ਵਿਆਹ ਦੌਰਾਨ ਸਟੇਜ ‘ਤੇ ਨਚਦਿਆਂ ਕਲਾਕਾਰ ਦੀ ਮੌਤ, 2 ਬੱਚਿਆਂ ਦਾ ਪਿਓ ਸੀ ਮ੍ਰਿਤਕ

0
163
 ਪਟਿਆਲਾ, 8 ਜਨਵਰੀ | ਇੱਕ ਨਿੱਜੀ ਰਿਜ਼ੋਰਟ ਵਿਚ ਭੰਗੜਾ ਪਾਰਟੀ ਵਿਚ ਆਏ ਇੱਕ ਨੌਜਵਾਨ ਦੀ ਨੱਚਦੇ ਹੋਏ ਮੌਤ ਹੋ ਗਈ। ਇਸ ਸਾਰੀ ਘਟਨਾ ਦਾ ਇੱਕ ਵੀਡੀਓ ਵੀ ਸਾਹਮਣੇ ਆਇਆ ਹੈ, ਜਿਸ ਵਿੱਚ ਉਕਤ ਨੌਜਵਾਨ ਮਰਦਾ ਦਿਖਾਈ ਦੇ ਰਿਹਾ ਹੈ। ਭੰਗੜਾ ਪਾਉਂਦੇ ਹੋਏ ਇਕ ਨੌਜਵਾਨ ਸਟੇਜ ‘ਤੇ ਡਿੱਗ ਪਿਆ ਅਤੇ ਕੁਝ ਸਮੇਂ ਬਾਅਦ ਉਸ ਦੀ ਮੌਤ ਹੋ ਗਈ। ਮ੍ਰਿਤਕ ਪਿਛਲੇ ਕਾਫੀ ਸਮੇਂ ਤੋਂ ਭੰਗੜਾ ਪਾਰਟੀ ਦਾ ਕੰਮ ਕਰ ਰਿਹਾ ਸੀ। ਪਰਿਵਾਰ ਮੁਤਾਬਕ ਉਸ ਨੂੰ ਕੋਈ ਬਿਮਾਰੀ ਜਾਂ ਕੋਈ ਹੋਰ ਸਮੱਸਿਆ ਨਹੀਂ ਸੀ।
ਪ੍ਰਾਪਤ ਜਾਣਕਾਰੀ ਅਨੁਸਾਰ ਇਹ ਘਟਨਾ ਕੱਲ ਯਾਨੀ ਮੰਗਲਵਾਰ (7 ਜਨਵਰੀ 2025) ਦੀ ਹੈ। ਪਟਿਆਲਾ ਦੇ ਰਾਜਪੁਰਾ ਸਥਿਤ ਬੇਦੀ ਫਾਰਮ (ਰਿਜ਼ੋਰਟ) ਵਿਖੇ ਸਟੇਜ ‘ਤੇ ਭੰਗੜਾ ਪਾ ਰਹੇ ਰਾਜਪੁਰਾ ਦੇ ਰਹਿਣ ਵਾਲੇ ਬੱਬੂ ਨਾਮਕ ਨੌਜਵਾਨ ਦੀ ਮੌਤ ਹੋ ਗਈ। ਬੇਦੀ ਫਾਰਮ ਵਿਖੇ ਵਿਆਹ ਦਾ ਪ੍ਰੋਗਰਾਮ ਸੀ, ਜਿਸ ਦੌਰਾਨ ਇਹ ਘਟਨਾ ਵਾਪਰੀ।
ਬੱਬੂ ਆਪਣੀ ਭੰਗੜਾ ਪਾਰਟੀ ਨਾਲ ਨੱਚ ਰਿਹਾ ਸੀ। ਅਚਾਨਕ ਉਹ ਹੇਠਾਂ ਡਿੱਗ ਗਿਆ ਅਤੇ ਉਸ ਦੀ ਮੌਤ ਹੋ ਗਈ। ਬੱਬੂ ਪਰਿਵਾਰ ਦਾ ਇਕਲੌਤਾ ਕਮਾਊ ਜੀਅ ਸੀ। ਉਸ ਦੇ ਦੋ ਛੋਟੇ ਬੱਚੇ ਹਨ। ਮ੍ਰਿਤਕ ਦੀ ਪਤਨੀ ਦਾ ਰੋ-ਰੋ ਕੇ ਬੁਰਾ ਹਾਲ ਸੀ। ਬੱਬੂ ਦਾ ਅੰਤਿਮ ਸੰਸਕਾਰ ਅੱਜ ਪਰਿਵਾਰ ਵੱਲੋਂ ਕੀਤਾ ਜਾਵੇਗਾ।
ਮੁੱਢਲੀ ਜਾਂਚ ਤੋਂ ਪਤਾ ਲੱਗਾ ਹੈ ਕਿ ਬੱਬੂ ਦੀ ਮੌਤ ਦਿਲ ਦਾ ਦੌਰਾ ਪੈਣ ਕਾਰਨ ਹੋਈ ਹੈ। ਜਦੋਂ ਬੱਬੂ ਸਟੇਜ ਤੋਂ ਹੇਠਾਂ ਡਿੱਗਿਆ ਤਾਂ ਉਸ ਦੇ ਨਾਲ ਸਾਰੇ ਲੋਕ ਉਸ ਨੂੰ ਰਾਜਪੁਰਾ ਦੇ ਇੱਕ ਨਿੱਜੀ ਹਸਪਤਾਲ ਵਿਚ ਲੈ ਗਏ। ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ, ਜਿਸ ਤੋਂ ਬਾਅਦ ਸਾਰੀ ਘਟਨਾ ਦੀ ਜਾਣਕਾਰੀ ਮ੍ਰਿਤਕ ਦੇ ਪਰਿਵਾਰ ਵਾਲਿਆਂ ਨੂੰ ਦਿੱਤੀ ਗਈ। ਇਸ ਦੇ ਨਾਲ ਹੀ ਸਾਥੀ ਕਲਾਕਾਰਾਂ ਨੇ ਬੱਬੂ ਦੀ ਮੌਤ ਤੋਂ ਬਾਅਦ ਦੁੱਖ ਦਾ ਪ੍ਰਗਟਾਵਾ ਕੀਤਾ।