-ਰਜਨੀਸ਼ ਕੌਰ ਰੰਧਾਵਾ
15 ਅਗਸਤ ਨੂੰ ਭਾਰਤ ਦੇ ਅੰਗਰੇਜ਼ਾਂ ਦੀ ਗੁਲਾਮੀ ਤੋਂ ਆਜ਼ਾਦੀ ਪ੍ਰਾਪਤ ਕਰਨ ਦੇ 73 ਸਾਲ ਪੂਰੇ ਹੋ ਜਾਣਗੇ। ਮੇਰੇ ਜ਼ਿਹਨ ਅੰਦਰ ਆਜ਼ਾਦੀ ਦਿਹਾੜੇ ਦੀ ਇਕੋ-ਇਕ ਤਸਵੀਰ ਉਕਰੀ ਹੋਈ ਹੈ ਕਿ ਇਸ ਇਤਿਹਾਸਕ ‘ਸੁਤੰਤਰਤਾ ਦਿਵਸ’ ਦੇ ਮੌਕੇ ’ਤੇ ਹਰ ਸਾਲ ਦੀ ਤਰ੍ਹਾਂ ਦੇਸ਼ ਭਰ ਵਿਚ ਜਸ਼ਨ ਮਨਾਏ ਜਾਣਗੇ, ਤਿਰੰਗੇ ਝੰਡੇ ਲਹਿਰਾਏ ਜਾਣਗੇ, ਰਾਸ਼ਟਰੀ ਗੀਤਾਂ ਦੀਆਂ ਧੁੰਨਾਂ ’ਤੇ ਜਗ੍ਹਾ-ਜਗ੍ਹਾ ਸਮਾਗਮ ਹੋਣਗੇ। ਟੀਵੀ ਚੈਨਲਾਂ ’ਤੇ ਦੇਸ਼ ਦੇ ਪ੍ਰਧਾਨ ਮੰਤਰੀ ਲਾਲ ਕਿਲ਼ੇ ਤੋਂ ਭਾਰਤ ਵਾਸੀਆਂ ਨੂੰ ਸੰਬੋਧਨ ਕਰਨਗੇ। ਪਿਛਲੇ ਸਾਲਾਂ ਦੇ ਕੀਤੇ ਕੰਮਾਂ ਨੂੰ ਦੁਹਰਾਇਆ ਜਾਵੇਗਾ, ਦੇਸ਼ ਤਰੱਕੀ ਦੀਆਂ ਰਾਹਾਂ ਵੱਲ ਵੱਧ ਰਿਹਾ ਹੈ ਉਸ ਦੇ ਦਾਅਵੇ ਕੀਤੇ ਜਾਣਗੇ, ਮੌਜੂਦਾ ਸਮੇਂ ਵਿਚ ਜੋ-ਜੋ ਸਮੱਸਿਆਵਾਂ ਨੇ ਉਨ੍ਹਾਂ ਨੂੰ ਹੱਲ ਕਰਨ ਦੇ ਵਾਅਦੇ ਕੀਤੇ ਜਾਣਗੇ। ਦੇਸ਼ ਵਾਸੀਆਂ ਦੇ ਭਵਿੱਖ ਸੰਬੰਧੀ ਹੋਰ ਕੀ ਕੁੱਝ ਕੀਤਾ ਜਾਣਾ ਹੈ ਉਹ ਸੁਪਨੇ ਵੀ ਦਿਖਾਏ ਜਾਣਗੇ। ਜਦੋਂ ਮੈਂ ਸਕੂਲ ਪੜ੍ਹਦੀ ਸੀ ਉਦੋਂ ਇਹ ਦਿਹਾੜਾ ਸਾਡੇ ਸਾਰਿਆਂ ਲਈ ਇਕ ਛੁੱਟੀ ਦੇ ਤੌਰ ’ਤੇ ਮਨਾਉਣ ਤੋਂ ਸਿਵਾਏ ਹੋਰ ਕੁੱਝ ਨਹੀਂ ਸੀ। ਸੁਭਾਵਿਕ ਹੀ ਹੈ ਕਿ ਸਕੂਲ ਸਮੇਂ ਸਾਰੇ ਇਹੀ ਸੋਚਦੇ ਸਨ ਕਿ 15 ਅਗਸਤ ਨੂੰ ਕਿਤੇ ਐਤਵਾਰ ਨਾ ਆ ਜਾਵੇ। ਖ਼ੈਰ, ਇਸ ਵਾਰ ਦਾ ਅਜ਼ਾਦੀ ਦਿਹਾੜਾ ਇਸ ਲਈ ਵੀ ਯਾਦ ਰੱਖਣ ਯੋਗ ਹੋਏਗਾ ਕਿ ਦੇਸ਼ ਹੀ ਨਹੀਂ ਪੂਰੀ ਦੁਨੀਆਂ ਇਸ ਵੇਲੇ ਇਕ ਸੰਕਟ ’ਚੋਂ ਗੁਜ਼ਰ ਰਹੀ ਹੈ। ਅਣਲੌਕ ਦੀ ਪ੍ਰਕਿਰਿਆ ਸ਼ੁਰੂ ਹੋ ਚੁੱਕੀ ਹੈ, ਪਰ ਜਗ੍ਹਾ-ਜਗ੍ਹਾ ਹੋਣ ਵਾਲੇ ਸਮਾਗਮਾਂ ਦਾ ਸਰੂਪ ਬਦਲਿਆ-ਬਦਲਿਆ ਨਜ਼ਰ ਆਏਗਾ।
ਕੁਝ ਵੀ ਹੋਵੇ ਆਜ਼ਾਦੀ ਪ੍ਰਾਪਤ ਕਰਨ ਵਾਸਤੇ ਲੱਖਾਂ ਲੋਕਾਂ ਨੇ ਆਪਣੀਆਂ ਜਾਨਾਂ ਕੁਰਬਾਨ ਕੀਤੀਆਂ ਸਨ। ਭਾਰਤ ਦੀ ਧਰਤੀ ਨੇ ਅਜਿਹੇੇ-ਅਜਿਹੇੇ ਯੋਧੇ, ਸੂਰਮੇਂ ਪੈਦਾ ਕੀਤੇ ਜਿਹਨਾਂ ਨੇ ਉਸ ਸਮੇਂ ਦੀਆਂ ਸਰਕਾਰਾਂ ਦੇ ਜਬਰ ਜ਼ੁਲਮ, ਕਾਲੇ ਪਾਣੀ ਵਰਗੀਆਂ ਜੇਲ੍ਹਾਂ, ਪੂਰੀ ਉਮਰ ਕਾਲ ਕੋਠੜੀਆਂ ਤੇ ਹੱਸਦੇ-ਹੱਸਦੇ ਫਾਂਸੀ ਦੇ ਰੱਸੇ ਆਪਣੇ ਗਲ਼ਾਂ ਵਿਚ ਪਾਏ। ਭਾਰਤ ਦੇ ਲੋਕ, ਜੋ ਵੱਖ-ਵੱਖ ਇਲਾਕਿਆਂ, ਰਿਆਸਤਾਂ, ਧਰਮਾਂ, ਬੋਲੀਆਂ ਤੇ ਰਸਮਾਂ ਰਿਵਾਜਾਂ ਵਿਚ ਬੱਝੇ ਹੋਣ ਦੇ ਬਾਵਜੂਦ ਉਨ੍ਹਾਂ ਨੇ ਆਜ਼ਾਦੀ ਦੀ ਲੜਾਈ ਵਿਚ ਆਪਣੀ ਏਕਤਾ ਦਾ ਲਾਮਿਸਾਲ ਇਤਿਹਾਸ ਸਿਰਜਿਆ। ਸੋਚਿਆ ਜਾਵੇ ਕਿ ਅਸੀਂ ਅੰਗਰੇਜ਼ਾਂ ਦੀ ਗੁਲਾਮੀ ਤੋਂ ਆਜ਼ਾਦ ਤਾਂ ਹੋ ਗਏ, ਪਰ ਜਿਨ੍ਹਾਂ ਵੱਖ-ਵੱਖ ਧਰਮਾਂ, ਜਾਤਾਂ, ਫਿਰਕਿਆਂ ਦੇ ਲੋਕਾਂ ਨੇ ਇਸ ਇਤਿਹਾਸਕ ‘ਸੁਤੰਤਰਤਾ ਦਿਵਸ’ ਲਿਆਉਣ ’ਚ ਆਪਣਾ ਸਾਂਝਾ ਖੂਨ ਵਹਾਇਆ ਸੀ ਉਨ੍ਹਾਂ ਦੀ ਸਾਂਝ ਬਰਕਰਾਰ ਹੈ? ਆਜ਼ਾਦ ਹੁੰਦਿਆਂ ਹੀ ਦੇਸ਼ ਦੀ ਵੰਡ ਹਿੰਦੂਸਤਾਨ ਤੇ ਪਾਕਿਸਤਾਨ ਦੀ ਘਟਨਾ ਨੇ ਫਿਰਕੂ ਨਫ਼ਰਤ ਦੀ ਅੱਗ ’ਚ ਕਰੋੜਾਂ ਬੇਦੋਸ਼ਿਆਂ ਦੀਆਂ ਜਾਨਾਂ ਲੈ ਲਈਆਂ। ਭਾਰਤ ਤੋਂ ਪਾਕਿਸਤਾਨ ਤੇ ਪਾਕਿਸਤਾਨ ਤੋਂ ਭਾਰਤ ਪਰਤ ਰਹੀਆਂ ਧੀਆਂ-ਭੈਣਾਂ ਦੀਆਂ ਰਸਤਿਆਂ ਵਿਚ ਹੀ ਪੱਤਾਂ ਲੁੱਟ ਕੇ ਉਨ੍ਹਾਂ ਦਾ ਵਹਿਸ਼ੀਆਨਾ ਢੰਗਾਂ ਕਤਲ ਕਰਨਾ, ਇੱਥੋਂ ਤੱਕ ਕਿ ਬੱਚਿਆਂ, ਬਜ਼ੁਰਗਾਂ ਨੂੰ ਵੀ ਨਹੀਂ ਬਖ਼ਸ਼ਿਆ ਗਿਆ। ਕਰੋੜਾਂ ਲੋਕਾਂ ਨੂੰ ਆਪਣੇ ਘਰ, ਜ਼ਮੀਨਾਂ-ਜਾਇਦਾਦਾਂ, ਕਾਰੋਬਾਰ, ਖੇਤੀਬਾੜੀ, ਆਪਸੀ ਰਿਸ਼ਤੇ ਸਭ ਕੁੱਝ ਛੱਡ ਕੇ ਨਵੀਆਂ ਥਾਵਾਂ ’ਤੇ ਜਾਣਾ ਪਿਆ। ਇੰਝ 15 ਅਗਸਤ 1947 ਨੂੰ ਆਪਣੀਆਂ ਜਾਨਾਂ ਕੁਰਬਾਨ ਕਰਨ ਸਦਕਾ ਪ੍ਰਾਪਤ ਹੋਈ ਆਜ਼ਾਦੀ ਨਾਲ ਕੌੜੀਆਂ ਯਾਦਾਂ ਵੀ ਇਤਿਹਾਸ ਵਿਚ ਜੁੜ ਗਈਆਂ।
ਅਜ਼ਾਦੀ ਦੇ ਸਾਲਾਂ ਵਿਚ ਇਕ ਹੋਰ ਸਾਲ ਜੁੜ ਰਿਹਾ ਹੈ ਅਤੇ ਅਸੀਂ ਆਜ਼ਾਦੀ ਦੇ 73ਵੇਂ ਸਾਲ ਵੱਲ ਵੱਧ ਗਏ ਹਾਂ। ਕੀ ਅੱਜ ਅਸੀਂ ਆਜ਼ਾਦੀ ਦੇ ਮਾਇਨੇ ਸਮਝ ਗਏ ਹਾਂ? ਕੀ ਅਸੀਂ ਉਨ੍ਹਾਂ ਮਹਾਨ ਦੇਸ਼ ਭਗਤਾਂ ਨੂੰ ਭੁਲਾ ਬੈਠੇ ਹਾਂ, ਜਿਨਾਂ ਦੀ ਵਜ੍ਹਾ ਨਾਲ ਅਸੀਂ ਆਜ਼ਾਦੀ ਪ੍ਰਾਪਤ ਕੀਤੀ? ਕੀ ਉਨਾਂ ਦੇਸ਼ ਭਗਤਾਂ ਦੀ ਕੁਰਬਾਨੀ ਸਹੀ ਦਿਸ਼ਾ ਵਿਚ ਗਈ ਹੈ? ਇਹ ਗੱਲ ਗ਼ਲਤ ਹੋਵੇਗੀ ਕਿ ਸਾਡੇ ਦੇਸ਼ ਨੇ ਬਿਲਕੁਲ ਹੀ ਤਰੱਕੀ ਨਹੀਂ ਕੀਤੀ। ਅੱਜ ਵੱਡੇ ਸ਼ਹਿਰਾਂ ਦਾ ਸਰੂਪ ਬਦਲਿਆ ਹੈ, ਵੱਡੇ-ਵੱਡੇ ਮਲਟੀ ਕੰਪਲੈਕਸ ਖੁੱਲ੍ਹ ਗਏ ਹਨ। ਵੱਡੇ-ਵੱਡੇ ਪੁਲ ਬਣ ਗਏ ਹਨ। ਮੋਬਾਇਲ ਹਰ ਕਿਸੇ ਕੋਲ ਹੈ, ਘਰਾਂ ਵਿਚ ਕੰਪਿਊਟਰ ਤੇ ਇੰਟਰਨੈਟ ਦੀ ਵਰਤੋਂ ਹੋ ਰਹੀ ਹੈ। ਪਰ ਇਸ ਸਭ ਕਾਸੇ ਦਾ ਲਾਭ ਹਰ ਵਰਗ ਨੂੰ ਨਹੀਂ ਮਿਲ ਰਿਹਾ। ਜਿਸ ਕੋਲ ਪੈਸਾ ਹੈ ਉਸ ਨੂੰ ਹੀ ਇਨ੍ਹਾਂ ਵੱਡੇ ਬਾਜ਼ਾਰਾਂ ਤੇ ਪੁਲਾਂ ਦਾ ਫਾਇਦਾ ਹੈ।
ਦੇਸ਼ ਦੀ ਲਗਪਗ ਅੱਧੀ ਵੱਸੋਂ ਅੱਜ ਵੀ ਕੰਗਾਲੀ ਦੀ ਹਾਲਤ ਵਿਚ ਜੂਨ-ਕਟੀ ਕਰ ਰਹੀ ਹੈ। ਕਰੋੜਾਂ ਦੇਸ਼ਵਾਸੀਆਂ ਕੋਲ ਅੱਜ ਵੀ ਨਾ ਸਿਰ ਲੁਕਾਉਣ ਦਾ ਕੋਈ ਆਪਣਾ ਸਾਧਨ ਹੈ ਨਾ ਢਿੱਡ ਭਰਨ ਦਾ। ਆਕਾਸ਼ ਛੋਂਹਦੀਆਂ ਬਹੁਮੰਜ਼ਲੀ ਇਮਾਰਤਾਂ ਤਾਂ ਹਰ ਸ਼ਹਿਰ, ਹਰ ਕਸਬੇ ਵਿਚ ਉਸਰ ਰਹੀਆਂ ਹਨ। ਝੁੱਗੀਆਂ-ਝੌਂਪੜੀਆਂ ਵਿਚ ਜੀਵਨ ਬਸਰ ਕਰ ਰਹੀ ਗਰੀਬੀ ਅੱਜ ਵੀ ਗਰੀਬੀ ਤੇ ਅਮੀਰੀ ਦੀ ਅਸਮਾਨਤਾ ਨੂੰ ਪ੍ਰਤੱਖ ਰੂਪ ਵਿਚ ਰੂਪਮਾਨ ਕਰਦੀ ਦਿਖਾਈ ਦਿੰਦੀ ਹੈ। ਕਿਸਾਨ ਖੁਦਕੁਸ਼ੀਆਂ ਕਰ ਰਿਹਾ ਹੈ। ਕਿਸਾਨ ਹੀ ਨਹੀਂ ਆਰਥਕ ਤੰਗੀਆਂ ਦਾ ਸ਼ਿਕਾਰ ਹੋਇਆ ਹਰ ਵਰਗ ਵੀ ਹੁਣ ਖੁਦਕੁਸ਼ੀਆਂ ਦੇ ਰਾਹ ਵੱਲ ਤੁਰਦਾ ਦਿਖਾਈ ਦੇ ਰਿਹਾ ਹੈ। ਪੀਣ ਵਾਲਾ ਸਵੱਛ ਪਾਣੀ ਨਾ ਹੋਣ ਕਰਕੇ ਪੈਦਾ ਹੋ ਰਹੀਆਂ ਜਾਨਲੇਵਾ ਬੀਮਾਰੀਆਂ, ਆਦਿਵਾਸੀਆਂ ਤੇ ਕਿਸਾਨਾਂ ਦੀ ਜੰਗਲਾਂ ਤੇ ਵਾਹੀ ਯੋਗ ਜ਼ਮੀਨਾਂ ’ਚੋਂ ਬੇਦਖਲੀ, ਫ਼ਸਲਾਂ ਦਾ ਮੰਡੀਆਂ ’ਚ ਵਾਜ਼ਬ ਭਾਅ ਨਾ ਮਿਲਣ ਕਰਕੇ ਘੱਟੇ-ਕੌਡੀਆਂ ਰੁਲਣਾ ਇਹ ਸਭ ਆਜ਼ਾਦ ਭਾਰਤ ਅੰਦਰ ਵਾਪਰ ਰਿਹਾ ਹੈ। ਕੀ ਸਾਡਾ ਅੱਜ ਦਾ ਭਾਰਤ ਸ਼ਹੀਦ ਭਗਤ ਸਿੰਘ, ਰਾਜਗੁਰੂ ਤੇ ਸੁਖਦੇਵ ਦੇ ਸੁਪਨਿਆਂ ਦਾ ਦੇਸ਼ ਨਹੀਂ ਹੈ? ਉਨਾਂ ਨੇ ਕੁਰਬਾਨੀ ਦੇਣ ਤੋਂ ਪਹਿਲਾਂ ਇਹ ਸੋਚਿਆ ਵੀ ਨਹੀਂ ਹੋਵੇਗਾ ਕਿ ਸਾਡੇ ਦੇਸ਼ ਦੀ ਹਾਲਤ ਇੰਨੀ ਪਤਲੀ ਹੋਵੇਗੀ ਜਿੱਥੇ ਜਾਤੀਵਾਦ ਪਿੱਛੇ ਕਤਲ ਹੋਣਗੇ, ਭਿ੍ਰਸ਼ਟਾਚਾਰ ਗੋਡੇ-ਗੋਡੇ ਹੋਵੇਗਾ, ਲੋਕ ਭੁੱਖ ਨਾਲ ਮਰਨਗੇ ।
ਇਨਾਂ ਸਮੱਸਿਆਵਾਂ ਦਾ ਹੱਲ ਹੋਣਾ ਬਹੁਤ ਜ਼ਰੂਰੀ ਹੈ। ਆਜ਼ਾਦੀ ਵਾਲੇ ਦਿਨ ਦੇਸ਼ ਭਗਤੀ ਦੇ ਗਾਣੇ ਸੁਣ ਕੇ ਜੋਸ਼ ਤਾਂ ਆ ਜਾਂਦਾ ਹੈ ਪਰੰਤੂ ਉਨਾਂ ਨੂੰ ਸਮਝਣ ਦੀ ਲੋੜ ਹੈ। ਉਨ੍ਹਾਂ ਦੀ ਅਸਲੀ ਕੁਰਬਾਨੀ ਦੀ ਭਾਵਨਾ ਨੂੰ ਜਾਣਨ ਦੀ ਲੋੜ ਹੈ। ਹੱਥ ਵਿਚ ਝੰਡੀਆਂ ਨੂੰ ਲਹਿਰਾਉਣ ਨਾਲ ਭਾਰਤ ਨੂੰ ਮਹਾਨ ਨਹੀਂ ਬਣਾਇਆ ਜਾ ਸਕਦਾ। ਲੋੜ ਹੈ ਦੇਸ਼ ਦੀਆਂ ਅਸਲੀ ਸਮੱਸਿਆਵਾਂ ਨੂੰ ਸਮਝਣ ਦੀ ਤੇ ਉਹਨਾਂ ਨੂੰ ਦੂਰ ਕਰਨ ਦੀ।
ਇਹ ਜ਼ਰੂਰੀ ਹੋ ਜਾਂਦਾ ਹੈ ਕਿ ਆਜ਼ਾਦ ਭਾਰਤ ਅੰਦਰ ਵਾਪਰ ਰਹੀਆਂ ਇਹਨਾਂ ਸਾਰੀਆਂ ਬੁਰਾਈਆਂ ਨੂੰ ਨਜ਼ਰ ਅੰਦਾਜ਼ ਨਾ ਕਰਕੇ ਜਾਂ ਆਪਣੀਆਂ ਘਾਟਾਂ ਕਮਜ਼ੋਰੀਆਂ ’ਤੇ ਪਰਦਾ ਨਾ ਪਾ ਕੇ, ਦੇਸ਼ ਦੇ ਤਰੱਕੀ ਵੱਲ ਵੱਧਣ ਦੇ ਝੂਠੇ ਦਾਅਵੇ ਅਤੇ ਦੇਸ਼ਵਾਸੀਆਂ ਨੂੰ ਝੂਠੇ ਸੁਪਨੇ ਨਾ ਦਿਖਾ ਕੇ 15 ਅਗਸਤ ਦਾ 73ਵਾਂ ਆਜ਼ਾਦੀ ਦਿਵਸ ਝੂਠੀ ਖੁਸ਼ੀ ਦਾ ਇਜ਼ਹਾਰ ਕਰਕੇ ਨਾ ਮਨਾਇਆ ਜਾਵੇ। ਦੇਸ਼ ਲਈ ਕੁਰਬਾਨ ਹੋ ਜਾਣ ਵਾਲੇ ਸ਼ਹੀਦਾਂ, ਦੇਸ਼ ਭਗਤਾਂ ਦੇ ਆਜ਼ਾਦੀ ਸੰਗਰਾਮ ਦੌਰਾਨ ਸਿਰਜੇ ਸੁਨਿਹਰੀ ਸੁਪਨਿਆਂ ਨੂੰ ਸਾਕਾਰ ਕਰਨ ਦੀ ਤਾਂਘ ਨਾਲ ਮਨਾਇਆ ਜਾਵੇ, ਤਾਂ ਜੋ ਸਮੁੱਚੇ ਦੇਸ਼ਵਾਸੀ ਅਜ਼ਾਦੀ ਦਾ ਨਿੱਘ ਮਾਣ ਸਕਣ। ਨਹੀਂ ਤਾਂ 15 ਅਗਸਤ 1947 ਨੂੰ ਪ੍ਰਾਪਤ ਹੋਈ ਆਜ਼ਾਦੀ ਦਾ ਕੋਈ ਅਰਥ ਜਾਂ ਵਜ਼ੂਦ ਹੀ ਨਹੀਂ ਰਹੇਗਾ ਤੇ ਉਨ੍ਹਾਂ ਦੇਸ਼ ਭਗਤਾਂ ਦੀ ਬੇਕਦਰੀ ਹੋਵੇਗੀ ਜਿਨਾਂ ਨੇ ਦੇਸ਼ ਨੂੰ ਆਜ਼ਾਦ ਕਰਵਾਉਣ ਲਈ ਆਪਣੀਆਂ ਤੇ ਆਪਣੇ ਪਰਿਵਾਰ ਦੀਆਂ ਜਾਨਾਂ ਦੀ ਪਰਵਾਹ ਤੱਕ ਨਹੀਂ ਕੀਤੀ ਸੀ।