ਅੰਮ੍ਰਿਤਸਰ | ਇਥੋਂ ਇਕ ਘਟਨਾ ਸਾਹਮਣੇ ਆਈ ਹੈ। ਸ਼ਹਿਰ ਦੇ ਨਾਮਵਰ ਸਕੂਲ ਦੇ 6ਵੀਂ ਜਮਾਤ ਦੇ ਵਿਦਿਆਰਥੀ ਅਨੁਰਾਗ ਕੁਮਾਰ ਨੇ ਸ਼ੁੱਕਰਵਾਰ ਦੁਪਹਿਰ ਨੂੰ ਕੋਈ ਜ਼ਹਿਰੀਲੀ ਗੋਲੀ ਨਿਗਲ ਲਈ। ਬੱਚੇ ਦੀ ਹਾਲਤ ਗੰਭੀਰ ਬਣੀ ਹੋਈ ਹੈ ਅਤੇ ਉਸ ਨੂੰ ਇਕ ਨਿੱਜੀ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ ਹੈ। ਬੱਚੇ ਦੇ ਪਿਤਾ ਜੈਰਾਮ ਨੇ ਦੱਸਿਆ ਕਿ ਉਸ ਨੂੰ ਹਸਪਤਾਲ ਲਿਜਾਂਦੇ ਸਮੇਂ ਅਨੁਰਾਗ ਨੇ ਕਿਹਾ ਕਿ ਉਸਨੇ ਕਲਾਸ ਰੂਮ ਵਿਚ ਹੀ ਇਕ ਅਲਮਾਰੀ ਵਿਚ ਰੱਖੀ ਗੋਲੀ ਖਾ ਲਈ, ਜਿਸ ਤੋਂ ਬਾਅਦ ਉਸਦੀ ਤਬੀਅਤ ਵਿਗੜ ਗਈ।
ਬੱਚਾ ਆਪਣੇ ਪਿਤਾ ਨੂੰ ਜਵਾਬ ਨਹੀਂ ਦੇ ਸਕਿਆ ਕਿ ਕਲਾਸ ਵਿਚ ਉਹ ਪਦਾਰਥ ਕਿੱਥੋਂ ਆਇਆ। ਪੀੜਤ ਪਰਿਵਾਰ ਦਾ ਦੋਸ਼ ਹੈ ਕਿ ਸਕੂਲ ‘ਚ ਸੁਰੱਖਿਆ ਦਾ ਕੋਈ ਪ੍ਰਬੰਧ ਨਹੀਂ ਹੈ, ਜਿਸ ਕਾਰਨ ਇਹ ਘਟਨਾ ਵਾਪਰੀ ਹੈ। ਪੁਲਿਸ ਮੌਕੇ ‘ਤੇ ਪਹੁੰਚੀ, ਫਿਲਹਾਲ ਜਾਂਚ ਕੀਤੀ ਜਾ ਰਹੀ ਹੈ ਕਿ ਉਕਤ ਦਵਾਈ ਕਲਾਸ ਰੂਮ ਤਕ ਕਿਵੇਂ ਪਹੁੰਚੀ।