ਅਮਨ ਅਰੋੜਾ ਦੀ ਕੈਪਟਨ ਨੂੰ ਅਪੀਲ, ਲੋਕਾਂ ਨੂੰ ਭੰਬਲਭੂਸੇ ‘ਚ ਪਾਉਣ ਦੀ ਥਾਂ ਉਨ੍ਹਾਂ ਦੀ ਮਦਦ ਕਰੋ

0
427

ਚੰਡੀਗੜ੍ਹ . ਵਿਧਾਇਕ ਅਮਨ ਅਰੋੜਾ ਨੇ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਨੂੰ ਅਪੀਲ ਕੀਤੀ ਹੈ ਕਿ ਇਸ ਸੰਕਟ ਭਰੇ ਦੌਰ ਵਿਚ ਉਹ ਪੰਜਾਬ ਦੇ ਸਭ ਛੋਟੇ-ਵੱਡੇ ਵਪਾਰੀਆਂ, ਦੁਕਾਨਦਾਰਾਂ, ਕਾਰੋਬਾਰੀਆਂ ਅਤੇ ਉਨ੍ਹਾਂ ਕੋਲ ਕੰਮ ਕਰਨ ਵਾਲੇ ਕਾਮਿਆਂ ਨੂੰ ਭੰਬਲਭੂਸਾ ਵਿਚ ਪਾਉਣ ਦੀ ਥਾਂ ਉਹਨਾਂ ਦਾ ਸਾਥ ਦੇਣ। ਉਨ੍ਹਾਂ ਨੇ ਕਿਹਾ ਹੈ ਕਿ ਕੈਪਟਨ ਵਿਸ਼ੇਸ਼ ਰਾਹਤਾਂ ਤੇ ਵਿੱਤੀ ਪੈਕੇਜ ਦਾ ਐਲਾਨ ਕਰਨ, ਇਸ ਵੇਲੇ ਗਰੀਬ ਲੋਕਾਂ ਨੂੰ ਦੋ ਵਕਤ ਦੀ ਰੋਟੀ ਦਾ ਫਿਰਕ ਪਿਆ ਹੋਇਆ ਹੈ। ਇਹ ਮਸਲਾ ਸੂਬੇ ਦੀ ਆਰਥਿਕਤਾ ਨਾਲ ਵੀ ਜੁੜਿਆ ਹੋਇਆ ਹੈ। ਉਨ੍ਹਾਂ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਪੱਤਰ ਵਿਚ ਮੰਗ ਕੀਤੀ ਹੈ ਕਿ ਉਹ ਪੰਜਾਬ ਦੇ ਉਦਯੋਗਿਕ ਯੂਨਿਟਾਂ, ਵਪਾਰਕ ਅਦਾਰਿਆਂ, ਦੁਕਾਨਾਂ ਤੇ ਕਾਰੋਬਾਰੀਆਂ ਕੋਲ ਕੰਮ ਕਰਦੇ ਕਰੀਬ 45 ਲੱਖ ਮੁਲਾਜ਼ਮਾਂ ਅਤੇ ਕਾਮਿਆਂ ਨੂੰ ਮੌਜੂਦਾ ਹਾਲਾਤ ‘ਚ ਮਾਸਿਕ ਤਨਖ਼ਾਹ ਬਾਰੇ ਸਰਕਾਰ ਦੀ ਪਹੁੰਚ ਅਤੇ ਮਾਲੀ ਰਾਹਤ ਦੇਣ ਦਾ ਸਪੱਸ਼ਟੀਕਰਨ ਦੇਣ।
ਇਸ ਮੁੱਦੇ ‘ਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਲਿਖੀ ਗਈ ਚਿੱਠੀ ਅਤੇ ਪੰਜਾਬ ਦੇ ਲੇਬਰ ਵਿਭਾਗ ਦੇ ਪ੍ਰਿੰਸੀਪਲ ਸਕੱਤਰ ਦੇ ਦਿਸ਼ਾ-ਨਿਰਦੇਸ਼ਾਂ ਮੁਤਾਬਿਕ ਲੁਧਿਆਣਾ ਦੇ ਡੀਸੀ ਵੱਲੋਂ 11 ਅਪ੍ਰੈਲ 2020 ਨੂੰ ਜਾਰੀ ਪੱਤਰ ਇੱਕ-ਦੂਜੇ ਦੇ ਵਿਰੋਧਾਭਾਸੀ (ਕੰਟਰਾਡਿਕਟਰੀ) ਕਦਮ ਹਨ। ਜਿਸ ਨਾਲ ਗਰੀਬ ਲੋਕਾਂ ਦੀ ਪਰੇਸ਼ਾਨੀ ਵੱਧ ਰਹੀ ਹੈ।
ਉਨ੍ਹਾਂ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਪ੍ਰਧਾਨ ਮੰਤਰੀ ਨੂੰ ਲਿਖੇ ਪੱਤਰ ਰਾਹੀਂ ਕਹਿ ਰਹੇ ਹਨ ਕਿ ਕੇਂਦਰ ਸਰਕਾਰ ਵੱਲੋਂ ਸਾਰੇ ਵਪਾਰਕ ਅਦਾਰਿਆਂ ਨੂੰ ਆਪਣੇ ਮੁਲਾਜ਼ਮਾਂ-ਕਾਮਿਆਂ ਨੂੰ ਸਮੇਂ ਸਿਰ ਪੂਰੀ ਤਨਖ਼ਾਹ ਬਾਰੇ ਜਾਰੀ ਨਿਰਦੇਸ਼ਾਂ ‘ਤੇ ਮੁੜ ਵਿਚਾਰ ਕਰੇ ਕਿਉਂਕਿ ਅਜਿਹੇ ਹਲਾਤਾਂ ‘ਚ ਇਹ ਵਪਾਰਕ ‘ਤੇ ਉਦਯੋਗਿਕ ਯੂਨਿਟ ਦੀਵਾਲੀਆ ਹੋ ਸਕਦੇ ਹਨ।