦੱਸਿਆ ਕਿ ਇਹ ਪਤੀ ਪਤਨੀ ਲੋਕਾਂ ਨੂੰ ਲਗਾਤਾਰ ਆਪਣਾ ਸ਼ਿਕਾਰ ਬਣਾ ਰਹੇ ਸਨ। ਵਿਨੇ ਨੰਦਾ ਅਤੇ ਸ਼ਾਲੂ ਨੰਦਾ ਨਾਮਕ ਪਤੀ ਪਤਨੀ ‘ਤੇ ਪਹਿਲਾਂ ਤੋਂ ਹੀ 4 ਮਾਮਲੇ ਵੱਖ ਵੱਖ ਥਾਣਿਆਂ ਦੇ ‘ਚ ਦਰਜ ਹਨ।
ਇਸ ਲੁਟੇਰੇ ਪਤੀ ਪਤਨੀ ਦੇ ਨਾਲ ਉਨ੍ਹਾਂ ਦੇ ਡਰਾਈਵਰ ਦੀ ਗ੍ਰਿਫਤਾਰੀ ਵੀ ਕੀਤੀ ਗਈ ਤੇ ਇਹ ਜਾਂਚ ਕੀਤੀ ਜਾ ਰਹੀ ਹੈ ਕਿ ਇਸ ਡਰਾਈਵਰ ਦਾ ਇਨ੍ਹਾਂ ਦੇ ਕਾਰਨਾਮਿਆਂ ‘ਚ ਕਿੰਨਾ ਕੁ ਹੱਥ ਹੈ।
ਇਸ ਤੋਂ ਇਲਾਵਾ ਇਹ ਹਿਮਾਚਲ ‘ਚ ਵੀ ਕੋਈ ਅਜਿਹਾ ਕਾਰਨਾਮਾ ਹੀ ਨਾ ਕਰਕੇ ਆਏ ਹੋਣ ਇਹ ਪੁੱਛ ਗਿਛ ਵੀ ਕੀਤੀ ਜਾ ਰਹੀ ਹੈ।
ਫਿਲਹਾਲ ਇਸ ਪਤੀ-ਪਤਨੀ ਦਾ 1 ਦਿਨ ਦਾ ਅਦਾਲਤ ਤੋਂ ਰਿਮਾਂਡ ਲਿਆ ਗਿਆ ਹੈ ਤਾਂ ਜੋ ਹੋਰ ਖੁਲਾਸੇ ਹੋ ਸਕਣ।