ਸਿਸਟਮ ਦੇ ਨੇਜੇ ਨਾਲ ਬਿੰਨ੍ਹੇ ਹੋਏ ਲੋਕਾਂ ਦੀ ਆਵਾਜ਼ ਹੈ ਗੁਰਪ੍ਰੀਤ ਬਠਿੰਡਾ

0
16361

-ਗੁਰਪ੍ਰੀਤ ਡੈਨੀ

ਜਦੋਂ ਕੋਈ ਆਫ਼ਤ ਆਵੇ ਤਾਂ ਗਰੀਬ ਵਿਅਕਤੀ ਆਪਣੀ ਦੋ ਵਕਤ ਦੀ ਰੋਟੀ ਦੇ ਲਾਲਿਆਂ ਲਈ ਆਪਣੀ ਰੂਹ ਛਿਲਦਾ ਹੈ। ਕੋਰੋਨਾ ਨੇ ਇਹ ਤਸਵੀਰ ਹੋਰ ਵੀ ਸਾਫ਼ ਕਰ ਦਿੱਤੀ ਹੈ। ਦਿਲ ਵਾਲਿਆਂ ਨੇ ਦਿੱਲੀ ਵਿਚੋਂ ਉਹਨਾਂ ਦੇ ਘਰਾਂ, ਫੈਕਟਰੀਆਂ ਦਾ ਗੰਦ ਢੋਂਹਦੇ ਮਜ਼ਦੂਰਾਂ ਨੂੰ ਇਉਂ ਨਕਾਰਿਆਂ ਜਿਉਂ ਅੰਬ ਚੂਪ ਕੇ ਗਿੱਟਕ ਬਨੇਰਿਓ ਪਾਰ ਸੁੱਟੀ ਦੀ ਹੈ। ਪ੍ਰਵਾਸੀ ਮਜ਼ਦੂਰ ਛਣੀਆਂ ਚੁੰਨੀਆਂ ਵਿਚ ਆਪਣੇ ਬੱਚਿਆਂ ਨੂੰ ਪਿੱਠਾਂ ਨਾਲ ਲਾਈ ਸੜਕਾਂ ਦੀ ਧੌਂਣ ਭੰਨ੍ਹਦੇ ਆਪਣੇ ਪਿੰਡਾਂ ਦੇ ਰਾਹ ਪੈ ਤੁਰੇ ਤੇ ਸਰਕਾਰ ਗੱਦੇ ਦੀ ਕੁਰਸੀ ‘ਤੇ ਬੈਠੀ ਮਾੜਾ ਮੋਟਾ ਮੂੰਹ ਹਿਲਾਉਂਦੀ ਰਹੀ ਤੇ ਟੀਵੀ ਚੈਨਲਾਂ ਦੇ ਰਿਪੋਰਟਰ ਏ.ਸੀ ਵਾਲੇ ਸਟੂਡਿਓ ਵਿਚ ਬੈਠੇ ਡਿਜ਼ੀਟਲ ਤਕਨੀਕ ਨਾਲ ਉਹਨਾਂ ਮਜ਼ਦੂਰਾਂ ਦਾ ਪਸੀਨਾ ਪੋਚਦੇ ਰਹੇ।

ਫਿਰ ਇਕ ਨਾਮ ਸਾਹਮਣੇ ਆਇਆ ਜਿਸ ਨੂੰ ਪ੍ਰਵਾਸੀ ਮਜ਼ਦੂਰਾਂ ਦੇ ਪੈਰ ਵਿਚੋਂ ਉੱਠਦੀ ਚੀਸ ਤੇ ਭੁੱਖੇ ਨਿਆਣਿਆਂ ਦੀਆਂ ਲੇਰਾਂ ਬਠਿੰਡੇ ਸੁਣੀਆਂ, ਉਸ ਨੇ ਆਪਣੇ ਬੁਰਛ ਨਾਲ ਕੈਨਵਸ ਦੀ ਹਿੱਕ ਉੱਤੇ ਉਹਨਾਂ ਚੀਸਾਂ ਦੇ ਨੈਣ ਨਕਸ਼ ਬਣਾ ਛੱਡੇ ਤੇ ਲਾਲ ਸਿੰਘ ਦਿਲ ਦੀ ਕਵਿਤਾ ਨੂੰ ਉਹਨੇ ਆਪਣੇ ਕੋਲ ਬਿਠਾ ਲਿਆ। ਜਦ ਲਾਲ ਸਿੰਘ ਦਿਲ ਦੀ ਕਵਿਤਾ ਤੇ ਪੇਟਿੰਗਜ਼ ਦਾ ਦਰਦ ਰਲਗੱਡ ਹੋ ਗਿਆ ਤਾਂ ਪੇਟਿੰਗ ਦੇਖਣ ਵਾਲਿਆਂ ਦੀਆਂ ਅੱਖਾਂ ਪਰਲ-ਪਰਲ ਵਹਿ ਤੁਰੀਆਂ। ਗੁਰਪ੍ਰੀਤ ਸ਼ਾਇਦ ਇਸੇ ਲਈ ਵੀ ਇਕ ਥਾਂ ਤੋਂ ਦੂਜੀ ਥਾਂ ਜਾਣ ਦਾ ਦਰਦ ਜਾਣਦਾ ਹੈ ਕਿਉਂਕਿ ਉਹਦਾ ਪਰਿਵਾਰ ਤਾਂ ਖੁਦ ਜਲੰਧਰੋਂ ਤੁਰ ਬਠਿੰਡਾ ਪਹੁੰਚਾ ਹੈ।

ਗੁਰਪ੍ਰੀਤ ਕੋਲ ਰੰਗ ਨਹੀਂ ਰੰਗਾਂ ਦੇ ਨਾਲ-ਨਾਲ ਉਸ ਜੀਭ ਦੀ ਪੁਕਾਰ ਸੁਣਨ ਲਈ ਕੰਨ ਵੀ ਹਨ ਜਿਸ ਜੀਭ ਵਿਚ ਸਿਸਟਮ ਚਿਰਾਂ ਤੋਂ ਸੂਈਆਂ ਚੋਭਦਾ ਆਇਆ ਹੈ। ਗੁਰਪ੍ਰੀਤ ਨੂੰ ਵੱਡੇ ਵਿਦਵਾਨਾਂ ਕੋਲੋ ਆਪਣੀ ਪੇਟਿੰਗਜ਼ ਨੂੰ ਸਿੱਧ ਪੱਧਰੀਆਂ ਹੋਣ ਬਾਰੇ ਵੀ ਸੁਣਨ ਨੂੰ ਮਿਲਦਾ ਰਿਹਾ ਹੈ ਪਰ ਉਸ ਨੇ ਕਦੀ ਕੋਈ ਪਰਵਾਹ ਹੀ ਨਹੀਂ ਕੀਤੀ।

ਗੁਰਪ੍ਰੀਤ ਮੰਨਦਾ ਹੈ ਕਿ ਜੇਕਰ ਮੇਰੀ ਪੇਟਿੰਗ ਉਹਨਾਂ ਲੋਕਾਂ ਦੇ ਸਮਝ ਹੀ ਨਾ ਆਈ ਜਿਹਨਾਂ ਲਈ ਮੈਂ ਬਣਾ ਰਿਹਾ ਹਾਂ ਤਾਂ ਉਸਦਾ ਕੀ ਫਾਇਦਾ ਹੋਵੇਗਾ। ਇਹ ਕੋਰੋਨਾ ਕਾਲ ਵਿਚ ਬਣਾਈ ਪੇਟਿੰਗ ਸੋਸ਼ਲ ਮੀਡੀਆਂ ‘ਤੇ ਕਾਫੀ ਵਾਇਰਲ ਹੋਈ। ਇਸ ਤੋਂ ਪਹਿਲਾਂ ਵੀ ਉਸ ਦੀਆਂ ਕਈ ਪੇਟਿੰਗਜ਼ ਪੰਜਾਬ ਦੇ ਕਿਸਾਨ ਦੀ ਖੁਦਕੁਸ਼ੀ ‘ਤੇ ਮਰਸੀਏ ਗਾਉਂਦੀਆਂ ਰਹੀਆਂ ਹਨ। ਭਗਤ ਸਿੰਘ ਦੇ ਹੱਥੋਂ ਪਸਤੌਲ ਖੋਹ ਉਸ ਹੱਥ ਕਿਤਾਬ ਫੜਾਉਣ ਵਾਲਾ ਵੀ ਇਹੀ ਮਾਲਵੇ ਦਾ ਜਵਾਨ ਗੁਰਪ੍ਰੀਤ ਬਠਿੰਡਾ ਹੈ।

ਭਗਤ ਸਿੰਘ ਨੂੰ ਉਸ ਇਕੱਲੀ ਕਿਤਾਬ ਹੀ ਨਹੀਂ ਫੜਾਈ ਸਗੋਂ ਉਸ ਉਪਰ ਮਾਂ ਸ਼ਬਦ ਵੀ ਵਾਹਿਆ ਜੋ ਇਸ ਗੱਲ ਦੀ ਗਵਾਹੀ ਭਰਦਾ ਹੈ ਕਿ ਰੱਸੇ ਚੁੰਮਣ ਵਾਲੇ ਪੁੱਤ ਵੀ ਮਾਵਾਂ ਦੇ ਪਿਆਰ ਨੂੰ ਲੋਚਦੇ ਹਨ। ਇਸ ਗੁਰਪ੍ਰੀਤ ਤੋਂ ਜ਼ਰੂਰ ਇਕ ਦਿਨ ਕਈ ਗੁਰਪ੍ਰੀਤ ਪੈਂਦੇ ਹੋਣੇ ਹਨ, ਕਿਉਂਕਿ ਉਹ ਆਪਣੇ ਪੇਟਿੰਗਜ਼ ਦੀ ਮਹਿਕ ਦੇਸ ਰਾਜ ਮੈਮੋਰੀਅਲ ਸਕੂਲ ਵਿਚ ਵੀ ਫੈਲਾ ਕੇ ਆਉਂਦਾ ਹੈ ਜਿਸ ਸਕੂਲ ਵਿਚ ਉਹ ਪੜ੍ਹਾਉਦਾ ਹੈ। ਗੁਰਪ੍ਰੀਤ ਇਹ ਗੱਲ ਕਹਿੰਦਾ ਗਲ਼ ਭਰ ਲੈਂਦਾ ਹੈ ਕਿ ਮੈਨੂੰ ਸਭ ਤੋਂ ਵੱਧ ਖੁਸ਼ੀ ਓਦੋਂ ਹੁੰਦੀ ਜਦੋਂ ਮੇਰੀ ਬਣਾਈ ਪੇਟਿੰਗ ਕਿਸੇ ਮਜ਼ਦੂਰ ਯੂਨੀਅਨ ਦੇ ਧਰਨੇ ਦਾ ਬੈਨਰ ਤੇ ਕਿਸੇ ਲਾਇਬ੍ਰੇਰੀ ਦੇ ਐਂਟਰੀ ਗੇਟ ‘ਤੇ ਸੁਆਗਤੀ ਸ਼ਬਦ ਦਾ ਸ਼ਿੰਗਾਰ ਬਣਦੀ ਹੈ।

(ਗੁਰਪ੍ਰੀਤ ਡੈਨੀ ਨਾਲ ਇਸ 9779250653 ‘ਤੇ ਸੰਪਰਕ ਕੀਤਾ ਜਾ ਸਕਦਾ ਹੈ।)