ਡੀਸੀ ਨੇ ਕਿਹਾ – ਜ਼ਿਲ੍ਹੇ ‘ਚ ਭ੍ਰਿਸ਼ਟਾਚਾਰ ਕਿਸੇ ਵੀ ਕੀਮਤ ‘ਤੇ ਸਹਿਣ ਨਹੀਂ ਕੀਤਾ ਜਾਵੇਗਾ
ਜਲੰਧਰ . ਡਿਪਟੀ ਕਮਿਸ਼ਨਰ ਘਨਸ਼ਿਆਮ ਥੋਰੀ ਨੇ ਜ਼ਿਲ੍ਹਾ ਵਾਸੀਆਂ ਨੂੰ ਪਾਰਦਰਸ਼ੀ ਪ੍ਰਸਾਸ਼ਨ ਦੇਣ ਦੀ ਵਚਨਬੱਧਤਾ ਦੁਹਰਾਉਂਦਿਆਂ ਕਿਹਾ ਕਿ ਜ਼ਿਲ੍ਹੇ ਵਿੱਚ ਭ੍ਰਿਸ਼ਟਾਚਾਰ ਕਿਸੇ ਵੀ ਕੀਮਤ ‘ਤੇ ਸਹਿਣ ਨਹੀਂ ਕੀਤਾ ਜਾਵੇਗਾ। ਉਨ੍ਹਾਂ ਕਿਹਾ ਭ੍ਰਿਸ਼ਟਾਚਾਰ ਸਬੰਧੀ ਸ਼ਿਕਾਇਤ ਵਿਜੀਲੈਂਸ ਵਿਭਾਗ ਦੇ ਹੈਲਪਲਾਈਨ ਨੰਬਰ 1800-1800-1000 ‘ਤੇ ਕੀਤੀ ਜਾ ਸਕਦੀ ਹੈ। ਉਨ੍ਹਾਂਂ ਕਿਹਾ ਕਿ ਜ਼ਿਲ੍ਹਾ ਵਾਸੀਆਂ ਨੂੰ ਸਾਫ਼ ਸੁਥਰਾ ਅਤੇ ਪਾਰਦਰਸ਼ੀ ਪ੍ਰਸਾਸ਼ਨ ਦੇਣ ਵਿੱਚ ਕੋਈ ਕਸਰ ਬਾਕੀ ਨਹੀਂ ਛੱਡੀ ਜਾਵੇਗੀ।
ਥੋਰੀ ਨੇ ਕਿਹਾ ਕਿ ਜੇਕਰ ਭ੍ਰਿਸ਼ਟਾਚਾਰ ਸਬੰਧੀ ਸ਼ਿਕਾਇਤ ਦਾ ਨਿਪਟਾਰਾ ਸਮੇਂ-ਸਿਰ ਨਹੀਂ ਹੋ ਰਿਹਾ, ਤਾਂ ਸ਼ਿਕਾਇਤਕਰਤਾ ਵਲੋਂ ਡੀ.ਸੀ. ਦਫਤਰ ਸ਼ਿਕਾਇਤ ਦਿੱਤੀ ਜਾ ਸਕਦੀ ਹੈ ਅਤੇ ਦਫਤਰ ਵਲੋਂ ਤੁਰੰਤ ਐਸ.ਐਸ.ਪੀ. ਵਿਜੀਲੈਂਸ ਨਾਲ ਰਾਬਤਾ ਕਾਇਮ ਕਰਕੇ ਤੁਰੰਤ ਬਣਦੀ ਕਾਰਵਾਈ ਯਕੀਨੀ ਬਣਾਈ ਜਾਵੇਗੀ। ਉਨ੍ਹਾਂ ਕਿਹਾ ਆਮ ਜਨਤਾ ਦੀ ਜਾਗਰੂਕਤਾ ਲਈ ਡੀ.ਸੀ., ਏ.ਡੀ ਸੀ., ਐਸ.ਡੀ. ਐਮਜ਼, ਜ਼ਿਲ੍ਹਾ ਮਾਲ ਅਫਸਰ, ਰਿਜ਼ਨਲ ਟਰਾਂਸਪੋਰਟ ਅਥਾਰਿਟੀ, ਸਬ-ਰਜਿਸਟਰਾਰ ਆਦਿ ਦਫਤਰਾਂ/ਕੋਰਟਾਂ ਤੋਂ ਇਲਾਵਾ ਸੇਵਾ ਕੇਂਦਰਾਂਂ ਅਤੇ ਫਰਦ ਕੇਂਦਰਾਂ ਵਿੱਚ ਜਾਗਰੂਕਤਾ ਬੋਰਡ ਲਗਾਏ ਜਾ ਚੁੱਕੇ ਹਨ, ਜਿਨ੍ਹਾਂ ‘ਤੇ ਵਿਜੀਲੈਂਸ ਵਿਭਾਗ ਦਾ ਹੈਲਪਲਾਈਨ ਨੰਬਰ ਦਰਸਾਕੇ ਲਿਖਿਆ ਗਿਆ ਹੈ ਕਿ ਭ੍ਰਿਸ਼ਟਾਚਾਰ ਸਬੰਧੀ ਕਿਸੇ ਵੀ ਕਿਸਮ ਦੀ ਸ਼ਿਕਾਇਤ ਇਸ ਨੰਬਰ ‘ਤੇ ਦਿੱਤੀ ਜਾ ਸਕਦੀ ਹੈ।
ਡੀਸੀ ਨੇ ਦੱਸਿਆ ਕਿ ਭ੍ਰਿਸ਼ਟਾਚਾਰ ਨੂੰ ਠੱਲ੍ਹ ਪਾਉਣ ਲਈ ਹੀ ਲਗਾਤਾਰ ਸੇਵਾ ਕੇਂਦਰਾਂ ਦੀ ਪੈਂਡੈਂਸੀ ਨੂੰ ਮੋਨੀਟਰ ਕੀਤਾ ਜਾ ਰਿਹਾ ਹੈ, ਤਾਂ ਜੋ ਘੱਟ ਪੈਂਡੈਂਸੀ ਵਿੱਚ ਆਪਣੇ ਆਪ ਹੀ ਜਨਤਾ ਨੂੰ ਸਮੇਂ-ਸਿਰ ਸੇਵਾਵਾਂ ਹਾਸਲ ਹੋ ਸਕਣ। ਇਸ ਤੋਂ ਇਲਾਵਾ ਪਟਵਾਰੀਆਂ ਦੇ ਨਾਲ ਇੰਤਕਾਲਾਂ ਦੀ ਸਾਰੀ ਪੈਂਡੈਂਸੀ ਵੀ ਕਲੀਅਰ ਕਰਵਾ ਦਿੱਤੀ ਗਈ ਹੈ। ਉਨ੍ਹਾਂ ਦੱਸਿਆ ਕਿ ਹੁਣ ਤੱਕ ਕਰੀਬ ਸਾਰੇ ਇੰਤਕਾਲ ਕਲੀਅਰ ਹੋ ਚੁੱਕੇ ਹਨ। ਉਨ੍ਹਾਂ ਦੱਸਿਆ ਕਿ ਜ਼ਿਲ੍ਹਾ ਵਾਸੀਆਂ ਨੂੰ ਸਮੇਂ-ਸਿਰ ਵੱਖ-ਵੱਖ ਸੇਵਾਵਾਂ ਮੁੱਹਈਆ ਕਰਵਾਉਣ ਲਈ ਜ਼ਿਲ੍ਹਾ ਪ੍ਰਸਾਸ਼ਨ ਵਚਨਬੱਧ ਹੈ। ਉਨਾਂਂ ਸਬੰਧਤ ਵਿਭਾਗਾਂ ਨੂੰ ਨਿਰਦੇਸ਼ ਦਿੰਦਿਆਂ ਕਿਹਾ ਕਿ ਸੇਵਾਵਾਂ ਹਾਸਲ ਕਰਨ ਵਾਲੇ ਵਿਅਕਤੀਆਂ ਦੀ ਖੱਜਲ-ਖੁਆਰੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ, ਇਸ ਲਈ ਨਿਸ਼ਚਿਤ ਸਮੇਂ ਦੌਰਾਨ ਹੀ ਸੇਵਾਵਾਂ ਮੁੱਹਈਆ ਕਰਵਾਈਆਂ ਜਾਣ। ਉਨ੍ਹਾਂ ਸੇਵਾਵਾਂ ਪ੍ਰਾਪਤ ਕਰਨ ਲਈ ਦਫਤਰਾਂ ਵਿੱਚ ਆਉਣ ਵਾਲੇ ਵਿਅਕਤੀਆਂ ਨੂੰ ਕੋਵਿਡ-19 ਦੇ ਮੱਦੇਨਜ਼ਰ ਸਮਾਜਿਕ ਦੂਰੀ ਬਰਕਰਾਰ ਰੱਖਦਿਆਂ ਮਾਸਕ ਅਤੇ ਸੈਨੇਟਾਈਜ਼ਰ ਵਰਗੀਆਂ ਸਾਵਧਾਨੀਆਂ ਵਰਤਣ ਦੀ ਅਪੀਲ ਵੀ ਕੀਤੀ। ਉਨ੍ਹਾਂ ਕਿਹਾ ਕਿ ਇੱਕਜੁਟਤਾ ਨਾਲ ਸਾਵਧਾਨੀਆਂ ਆਪਣਾ ਕੇ ਕੋਰੋਨਾ ‘ਤੇ ਫਤਿਹ ਹਾਸਲ ਕੀਤੀ ਜਾ ਸਕਦੀ ਹੈ।