ਜਲੰਧਰ . ਕਰਫਿਊ ਤੋਂ ਬਾਅਦ ਹੁਣ ਲੌਕਡਾਊਨ ਦੇ ਕਾਇਦੇ-ਕਾਨੂੰਨ ਫਾਲੋ ਕਰਵਾਉਣ ਲਈ ਪੰਜਾਬ ਪੁਲਿਸ ਮੁਲਾਜ਼ਮਾਂ ਦੀਆਂ ਆਮ ਲੋਕਾਂ ਨਾਲ ਬਦਤਮੀਜੀਆਂ ਦੀਆਂ ਘਟਨਾਵਾਂ ਲਗਾਤਾਰ ਵਧਦੀਆਂ ਹੀ ਜਾ ਰਹੀਆਂ ਹਨ। ਅਜਿਹਾ ਹੀ ਇੱਕ ਮਾਮਲਾ ਜਲੰਧਰ ਦੇ ਗੋਰਾਇਆ ਇਲਾਕੇ ‘ਚ ਸਾਹਮਣੇ ਆਇਆ ਹੈ। ਇੱਥੋਂ ਦੇ ਰਹਿਣ ਵਾਲੇ ਜਤਿੰਦਰਜੀਤ ਸਿੰਘ ਨਰੂਲਾ ਆਪਣੇ ਬੇਟੇ ਨਾਲ ਦਿਨ ਵੇਲੇ ਘਰ ਦਾ ਜ਼ਰੂਰੀ ਸਾਮਾਨ ਲੈਣ ਬਜਾਰ ਗਏ ਸਨ। ਆਪਣਾ ਮਾਸਕ ਉਹ ਘਰ ਭੁੱਲ ਗਏ ਸਨ। ਬਜਾਰ ਵਿੱਚ ਉਨ੍ਹਾਂ ਨੂੰ ਏਐਸਆਈ ਹਰਜੀਤ ਸਿੰਘ ਮਿਲੇ। ਮਾਸਕ ਨਾ ਪਾਉਣ ਕਰਕੇ 200 ਰੁਪਏ ਦਾ ਚਾਲਾਨ ਕੱਟਿਆ।
ਜਤਿੰਦਰਜੀਤ ਸਿੰਘ ਨਰੂਲਾ ਨੇ ਦੱਸਿਆ, ਅਸੀਂ ਚਾਲਾਨ ਮੌਕੇ ‘ਤੇ ਭਰ ਦਿੱਤਾ। ਇਸ ਤੋਂ ਬਾਅਦ ਜਦੋਂ ਰਸੀਦ ਮੰਗੀ ਤਾਂ ਏਐਸਆਈ ਨੇ ਬਜ਼ਾਰ ਵਿੱਚ ਹੀ ਮੇਰੇ ਅਤੇ ਮੇਰੇ ਬੇਟੇ ਨਾਲ ਬਦਤਮੀਜੀ ਸ਼ੁਰੂ ਕਰ ਦਿੱਤੀ। ਜੋਰ ਦੇਣ ਉੱਤੇ ਮਜਬੂਰੀ ਵਿੱਚ ਏਐਸਆਈ ਨੇ ਰਸੀਦ ਦਿੱਤੀ। ਰਸੀਦ ਦੇਣ ਤੋਂ ਬਾਅਦ ਉਹ ਗੁੱਸੇ ਵਿੱਚ ਆ ਗਿਆ। ਬਜਾਰ ਵਿੱਚ ਸਾਨੂੰ ਕਿਹਾ- ਰਸੀਦ ਮਿਲ ਗਈ, ਚੱਲ ਹੁਣ ਨਿਕਲ ਜਾ।
ਪੀੜਤ ਜਤਿੰਦਰਜੀਤ ਨੇ ਦੱਸਿਆ, ਪੁਲਿਸ ਮੁਲਾਜ਼ਮਾਂ ਨੂੰ ਪਬਲਿਕ ਪਲੇਸ ਉੱਤੇ ਐਸੀ ਸ਼ਬਦਾਵਲੀ ਦਾ ਇਸਤੇਮਾਲ ਨਹੀਂ ਕਰਨਾ ਚਾਹੀਦਾ। ਇਸ ਨਾਲ ਇਨਸਾਨ ਦੇ ਮਨ ਨੂੰ ਤਾਂ ਠੇਸ ਪਹੁੰਚਦੀ ਹੀ ਹੈ ਲੋਕਾਂ ਦਾ ਪੁਲਿਸੀਆ ਸਿਸਟਮ ਤੋਂ ਵਿਸ਼ਵਾਸ ਵੀ ਉੱਠ ਜਾਂਦਾ ਹੈ। ਪੁਲਿਸ ਮੁਲਾਜ਼ਮ ਦੇ ਇਸ ਵਤੀਰੇ ਦੀ ਲਿਖਤੀ ਸ਼ਿਕਾਇਤ ਦੇ ਦਿੱਤੀ ਹੈ।
ਐਸਐਸਪੀ ਜਲੰਧਰ ਦਿਹਾਤ ਨਵਜੋਤ ਸਿੰਘ ਮਾਹਲ ਦਾ ਇਸ ਮਾਮਲੇ ਬਾਰੇ ਕਹਿਣਾ ਹੈ ਕਿ ਪੁਲਿਸ ਮੁਲਾਜ਼ਮਾਂ ਨੂੰ ਲੋਕਾਂ ਨਾਲ ਇਜ਼ੱਤ ਨਾਲ ਪੇਸ਼ ਆਉਣਾ ਚਾਹੀਦਾ ਹੈ। ਮਾਮਲੇ ਦੀ ਸ਼ਿਕਾਇਤ ਗੋਰਾਇਆ ਥਾਣੇ ‘ਚ ਪਹੁੰਚ ਗਈ ਹੈ। ਥਾਣੇ ਦੇ ਐਸਐਚਓ ਜਲਦ ਇਸ ਮਾਮਲੇ ਨੂੰ ਹਲ ਕਰਦਿਆਂ ਬਣਦੀ ਕਾਰਵਾਈ ਕਰਣਗੇ।