ਅੰਨਾ ਹਜ਼ਾਰੇ ਦੀ ਕੇਂਦਰ ਸਰਕਾਰ ਨੂੰ ਚਿਤਾਵਨੀ, ਕਿਸਾਨਾਂ ਦੀ ਗੱਲ ਨਾ ਮੰਨੀ ਤਾਂ ਹੋਵੇਗਾ ਜਨ – ਅੰਦੋਲਨ

0
1481

ਨਵੀਂ ਦਿੱਲੀ | ਕੇਂਦਰ ਸਰਕਾਰ ਦੇ ਖੇਤੀ ਕਾਨੂੰਨਾਂ ਖਿਲਾਫ ਕਿਸਾਨ ਪਿਛਲੇ 16 ਦਿਨਾਂ ਤੋਂ ਦਿੱਲੀ ਦੀਆਂ ਸਰਹੱਦਾਂ ‘ਤੇ ਡਟੇ ਹੋਏ ਹਨ ਤੇ ਵਿਰੋਧ ਪ੍ਰਦਰਸ਼ਨ ਕਰ ਰਹੇ ਹਨ। ਹੁਣ ਉਨ੍ਹਾਂ ਨੂੰ ਸਮਾਜਿਕ ਕਾਰਕੁੰਨ ਅੰਨਾ ਹਜਾਰੇ ਦਾ ਵੀ ਸਮਰਥਨ ਮਿਲ ਗਿਆ ਹੈ। 80 ਸਾਲਾ ਅੰਨਾ ਹਜਾਰੇ ਨੇ ਕਿਸਾਨਾਂ ਦੇ ਸਮਰਥਨ ‘ਚ ਕੇਂਦਰ ਸਰਕਾਰ ਨੂੰ ਚੇਤਾਵਨੀ ਦਿੱਤੀ ਹੈ। ਉਨ੍ਹਾਂ ਕਿਹਾ ਕਿ ਜੇਕਰ ਕਿਸਾਨਾਂ ਦੀਆਂ ਮੰਗਾਂ ਪੂਰੀਆਂ ਨਾ ਹੋਈਆਂ ਤਾਂ ਉਹ ਜਨ ਅੰਦੋਲਨ ਕਰਨਗੇ।

ਕਿਸਾਨਾਂ ਦੀਆਂ ਮੰਗਾਂ ‘ਤੇ ਮੇਰਾ ਪੂਰਾ ਸਮਰਥਨ

ਕਿਸਾਨਾਂ ਦੇ ਸਮਰਥਨ ‘ਚ ਅੰਨਾ ਹਜਾਰੇ ਨੇ ਕਿਹਾ ਕਿ ਤਤਕਾਲੀ ਕਾਂਗਰਸ ਸਰਕਾਰ ਨੂੰ ਲੋਕਪਾਲ ਅੰਦੋਲਨ ਦੌਰਾਨ ਹਿਲਾ ਦਿੱਤਾ ਸੀ। ਮੈਂ ਇਨ੍ਹਾਂ ਕਿਸਾਨਾਂ ਦੇ ਵਿਰੋਧ ਨੂੰ ਵੀ ਉਸੇ ਤਰਜ਼ ‘ਤੇ ਦੇਖ ਰਿਹਾ ਹਾਂ। ਕਿਸਾਨਾਂ ਵੱਲੋਂ ਕੀਤੇ ਭਾਰਤ ਬੰਦ ਦੇ ਦਿਨ ਮੈਂ ਰਾਲੇਗਣ-ਸਿੱਧੀ ‘ਚ ਆਪਣੇ ਪਿੰਡ ‘ਚ ਇਕ ਦਿਨ ਦਾ ਵਰਤ ਰੱਖਿਆ ਸੀ ਤੇ ਕਿਸਾਨਾਂ ਦੀਆਂ ਮੰਗਾਂ ਨੂੰ ਮੇਰਾ ਪੂਰਾ ਸਮਰਥਨ ਹੈ।

ਅੰਨਾ ਨੇ ਕੇਂਦਰ ਸਰਕਾਰ ਨੂੰ ਚੇਤਾਵਨੀ ਦਿੰਦਿਆਂ ਕਿਹਾ ਕਿ ਜੇਕਰ ਸਰਕਾਰ ਕਿਸਾਨਾਂ ਦੀਆਂ ਮੰਗਾਂ ਨਹੀਂ ਮੰਨਦੀ ਤਾਂ ਮੈਂ ਇਕ ਵਾਰ ਫਿਰ ਜਨ ਅੰਦੋਲਨ ਲਈ ਬੈਠਾਂਗਾ ਜੋ ਲੋਕਪਾਲ ਅੰਦੋਲਨ ਦੇ ਬਰਾਬਰ ਹੀ ਹੋਵੇਗਾ। ਇਸ ਤੋਂ ਪਹਿਲਾਂ ਉਨ੍ਹਾਂ ਭਾਰਤ ਬੰਦ ਦੇ ਦਿਨ ਇਕ ਰਿਕਾਰਡਡ ਸੰਦੇਸ਼ ‘ਚ ਕਿਹਾ ਸੀ ਕਿ ਮੈਂ ਦੇਸ਼ ਦੇ ਲੋਕਾਂ ਨੂੰ ਅਪੀਲ ਕਰਦਾ ਹਾਂ, ਦਿੱਲੀ ‘ਚ ਜੋ ਅੰਦੋਲਨ ਚੱਲ ਰਿਹਾ ਹੈ, ਉਹ ਪੂਰੇ ਦੇਸ਼ ‘ਚ ਚੱਲਣਾ ਚਾਹੀਦਾ ਹੈ। ਸਰਕਾਰ ‘ਤੇ ਦਬਾਅ ਪਾਉਣ ਲਈ ਅਜਿਹੀ ਸਥਿਤੀ ਬਣਾਉਣ ਦੀ ਲੋੜ ਹੈ। ਇਸ ਲਈ ਸੜਕਾਂ ‘ਤੇ ਉੱਤਰਣਾ ਹੋਵੇਗਾ ਪਰ ਕੋਈ ਵੀ ਹਿੰਸਾ ਨਾ ਕਰੇ।