ਨਵੀਂ ਦਿੱਲੀ | ਰਿਪਬਲਿਕ ਟੀਵੀ ਦੇ ਐਡੀਟਰ-ਇਨ-ਚੀਫ ਅਰਨਬ ਗੋਸਵਾਮੀ ਨੂੰ 14 ਦਿਨ ਦੀ ਨਿਆਂਇਕ ਹਿਰਾਸਤ ‘ਚ ਭੇਜ ਦਿੱਤਾ ਗਿਆ ਹੈ। ਉਨ੍ਹਾਂ ਤੋਂ ਇਲਾਵਾ ਦੋ ਹੋਰਾ ਨੂੰ 2018 ‘ਚ ਖੁਦਕੁਸ਼ੀ ਲਈ ਉਕਸਾਉਣ ਦੇ ਮਾਮਲੇ ‘ਚ ਦੇਰ ਰਾਤ ਮੁੰਬਈ ਦੀ ਇਕ ਅਦਾਲਤ ਨੇ 14 ਦਿਨਾਂ ਦੀ ਨਿਆਂਇਕ ਹਿਰਾਸਤ ‘ਚ ਭੇਜਿਆ। ਅਰਨਬ ਗੋਸਵਾਮੀ ਦੇ ਵਕੀਲ ਅਬਾਦ ਪੋਂਡਾ ਨੇ ਕਿਹਾ ਉਨ੍ਹਾਂ ਜ਼ਮਾਨਤ ਅਰਜ਼ੀ ਲਾਈ ਹੈ ਜਿਸ ਤੇ ਵੀਰਵਾਰ ਸੁਣਵਾਈ ਹੋ ਸਕਦੀ ਹੈ।
2018 ‘ਚ ਇੰਟੀਰੀਅਰ ਡਿਜ਼ਾਇਨਰ ਅਨਵੇ ਨਾਇਕ ਤੇ ਉਸਦੀ ਮਾਂ ਕੁਮੁਦ ਨਾਇਕ ਦੀ ਮੌਤ ਦੇ ਮਾਮਲੇ ‘ਚ ਬੁੱਧਵਾਰ ਸਵੇਰ ਅਰਨਬ ਗੋਸਵਾਮੀ ਨੂੰ ਮੁੰਬਈ ਸਥਿਤ ਉਨ੍ਹਾਂ ਦੇ ਘਰ ਤੋਂ ਗ੍ਰਿਫਤਾਰ ਕੀਤਾ ਗਿਆ ਸੀ। 53 ਸਾਲਾ ਇੰਟੀਰੀਅਰ ਡਿਜ਼ਾਇਨਰ ਨੇ ਆਪਣੇ ਖੁਦਕੁਸ਼ੀ ਨੋਟ ‘ਚ ਇਲਜ਼ਾਮ ਲਾਇਆ ਸੀ ਕਿ ਉਹ ਤੇ ਉਨ੍ਹਾਂ ਦੀ ਮਾਂ ਖੁਦਕੁਸ਼ੀ ਕਰਨ ਜਾ ਰਹੇ ਹਨ ਕਿਉਂਕਿ ਅਰਨਬ ਦੇ ਨਾਲ ਫਿਰੋਜ਼ ਸ਼ੇਖ ਤੇ ਨਿਤਿਸ਼ ਸ਼ਾਰਦਾ ਨੇ 5.40 ਕਰੋੜ ਰੁਪਏ ਦਾ ਭੁਗਤਾਨ ਨਹੀਂ ਕੀਤਾ ਸੀ। ਫਿਰੋਜ਼ ਤੇ ਨਿਤਿਸ਼ ਵੱਖ-ਵੱਖ ਫਰਮਾਂ ਦੇ ਮਾਲਕ ਹਨ।